ਬੱਚਿਆਂ ਦੀ ਸੇਵਾ ਲਈ 1098 ਚੌਵੀ ਘੰਟੇ ਹਾਜਰ-ਕਮਲਦੀਪ ਸਿੰਘ।

0
22

ਬੁਢਲਾਡਾ, 11 ਅਗਸਤ:-(ਦਵਿੰਦਰ ਸਿੰਘ ਕੋਹਲੀ)-ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਸਹਿਯੋਗ ਨਾਲ ਸਾਰਡ (ਸੋਸਾਇਟੀ ਫਾਰ ਆਲ ਰਾਊਂਡ ਡਿਵੈਲਪਮੈਂਟ) ਸੰਸਥਾ ਦੁਆਰਾ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਲਈ ਜ਼ਿਲ੍ਹਾ ਮਾਨਸਾ ਵਿੱਚ ਚਾਈਲਡ ਹੈਲਪ ਲਾਈਨ ਨੰਬਰ 1098 ਜੁਲਾਈ 2018 ਤੋਂ ਕੰਮ ਕਰ ਰਿਹਾ ਹੈ। ਬੱਚਿਆਂ ਨਾਲ ਹੋ ਕਿਸੇ ਵੀ ਗ਼ਲਤ ਵਰਤਾਰੇ ਸਬੰਧੀ ਜਾਣਕਾਰੀ ਇਸ ਨੰਬਰ ’ਤੇ ਦਿੱਤੀ ਜਾ ਸਕਦੀ ਹੈ।
ਜ਼ਿਲ੍ਹਾ ਕੋਆਰਡੀਨੇਟਰ ਚਾਈਲਡ ਹੈਲਪ ਲਾਈਨ ਮਾਨਸਾ ਸ੍ਰੀ ਕਮਲਦੀਪ ਸਿੰਘ ਨੇ ਦੱਸਿਆ ਕਿ ਬੱਚਿਆਂ ਨਾਲ ਜਿਨਸੀ ਸੋਸ਼ਣ ਅਤੇ ਹੋਰ ਘਟਨਾਵਾਂ ਰੋਜ਼ਾਨਾ ਹੀ ਸੁਣਨ ਅਤੇ ਅਖ਼ਬਾਰ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ। ਕੁਝ ਸ਼ਰਾਰਤੀ ਅਨਸਰ ਬੱਚਿਆਂ ਨੂੰ ਲਾਲਚ ਦੇ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਚਾਈਲਡ ਹੈਲਪਲਾਈਨ ਨੰਬਰ 1098 ’ਤੇ ਕਾਲ ਕਰ ਕੇ ਕੋਈ ਵੀ ਵਿਅਕਤੀ 18 ਸਾਲ ਤੱਕ ਦੇ ਬੱਚਿਆਂ ਦੇ ਨਾਲ ਹੋ ਰਹੇ ਜਿਨਸੀ ਅਤੇ ਮਾਨਸਿਕ ਸੋਸ਼ਣ, ਬਾਲ ਮਜ਼ਦੂਰੀ, ਬਾਲ ਵਿਆਹ, ਗੁਮਸ਼ੁਦਾ ਬੱਚੇ, ਭੀਖ ਮੰਗਦੇ ਬੱਚੇ, ਕੁਦਰਤੀ ਆਫ਼ਤਾਂ ਦੇ ਸ਼ਿਕਾਰ ਬੱਚੇ ਆਦਿ ਦੀ ਜਾਣਕਾਰੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸੰਸਥਾ ਦੁਆਰਾ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਸਬੰਧੀ ਸ਼ਿਕਾਇਤ ਮਿਲਣ ’ਤੇ ਸਬੰਧਿਤ ਵਿਭਾਗ ਨਾਲ ਮਿਲ ਕੇ ਕਾਰਵਾਈ ਕੀਤੀ ਜਾਂਦੀ ਹੈ। ਲੋਕਾਂ ਵਿੱਚ ਚਾਈਲਡ ਹੈਲਪ ਲਾਈਨ ਸਬੰਧੀ ਜਾਗਰੂਕਤਾ ਫੈਲਾਉਣ ਲਈ ਚਾਈਲਡ ਲਾਈਨ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਅਤੇ ਸਕੂਲਾਂ ਵਿੱਚ ਸੈਮੀਨਾਰ ਲਗਾਏ ਜਾਂਦੇ ਹਨ। ਇਸਦੇ ਨਾਲ ਹੀ ਮਾਨਸਾ ਸ਼ਹਿਰ ਦੇ ਵੱਖ ਵੱਖ ਪ੍ਰਮੁੱਖ ਥਾਵਾਂ ’ਤੇ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਤਿੰਨਕੋਨੀ, ਸੈਂਟਰਲ ਪਾਰਕ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਫਲੈਕਸ ਬੈਨਰ ਲਗਾਏ ਗਏ।ਇਸ ਸਮੇ ਡਾਕਟਰ ਅਜੈ ਤਾਂਇਲ,ਬਲਦੇਵ ਕੱਕੜ ਬੁਢਲਾਡਾ,ਨੀਲਮ ਕੱਕੜ, ਮੈਡਮ ਬੀਰ ਦੇਵਿੰਦਰ ਜਿਲਾ ਬਾਲ ਭਲਾਈ ਕਮੇਟੀ ਮਾਨਸਾਂ,ਬਾਬੂ ਸਿੰਘ ਮਾਨ ਹਾਜਰ ਸਨ।

NO COMMENTS

LEAVE A REPLY