ਸਿੱਧੂ ਮੂਸੇਵਾਲਾ ਕਤਲ ਕਾਂਡ ਮਾਨਸਾ ਪੁਲਿਸ ਨੇ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕਰਨ ਦੀ ਕੀਤੀ ਤਿਆਰੀ

0
24

ਮੁਲਜਮਾਂ ਨੂੰ ਦਿਵਾਈ ਜਾਵੇਗੀ ਸਖਤ ਤੋਂ ਸਖਤ ਸਜਾ : ਐੱਸ.ਐੱਸ.ਪੀ ਤੂਰਾ
ਬੁਢਲਾਡਾ, 20 ਅਗਸਤ (ਦਵਿੰਦਰ ਸਿੰਘ ਕੋਹਲੀ) —- ਬਹੁ-ਚਰਚਿਤ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਮਾਨਸਾ ਪੁਲਿਸ ਨੇ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕਰਨ ਦੀ ਤਿਆਰੀ ਕਰ ਲਈ ਹੈ। ਇਸ ਕਤਲ ਕਾਂਡ ਦੇ ਮੁੱਖ ਮੁਲਜਮ ਲਾਰੈਂਸ ਬਿਸ਼ਨੋਈ ਸਮੇਤ ਦਰਜਨਾਂ ਹੋਰ ਸ਼ੂਟਰਾਂ ਦੇ ਨਾਮ ਜੋੜੇ ਗਏ ਹਨ। ਇਸ ਚਾਰਜਸ਼ੀਟ ਵਿੱਚ ਦਰਜਨਾਂ ਗਵਾਹਾਂ ਦੇ ਬਿਆਨ ਵੀ ਦਰਜ ਹਨ। ਮਾਨਸਾ ਦੇ ਪਿੰਡ ਮੂਸਾ ਦੇ ਰਹਿਣ ਵਾਲੇ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸੰਬੰਧੀ ਐੱਸ.ਐੱਸ.ਪੀ ਮਾਨਸਾ ਗੌਰਵ ਤੂਰਾ ਨੇ ਅੱਜ ਪੁਲਿਸ ਅਧਿਕਾਰੀਆਂ ਨਾਲ ਲੰਮੀ ਵਿਚਾਰ ਚਰਚਾ ਕਰਨ ਤੋਂ ਬਾਅਦ ਇਹ ਚਾਰਜਸ਼ੀਟ ਪੇਸ਼ ਕਰਨ ਲਈ ਤਿਆਰੀ ਕੀਤੀ ਹੈ। ਐੱਸ.ਐੱਸ.ਪੀ ਮਾਨਸਾ ਗੋਰਵ ਤੂਰਾ ਨੇ ਦੱਸਿਆ ਕਿ ਇਸ ਚਾਰਜਸ਼ੀਟ ਵਿੱਚ ਕਤਲ ਦੇ ਮੁਲਜਮਾਂ ਸਮੇਤ ਹੋਰ ਵਿਅਕਤੀ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਹ ਚਾਰਜਸ਼ੀਟ ਜਲਦੀ ਹੀ ਅਦਾਲਤ ਮਾਨਸਾ ਵਿੱਚ ਪੇਸ਼ ਕੀਤੀ ਜਾਵੇਗੀ। ਵੈਸੇ ਇਸ ਚਾਰਜਸ਼ੀਟ ਨੂੰ ਪੇਸ਼ ਕਰਨ ਲਈ 90 ਦਿਨ ਹੁੰਦੇ ਹਨ। ਪਰ ਮਾਨਸਾ ਪੁਲਿਸ ਨੇ ਇਸ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਇਸ ਕਤਲ ਕਾਂਡ ਦੇ ਮੁਲਜਮ ਦੀਪਕ ਮੁੰਡੀ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚਲਾਨ ਪੇਸ਼ ਕਰਨ ਤੋਂ ਬਾਅਦ ਇਸ ਮਾਮਲੇ ਦੀ ਤਫਤੀਸ਼ ਜਾਰੀ ਰਹੇਗੀ। ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਉਸ ਖੇਤਰ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਛਾਣਬੀਣ ਕੀਤੀ ਜਾ ਰਹੀ ਹੈ। ਜੇਕਰ ਕੋਈ ਵਿਅਕਤੀ ਉਨ੍ਹਾਂ ਵਿੱਚ ਸਿੱਧੂ ਦੀ ਰੇਕੀ ਆਦਿ ਕਰਨ ਲਈ ਜਿੰਮੇਵਾਰ ਪਾਇਆ ਗਿਆ ਤਾਂ ਉਸ ਨੂੰ ਤਫਤੀਸ਼ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਵੱਲੋਂ ਮੁਲਜਮਾਂ ਨੂੰ ਸਖਤ ਸਜਾ ਦਿਵਾਉਣ ਲਈ ਕਾਨੂੰਨੀ ਮਸ਼ਵਰੇ ਲਏ ਜਾ ਰਹੇ ਹਨ। ਜਿਸ ਨੂੰ ਲੈ ਕੇ ਚਾਰਜਸ਼ੀਟ ਤਿਆਰ ਕੀਤੀ ਗਈ ਹੈ।

NO COMMENTS

LEAVE A REPLY