ਇਨਸਾਨ ਨੂੰ ਸਮਾਜ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ-ਡਿਪਟੀ ਕਮਿਸ਼ਨਰ
ਬੁਢਲਾਡਾ, 22 ਅਗਸਤ :-(ਦਵਿੰਦਰ ਸਿੰਘ ਕੋਹਲੀ)-ਸਮਾਜਸੇਵੀ ਸੰਸਥਾ ਬੇਗਮਪੁਰਾ ਵੈਲਫੇਅਰ ਸੁਸਾਇਟੀ(ਰਜਿ) ਆਲਮਪੁਰ ਮੰਦਰਾਂ ਵੱਲੋਂ ਮਾਨਵਤਾ ਭਲਾਈ ਲਈ ਸ੍ਰੀ ਗੁਰੁ ਰਵਿਦਾਸ ਮੰਦਰ ਵਿਖੇ ਅੱਖਾਂ ਦਾ ਵਿਸ਼ਾਲ ਚੈਕਅੱਪ ਕੈਂਪ ਲਗਾਇਆ ਗਿਆ, ਜਿੱਥੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਰਸਮੀ ਤੌਰ ਤੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਬੇਗਮਪੁਰਾ ਵੈਲਫੇਅਰ ਸੁਸਾਇਟੀ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਕਾਬਲੇ ਤਾਰੀਫ ਹਨ ਉਨ੍ਹਾਂ ਕਿਹਾ ਕਿ ਇਨਸਾਨ ਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਸਮਾਜ ਸੇਵਾ ਵਿਚ ਯੋਗਦਾਨ ਪਾਉਂਦੇ ਰਹਿਣਾ ਚਾਹੀਂਦਾ ਹੈ। ਇਨਸਾਨੀਅਤ ਦੀ ਸੇਵਾ ਤੋ ਵੱਡਾ ਹੋਰ ਕੋਈ ਕਰਮ ਧਰਮ ਨਹੀ, ਮਰਨ ਉਪਰੰਤ ਅੱਖਾਂ ਅਤੇ ਸਰੀਰਦਾਨ ਕਰਨਾ ਵੀ ਪਰਿਵਾਰਾਂ ਲਈ ਇੱਕ ਬਹੁਤ ਵੱਡਾ ਅਤੇ ਪ੍ਰੇਰਨਾਂਦਾਇਕ ਕਦਮ ਹੈ।
ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ.ਰਣਜੀਤ ਰਾਏ ਇੰਚਾਰਜ ਸਿਵਲ ਸਰਜਨ ਮਾਨਸਾ ਨੇ ਬੇਗਮਪੁਰਾ ਵੈਲਫੇਅਰ ਸੁਸਾਇਟੀ ਦੇ ਕਾਰਜਾਂ ਦੀ ਪ੍ਰਸੰਸਾਂ ਕਰਦਿਆ ਸੁਸਾਇਟੀ ਦੇ ਸੇਵਾਦਾਰਾਂ ਅਤੇ ਹਾਜਰ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਕੇ ਸਮਾਜ ਭਲਾਈ ਦੇ ਕਾਰਜਾਂ ਲਈ ਤਤਪਰ ਰਹਿਣ ਲਈ ਪ੍ਰੇਰਿਤ ਕੀਤਾ।
ਕੈਂਪ ਦੌਰਾਨ ਡਾ.ਪਿਯੂਸ਼ ਗੋਇਲ ਆਈ ਸਰਜਨ ਸਿਵਲ ਹਸਪਤਾਲ ਸਰਦੂਲਗੜ੍ਹ ਨੇ 374 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ। ਚੈੱਕਅੱਪ ਦੌਰਾਨ ਚਿੱਟੇ ਮੋਤੀਏ ਤੋਂ ਪੀੜਤ 40 ਮਰੀਜ਼ਾਂ ਨੂੰ ਆਪ੍ਰੇਸ਼ਨਾਂ ਲਈ ਚੁਣਿਆ ਗਿਆ। ਇਸ ਮੌਕੇ ਬੋਹਾ ਅਤੇ ਬੁਢਲਾਡਾ ਦੇ ਖੇਤਰ ਵਿੱਚੋਂ ਮੈਡੀਕਲ ਖੋਜਾਂ ਲਈ ਸਰੀਰ ਦਾਨ ਕਰਨ ਵਾਲੇ 16 ਮਹਾਂਦਾਨੀਆਂ ਦੇ ਪਰਿਵਾਰਾਂ ਨੂੰ ਡਿਪਟੀ ਕਮੀਸ਼ਨਰ ਵੱਲੋਂ ਸਨਮਾਨ ਚਿੰਨ ਅਤੇ ਲੋਈ ਦੇਕੇ ਸਨਮਾਨਿਤ ਕੀਤਾ ਗਿਆ।
ਕੈਂਪ ਤੋਂ ਪਹਿਲਾਂ ਸੰਤ ਬਾਬਾ ਰਾਜ ਸਿੰਘ ਜੀ ਸ਼ੇਰਗੜ੍ਹ ਚੀਮਾਂ ਵਾਲਿਆਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਕੈਂਪ ਨੂੰ ਸਫਲ ਬਨਾਉਣ ਵਿੱਚ ਸੁਸਾਇਟੀ ਦੇ ਕੁਆਡੀਨੇਟਰ ਕਮ ਪ੍ਰਧਾਨ ਤਰਸੇਮ ਸਿੰਘ ਜਨਾਗਲ,ਸ੍ਰੀ ਤੀਰਥ ਤੋਂਗਰੀਆ ਪ੍ਰਧਾਨ ਬੀ.ਡੀ.ਐਸ.ਏ.ਪੰਜਾਬ,ਫੌਜੀ ਰਾਮਪਾਲ ਸਿੰਘ ਛੀਨਾਂ,ਗੁਰਬਾਜ ਸਿੰਘ ਭੁੰਦੜ,ਰਾਮਫਲ ਬਾਦਲਗੜ੍ਹ,ਸਿੰਗਾਰਾ ਸਿੰਘ ਅਤੇ ਸੁੱਖਾ ਸਿੰਘ ਬੱਲੋਂ,ਹਰਦੇਵ ਸਿੰਘ ਉੱਤਰ ਰੇਲਵੇ, ਪ੍ਰੇਮ ਸਿੰਘ ਮਿਸਤਰੀ, ਮਲਕੀਤ ਪੇਂਟਰ,ਅਰਸ਼ਦੀਪ ਅਰਸ਼ੀ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।