ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਅਮਨ ਅਤੇ ਭਾਈਚਾਰਕ ਮਾਹੌਲ ਨੂੰ ਅੱਗ ਲਾਉਣ ਦੀ ਕਰ ਰਹੇ ਹਨ ਕੋਸ਼ਿਸ਼: ਜੀਵਨ ਗੁਪਤਾ

0
22

 

ਚੰਡੀਗੜ੍ਹ, ਅੰਮ੍ਰਿਤਸਰ 20 ਅਗਸਤ (ਪਵਿੱਤਰ ਜੋਤ ):  ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਵਾਰ-ਵਾਰ ਦੇਸ਼ ਅਤੇ ਕੌਮੀ ਝੰਡੇ ਵਿਰੁੱਧ ਕੀਤੀਆਂ ਜਾ ਰਹੀਆਂ ਵਿਵਾਦਤ ਟਿੱਪਣੀਆਂ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਮਾਨ ਦੇ ਬਿਆਨਾਂ ਨੂੰ ਅਪਮਾਨਜਨਕ ਅਤੇ ਸ਼ਰਮਨਾਕ ਕਰਾਰ ਦਿੱਤਾ ਹੈ। ਗੁਪਤਾ ਨੇ ਕਿਹਾ ਕਿ ਜੇਕਰ ਸਿਮਰਨਜੀਤ ਸਿੰਘ ਮਾਨ ਨੂੰ ਕੌਮੀ ਝੰਡੇ ਅਤੇ ਤਿਰੰਗੇ ਤੋਂ ਐਨੀ ਨਫ਼ਰਤ ਹੈ, ਤਾਂ ਉਸ ਨੇ ਭਾਰਤ ਦੇ ਸੰਵਿਧਾਨ ਅਨੁਸਾਰ ਤਿਰੰਗੇ ਦੇ ਸਾਹਮਣੇ ਸਹੁੰ ਕਿਉਂ ਚੁੱਕੀ? ਗੁਪਤਾ ਨੇ ਕਿਹਾ ਕਿ ਸਿਮਰਨਜੀਤ ਮਾਨ ਨੇ ਹਿੰਦੁਸਤਾਨ ਦੇ ਸੰਵਿਧਾਨ ਮੁਤਾਬਿਕ ਚੋਣ ਲੜੀ ਅਤੇ ਉਹਨਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੇ ਆਪਣੀ ਵੋਟ ਦੀ ਤਾਕਤ ਨਾਲ ਚੁਣ ਕੇ ਪਾਰਲੀਮੈਂਟ ਵਿੱਚ ਭੇਜਿਆ ਹੈ ਅਤੇ ਮਾਨ ਨੇ ਭਾਰਤ ਦੇ ਕੌਮੀ ਸੰਵਿਧਾਨ ਅਨੁਸਾਰ ਤਿਰੰਗੇ ਅੱਗੇ ਸਹੁੰ ਚੁੱਕੀ ਹੈ।
ਸਿਮਰਨਜੀਤ ਮਾਨ ਵੱਲੋਂ ਦੇਸ਼ ਦੀ ਅਜ਼ਾਦੀ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਪੰਜਾਬ ਦੇ ਮਹਾਨ ਸਪੂਤ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ‘ਤੇ ਜੀਵਨ ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਮ ‘ਤੇ ਜਨਤਾ ਕੋਲੋਂ ਵੋਟ ਮੰਗ ਕੇ ਪੰਜਾਬ ਵਿੱਚ ਸਰਕਾਰ ਬਣਾਈ ਹੈI ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਭਗਤ ਸਿੰਘ ਵਾਂਗ ਪੱਗ ਬੰਨਣ ਨਾਲ ਕੁਝ ਨਹੀਂ ਹੋਵੇਗਾ, ਉਨ੍ਹਾਂ ਨੂੰ ਉਸ ਦੇ ਰਾਹ ‘ਤੇ ਚੱਲ ਕੇ ਉਸ ਦੀ ਸੋਚ ਅਨੁਸਾਰ ਫੈਸਲੇ ਵੀ ਲੈਣੇ ਪੈਣਗੇ। ਸ਼ਹੀਦੇ ਆਜ਼ਮ ਭਗਤ ਸਿੰਘ ਦਾ ਅਪਮਾਨ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ, ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਮਰਨਜੀਤ ਸਿੰਘ ਮਾਨ ਖਿਲਾਫ ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ? ਮਾਨ ਵੱਲੋਂ ਹਵਾਈ ਜਹਾਜ ਵਿੱਚ ਜਨੇਊ ਪਾ ਕੇ ਸਫ਼ਰ ਕਰਨ ਦੇ ਸਵਾਲ ’ਤੇ ਜੀਵਨ ਗੁਪਤਾ ਨੇ ਕਿਹਾ ਕਿ ਮਾਨ ਨੇ ਸਿਧੇ ਰੂਪ ‘ਚ ਜਨੇਊ ਨੂੰ ਆਧਾਰ ਬਣਾ ਕੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ‘ਤੇ ਹਮਲਾ ਕੀਤਾ ਹੈI ਮਾਨ ਅਜਿਹੇ ਬਿਆਨ ਦੇ ਕੇ ਹਿੰਦੂ-ਸਿੱਖਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਸਿਮਰਨਜੀਤ ਮਾਨ ਪੰਜਾਬ ਅਤੇ ਪੰਜਾਬੀਅਤ ਵਿਰੁੱਧ ਵਿਵਾਦਿਤ ਬਿਆਨ ਦੇ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰਕੇ ਹਿੰਸਾ ਦੇ ਰਾਹ ‘ਤੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਨ ਆਪਣੇ ਵਿਵਾਦਿਤ ਬਿਆਨਾਂ ਨਾਲ ਪੰਜਾਬ ਦੀ ਹਿੰਦੂ-ਸਿੱਖ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਸਿਮਰਨਜੀਤ ਮਾਨ ਪੰਜਾਬ ‘ਚ ਕਾਲੇ ਦੌਰ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਨੇ ਪਹਿਲਾਂ ਹੀ ਕਾਲੇ ਦੌਰ ਦੌਰਾਨ ਬਹੁਤ ਸੰਤਾਪ ਝੱਲਿਆ ਹੈ ਅਤੇ ਬੜੀ ਮੁਸ਼ਕਲ ਨਾਲ ਪੰਜਾਬ ਉਸ ਕਾਲੇ ਦੌਰ ਵਿੱਚੋਂ ਬਾਹਰ ਆਇਆ ਹੈ।
ਜੀਵਨ ਗੁਪਤਾ ਨੇ ਸਿਮਰਨਜੀਤ ਸਿੰਘ ਮਾਨ ਨੂੰ ਅੱਡੇ ਹਥੀਂ ਲੈਂਦਿਆਂ ਕਿਹਾ ਕਿ 11 ਅਪ੍ਰੈਲ 1979 ਨੂੰ ਸਿਮਰਨਜੀਤ ਮਾਨ ਨੇ ਫਰੀਦਕੋਟ ਦੇ ਗੁਰਦੁਆਰੇ ‘ਚ ਨਿਹੱਥੇ ਨਿਹੰਗਾਂ ‘ਤੇ ਗੋਲੀਆਂ ਚਲਾਈਆਂ ਸਨ, ਜਿਸ ਦਾ ਦੋਸ਼ ਉਹਨਾਂ ਸਿਰ ਲੱਗਾ ਸੀ। ਜੋ ਖੁਦ ਨਿਹੰਗ ਸਿਘਾਂ ਦਾ ਕਾਤਲ ਹੈ, ਉਸਨੂੰ ਕਿਸੇ ਨੂੰ ਅੱਤਵਾਦੀ ਕਹਿਣ ਦਾ ਹੱਕ ਕਿਵੇਂ ਹੋ ਸਕਦਾ ਹੈ? ਗੁਪਤਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ, ਇਸ ਲਈ ਉਹ ਅਜਿਹੇ ਬੇਤੁਕੇ ਬਿਆਨ ਦੇ ਰਹੇ ਹਨ। ਗੁਪਤਾ ਨੇ ਕਿਹਾ ਕਿ ਸਿਰੀ ਸਾਹਿਬ ਸਾਡੇ ਗੁਰੂਆਂ ਵੱਲੋਂ ਸਵੈ-ਰੱਖਿਆ ਲਈ ਦਿੱਤਾ ਗਿਆ ਵਰਦਾਨ ਹੈ, ਇਸ ‘ਤੇ ਰਾਜਨੀਤੀ ਕਰਨਾ ਠੀਕ ਨਹੀਂ ਹੈ।

NO COMMENTS

LEAVE A REPLY