ਮੁਹੱਲਾ ਕਲੀਨਿਕਾਂ ‘ਚ ਤਾਇਨਾਤ ਸਟਾਫ਼ ਦੇ ਦਿੱਤੇ ਜਾਂਦੇ ਅਸਤੀਫੇ, ਭਗਵੰਤ ਮਾਨ ਸਰਕਾਰ ਦੇ ਦਿੱਲੀ ਮਾਡਲ ਦਾ ਫਲਾਪ ਸ਼ੋਅ: ਜੀਵਨ ਗੁਪਤਾ

0
26

 

ਆਪ ਨੇਤਾ ਸਮਝ ਰਹੇ ਜਨਤਾ ਨੂੰ ਗਾਜਰ-ਮੂਲੀ ਅਤੇ ਵਿਭਾਗਾਂ ਨੂੰ ਆਪਣੇ ਪਿਤਾ ਦੀ ਜਾਗੀਰ: ਗੁਪਤਾ

ਮਾਨ ਸਰਕਾਰ ਦੇ ਆਗੂ ਖੁਦ ਨੂੰ ਸਮਝਦੇ ਹਨ ਕਾਨੂੰਨ ਤੋਂ ਉਪਰ, ਉੱਡਾ ਰਹੇ ਹਨ ਧੱਜੀਆਂ: ਜੀਵਨ ਗੁਪਤਾ

ਚੰਡੀਗੜ੍ਹ/ ਅੰਮ੍ਰਿਤਸਰ, 27 ਅਗਸਤ (ਰਾਜਿੰਦਰ ਧਾਨਿਕ ) : ਭਗਵੰਤ ਮਾਨ ਸਰਕਾਰ ਦੇ ਵਿਧਾਇਕਾਂ ਵੱਲੋਂ ਆਪਣੇ ਵਾਹਨਾਂ ‘ਤੇ ਵੀ.ਆਈ.ਪੀ. ਨੰਬਰ ਨਾਜਾਇਜ ਰੂਪ ‘ਚ ਲਾਉਣ ‘ਤੇ ਸਖ਼ਤ ਨੋਟਿਸ ਲੈਂਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ‘ਚ ਆਪ ਸਰਕਾਰ ਬਣਨ ‘ਤੋਂ ਬਾਅਦ ਉਨ੍ਹਾਂ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਦੇ ਦਿਮਾਗ ਵਿੱਚ ਸੱਤਾ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਅੰਮ੍ਰਿਤਸਰ ਦੀ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਤੋਂ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਨੰਬਰ ਪੀ.ਬੀ.02-ਈ.ਐਚ.-0039 ਨੂੰ ਨਿਲਾਮੀ ‘ਚ ਖਰੀਦੇ ਬਿਨਾਂ ਆਪਣੀ ਨਿੱਜੀ ਗੱਡੀ ‘ਤੇ ਜ਼ਬਰਦਸਤੀ ਲਗਾ ਲਿਆ ਹੈI ਜਦਕਿ ਇਹ ਨੰਬਰ 25 ਅਗਸਤ ਨੂੰ ਐਡਵੋਕੇਟ ਮਨਿੰਦਰ ਸਿੰਘ ਵੱਲੋਂ 12,500 ਰੁਪਏ ਵਿੱਚ ਨਿਲਾਮੀ ਵਿੱਚ ਖਰੀਦਿਆ ਗਿਆ ਸੀ। ਹਾਲਾਂਕਿ ਅਜੇ ਤੱਕ ਫੀਸ ਜਮ੍ਹਾ ਨਹੀਂ ਕਰਵਾਈ ਗਈ ਹੈ। ਦੱਸਣਯੋਗ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਐਡਵੋਕੇਟ ਮਨਿੰਦਰ ਸਿੰਘ ਨੂੰ ਤਿੰਨ ਦਿਨ ਪਹਿਲਾਂ ਸਹਾਇਕ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ। ਗੁਪਤਾ ਨੇ ਕਿਹਾ ਕਿ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਆਪਣੇ ਵਾਹਨ ‘ਤੇ ਉਦੋਂ ਤੱਕ ਨੰਬਰ ਪਲੇਟ ਨਹੀਂ ਲਗਾ ਸਕਦਾ ਜਦੋਂ ਤੱਕ ਟਰਾਂਸਪੋਰਟ ਵਿਭਾਗ ਦੀ ਕਾਰਵਾਈ ਪੂਰੀ ਨਹੀਂ ਹੋ ਜਾਂਦੀ। ਜੇਕਰ ਨੰਬਰ ਫੈਂਸੀ ਹੈ ਤਾਂ ਬੋਲੀ ਤੋਂ ਬਾਅਦ ਵਿਭਾਗੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਨੰਬਰ ਜਾਰੀ ਹੋਣ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ। ਪਰ ਆਪ ਵਿਧਾਇਕ ਅਤੇ ਆਗੂ ਆਪਣੇ ਆਪ ਨੂੰ ਕਾਨੂੰਨ ਤੋਂ ਉਪਰ ਸਮਝਣ ਲੱਗ ਪਏ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਆਪ ਆਗੂ ਸੂਬੇ ਦੇ ਲੋਕਾਂ ਨਾਲ ਗਾਜਰ-ਮੂਲੀ ਅਤੇ ਵਿਭਾਗਾਂ ਨੂੰ ਆਪਣੇ ਪਿਤਾ ਦੀ ਜਾਗੀਰ ਸਮਝ ਰਹੇ ਹਨ, ਇਸ ਲਈ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਅਣਮਨੁੱਖੀ ਸਲੂਕ ਕਰ ਰਹੇ ਹਨ। ਜਿਸ ਕਾਰਨ ਵਿਭਾਗਾਂ ਦੇ ਉੱਚ ਅਧਿਕਾਰੀ ਆਪ ਨੇਤਾਵਾਂ ਦੀਆਂ ਮਨਮਾਨੀਆਂ ਤੋਂ ਤੰਗ ਆ ਕੇ ਅਸਤੀਫੇ ਦੇ ਰਹੇ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਇਹ ਹਾਲਤ ਵਿਭਾਗਾਂ ਦਾ ਹੀ ਨਹੀਂ, ਸਗੋਂ ਮੁਹੱਲਾ ਕਲੀਨਿਕਾਂ ਵਿੱਚ ਤਾਇਨਾਤ ਸਟਾਫ ਦੀ ਵੀ ਹੈ। ਪਹਿਲਾਂ ਤੋਂ ਚੱਲ ਰਹੇ ਹਸਪਤਾਲਾਂ ਅਤੇ ਡਿਸਪੈਂਸਰੀਆਂ ਨੂੰ ਸਹੂਲਤਾਂ ਦੇਣ ਦੀ ਬਜਾਏ ਭਗਵੰਤ ਮਾਨ ਸਰਕਾਰ ਨੇ 15 ਅਗਸਤ ਨੂੰ ਮੁਹੱਲਾ ਕਲੀਨਿਕ ਖੋਲ੍ਹ ਕੇ ਇਸ ਦੀ ਪ੍ਰਮੋਸ਼ਨ ‘ਤੇ ਪੈਸਾ ਬਰਬਾਦ ਕੀਤਾ। ਛਾਤੀ ਪਿੱਟ-ਪਿੱਟ ਕੇ ਦਿੱਲੀ ਮਾਡਲ ਦੀ ਦੁਹਾਈ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਦਿੱਲੀ ਵਿੱਚ ਮੁਹੱਲਾ ਕਲੀਨਿਕ ਫੇਲ੍ਹ ਹੋ ਚੁੱਕੇ ਹਨ ਅਤੇ ਪੰਜਾਬ ਵਿੱਚ ਵੀ ਇਹੀ ਹਾਲ ਹੋ ਗਿਆ ਹੈ। 15 ਅਗਸਤ ਤੋਂ 27 ਅਗਸਤ ਤੱਕ ਕਈ ਜ਼ਿਲ੍ਹਿਆਂ ਵਿੱਚ ਮੁਹੱਲਾ ਕਲੀਨਿਕਾਂ ਵਿੱਚ ਤਾਇਨਾਤ ਡਾਕਟਰਾਂ ਅਤੇ ਸਟਾਫ਼ ਨੇ ਆਪਣੇ ਅਸਤੀਫ਼ੇ ਦੇ ਦਿੱਤੇ ਹਨ। ਬਠਿੰਡਾ ਵਿੱਚ ਮੁਹੱਲਾ ਕਲੀਨਿਕ ਸ਼ੁਰੂ ਹੋਣ ਤੋਂ ਪੰਜ ਦਿਨ ਬਾਅਦ ਦੋ ਕਲੀਨਿਕਾਂ ਵਿੱਚੋਂ ਇੱਕ ਡਾਕਟਰ ਤੇ ਦੋ ਫਾਰਮਾਸਿਸਟਾਂ ਨੇ ਅਸਤੀਫ਼ਾ ਦਿੱਤਾ, ਤਪਾ ਮੰਡੀ ਦੇ ਪਿੰਡ ਉਗੋਕੇ ਵਿੱਚ ਮੁਹੱਲਾ ਕਲੀਨਿਕ ਵਿੱਚ ਤਾਇਨਾਤ ਡਾਕਟਰ ਨੇ ਅਸਤੀਫ਼ਾ ਦਿੱਤਾ, ਭਦੌੜ ਦੇ ਕਲੀਨਿਕ ਵਿੱਚ ਤਾਇਨਾਤ ਆਰਥੋ ਐਮ.ਐਸ. ਸਰਜਨ ਡਾਕਟਰ ਦਾ ਅਸਤੀਫਾ, ਰਾਮਾ ਮੰਡੀ ਸਥਿਤ ਮੁਹੱਲਾ ਕਲੀਨਿਕ ਦੇ ਡਾਕਟਰ ਦਾ ਅਸਤੀਫਾ, ਤਲਵੰਡੀ ਸਾਬੋ ਦੇ ਮੁਹੱਲਾ ਕਲੀਨਿਕ ਦੇ ਦੋ ਫਾਰਮਾਸਿਸਟਾਂ ਦੇ ਅਸਤੀਫੇ ਸਮੇਤ ਅਜਿਹੇ ਹੋਰ ਕਈ ਮਾਮਲੇ ਹਨ। ਪਰ ਪੰਜਾਬ ਸਰਕਾਰ ਜਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲ ਇਨ੍ਹਾਂ ਅਸਤੀਫ਼ਿਆਂ ਬਾਰੇ ਕੋਈ ਜਵਾਬ ਨਹੀਂ ਹੈ। ਗੁਪਤਾ ਨੇ ਕਿਹਾ ਕਿ ਪੰਜ ਦਿਨਾਂ ਵਿੱਚ ਅਜਿਹਾ ਕੀ ਹੋ ਗਿਆ ਕਿ ਸਟਾਫ਼ ਅਸਤੀਫ਼ੇ ਦੇ ਰਿਹਾ ਹੈ, ਉਨ੍ਹਾਂ ਨੂੰ ਖ਼ੁਦ ਸਮਝ ਨਹੀਂ ਆ ਰਿਹਾ। ਇਸ ਦਾ ਸਪੱਸ਼ਟ ਕਾਰਨ ਇਹੀ ਹੈ ਕਿ ਭਗਵੰਤ ਮਾਨ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਅੰਤਰ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਪੰਜ ਮਹੀਨਿਆਂ ਦੇ ਸ਼ਾਸਨ ਦੌਰਾਨ ਸੂਬੇ ਦੀ ਜਨਤਾ ਹਾਹਾਕਾਰ ਕਰ ਉਠੀ ਹੈ। ਲੋਕ ਹੁਣ ਆਪਣੀ ਗਲਤ ਚੋਣ ‘ਤੇ ਪਛਤਾ ਰਹੇ ਹਨ ਅਤੇ ਹੁਣ ਪੰਜਾਬ ਦੇ ਭਵਿੱਖ ਲਈ ਭਾਜਪਾ ਨੂੰ ਬਦਲ ਵਜੋਂ ਚੁਣ ਚੁੱਕੇ ਹਨ।

NO COMMENTS

LEAVE A REPLY