ਡਾ: ਰਾਜੂ ਦੇ ਪੱਤਰ ਦਾ ਜਵਾਬ ਦਿੰਦਿਆਂ ਨੈਸ਼ਨਲ ਹਾਈਵੇਅ ਅਥਾਰਟੀ ਨੇ ਸੀਵਰੇਜ ਪਾਉਣ ਦੀ ਦਿੱਤੀ ਮਨਜ਼ੂਰੀ, ਜਲਦੀ ਸ਼ੁਰੂ ਹੋਵੇਗਾ ਕੰਮ
ਅੰਮ੍ਰਿਤਸਰ: 12 ਫਰਵਰੀ (ਪਵਿੱਤਰ ਜੋਤ ): ਭਾਰਤੀ ਜਨਤਾ ਪਾਰਟੀ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਸਦੇ ਦੇ ਅਹੁਦੇਦਾਰ ਲਗਾਤਾਰ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੇ ਮਸਲੇ ਹੱਲ ਕਰਵਾ ਰਹੇ ਹਨ। ਇਸੇ ਕੜੀ ਵਿੱਚ ਪੂਰਬੀ ਵਿਧਾਨ ਸਭਾ ਵਿੱਚ ਪੈਂਦੇ ਵਾਰਡ 32 ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਗਾਰਡਨ ਐਨਕਲੇਵ, ਪ੍ਰੀਤਮ ਐਨਕਲੇਵ, ਹਰਦੇਵ ਇਨਕਲੇਵ ਅਤੇ ਇਸ ਦੇ ਆਸ-ਪਾਸ ਦੇ ਇਲਾਕਾ ਵਾਸੀਆਂ ਨੂੰ ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸਦਾ ਹੱਲ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਦੇ ਇੰਚਾਰਜ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਨੇ ਸਾਬਕਾ ਆਈ.ਏ.ਐਸ ਡਾ: ਜਗਮੋਹਨ ਸਿੰਘ ਰਾਜੂ ਨੇ ਕਰਵਾ ਦਿੱਤਾ ਹੈ। ਜਿਸ ਲਈ ਸਬੰਧਤ ਵਿਭਾਗ ਵੱਲੋਂ ਲਿਖਤੀ ਰੂਪ ਵਿੱਚ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਡਾ: ਰਾਜੂ ਨੇ ਆਪਣੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਗੁਰੂਨਗਰੀ ਅੰਮ੍ਰਿਤਸਰ ਦੇ ਬਾਈਪਾਸ ਖੇਤਰ ਵਿੱਚ ਪੈਂਦੀਆਂ ਉਪਰੋਕਤ ਕਲੋਨੀਆਂ ਦੇ ਵਸਨੀਕ ਪਿਛਲੇ 20 ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਸਨ। ਕਲੋਨੀਆਂ ਵਿੱਚ ਸੀਵਰੇਜ ਪਾ ਦਿੱਤਾ ਗਿਆ ਸੀ ਪਰ ਇਸ ਨੂੰ ਨੈਸ਼ਨਲ ਹਾਈਵੇ ਦੇ ਪਾਰ ਪਈ ਮੁੱਖ ਸੀਵਰੇਜ ਪਾਈਪ ਲਾਈਨ ਨਾਲ ਨਹੀਂ ਜੋੜਿਆ ਗਿਆ। ਇਸ ਸਬੰਧੀ ਕਈ ਵਾਰ ਸਬੰਧਤ ਵਿਭਾਗ ਅਤੇ ਆਗੂਆਂ ਨੂੰ ਸੀਵਰੇਜ ਸਮੱਸਿਆ ਦੇ ਹੱਲ ਕਰਨ ਲਈ ਬੇਨਤੀਆਂ ਕੀਤੀਆਂ ਗਈਆਂ ਪਰ ਅੱਜ ਤੱਕ ਕਿਸੇ ਨੇ ਕੁਝ ਨਹੀਂ ਕੀਤਾ। ਇਸ ਸਮੱਸਿਆ ਨੂੰ ਲੈ ਕੇ ਕਈ ਵਾਰ ਧਰਨੇ-ਮੁਜ਼ਾਹਰੇ ਵੀ ਕੀਤੇ ਗਏ ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੋਈ। ਆਖ਼ਰ ਇਸ ਸਬੰਧੀ ਇਲਾਕਾ ਵਾਸੀਆਂ ਨੇ ਸੀਵਰੇਜ ਦੀ ਸਮੱਸਿਆ ਸਬੰਧੀ ਡਾ: ਰਾਜੂ ਨੂੰ ਪੱਤਰ ਲਿਖ ਕੇ ਅਤੇ ਮੌਕਾ ਦਿਖਾ ਕੇ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀI ਜਿਸ ਦੇ ਸਬੰਧ ਵਿੱਚ ਡਾ: ਰਾਜੂ ਨੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰਾਲਾ, ਭਾਰਤ ਸਰਕਾਰ) ਨੂੰ ਪੱਤਰ ਵਿਹਾਰ ਅਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਈਸਾ ਮਸਲੇ ਦਾ ਹੱਲ ਕਰਨ ਲਈ ਕਿਹਾ ਸੀ।
ਡਾ: ਰਾਜੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੇ ਗਏ ਪੱਤਰ ਵਿਹਾਰ ਅਤੇ ਦਸਤਾਵੇਜ਼ੀ ਕਾਰਵਾਈ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੇ ਇੱਕ ਮਹੀਨੇ ਦੇ ਅੰਦਰ-ਅੰਦਰ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਜਿਸ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰਾਲਾ, ਭਾਰਤ ਸਰਕਾਰ) ਵੱਲੋਂ ਹਾਈਵੇਅ ਦੇ ਹੇਠਾਂ ਤੋਂ ਸੀਵਰੇਜ ਪਾਈਪ ਲਾਈਨ ਵਿਛਾਉਣ ਦੀ ਪ੍ਰਵਾਨਗੀ ਦੇ ਹੁਕਮ ਜਾਰੀ ਕੀਤੇ ਗਏ ਹਨ। ਡਾ: ਰਾਜੂ ਨੇ ਕਿਹਾ ਕਿ ਭਾਜਪਾ ਆਪਣੀ ਕਹਿਣੀ ਤੇ ਕਥਨੀ ‘ਤੇ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈI