ਦੁੱਖ ਨਿਵਾਰਣ ਹਸਪਤਾਲ ਦੇ ਡਾ.ਬੋਪਾਰਾਏ ਲਾਵਾਰਿਸ ਮਰੀਜ਼ ਲਈ ਬਣੇ ਸਹਾਰਾ

0
26

ਚੁਲੇ ਟੁੱਟੇ ਮਰੀਜ਼ ਦਾ ਆਪਰੇਸ਼ਨ ਕਰ ਕੇ ਖੁਦ ਕੀਤਾ ਸਾਰਾ ਖ਼ਰਚ
________

ਅੰਮ੍ਰਿਤਸਰ,6 ਅਗਸਤ (ਪਵਿੱਤਰ ਜੋਤ)- ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਖੱਜਲ-ਖੁਆਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੱਖਾਂ ਰੁਪਏ ਲੈ ਕੇ ਇਲਾਜ ਕਰਨ ਦੀਆਂ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਹਨ। ਪਰ ਦੂਸਰੇ ਪਾਸੇ ਸਾਲ 1996 ਤੋਂ ਕਚੈਹਰੀ ਚੌਂਕ ਦੇ ਕਰੀਬ ਚੱਲ ਰਹੇ ਦੁਖ ਨਿਵਾਰਨ ਹਸਪਤਾਲ ਦੇ ਡਾਇਰੈਕਟਰ ਅਤੇ ਹੱਡੀਆਂ ਦੀਆਂ ਬੀਮਾਰੀਆਂ ਦੇ ਮਾਹਿਰ ਸਰਜਨ ਡਾ.ਰਜਿੰਦਰਪਾਲ ਸਿੰਘ ਬੋਪਾਰਾਏ ਡਾਕਟਰੀ ਸੈਕਟਰ ਵਿੱਚ ਅਹਿਮ ਯੋਗਦਾਨ ਅਦਾ ਕਰ ਰਹੇ ਹਨ। ਉਹਨਾ ਵੱਲੋਂ ਪਿੰਡ ਭੋਮਾ ਦੇ ਲਾਵਾਰਿਸ ਮਰੀਜ਼ ਸੁਖਦੇਵ ਸਿੰਘ ਦੇ ਟੁੱਟੇ ਹੋਏ ਚੂਲੇ ਦਾ ਫਰੀ ਅਪਰੇਸ਼ਨ ਕਰਨ ਤੋਂ ਬਾਅਦ ਖੁਦ ਉਸ ਦੀ ਦੇਖ ਭਾਲ ਕਰਦਿਆਂ ਦੂਸਰੇ ਡਾਕਟਰਾਂ ਦੇ ਲਈ ਇੱਕ ਮਿਸਾਲ ਪੈਦਾ ਕੀਤੀ ਹੈ।
ਡਾ.ਰਜਿੰਦਰਪਾਲ ਸਿੰਘ ਬੋਪਾਰਾਏ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਲਵਾਰਿਸ ਅਤੇ ਬੇ-ਸਹਾਰਾ ਮਰੀਜ਼ ਦਾ ਚੂਲਾ ਟੁੱਟ ਜਾਣ ਦੇ ਬਾਵਜੂਦ ਕਰੀਬ ਪੰਜ ਮਹੀਨਿਆਂ ਤੋਂ ਦੁੱਖ ਅਤੇ ਦਰਦ ਭਰੇ ਜੀਵਨ ਦੇ ਦਿਨ ਕੱਟ ਰਿਹਾ ਸੀ। ਇੱਕ ਵਿਅਕਤੀ ਸੁਖਵਿੰਦਰ ਸਿੰਘ ਭੋਮਾ ਦੀ ਜਾਣਕਾਰੀ ਤੋਂ ਬਾਅਦ ਸੁਖਦੇਵ ਸਿੰਘ ਦੇ ਚੁਲੇ ਦਾ ਅਪਰੇਸ਼ਨ ਕਰਦਿਆਂ ਪੰਦਰਾਂ ਦਿਨ ਹਰ ਪੱਖੋਂ ਪੂਰੀ ਦੇਖਭਾਲ ਕੀਤੀ ਗਈ। ਮਰੀਜ਼ ਨੂੰ ਹਸਪਤਾਲ ਵਿਚ ਅਪ੍ਰੇਸ਼ਨ,ਦਵਾਈਆਂ, ਰਹਿਣ-ਸਹਿਣ,ਖਾਣ ਪੀਣ ਦਾ ਕੋਈ ਵੀ ਖਰਚ ਨਹੀਂ ਲਿਆ ਗਿਆ। ਸਾਰਾ ਇਲਾਜ ਹਸਪਤਾਲ ਵੱਲੋਂ ਫ੍ਰੀ ਕੀਤਾ ਗਿਆ ਹੈ। ਡਾ.ਬੋਪਾਰਾਏ ਨੇ ਦੱਸਿਆ ਕਿ ਹਸਪਤਾਲ ਵਿੱਚ ਗੋਡੇ ਦਾ ਜੋੜ ਬਦਲਣ,ਚੁਲੇ ਦੇ ਜੋੜ ਬਦਲਣ,ਐਕਸੀਡੈਂਟ ਦੌਰਾਨ ਸਿਰ ਦੀਆਂ ਸੱਟਾ,ਜਨਾਨਾ ਰੋਗ, ਬੱਚਿਆਂ ਦੇ ਰੋਗ ਅਤੇ ਮੈਡੀਸਨ ਦੇ ਮਾਹਿਰ ਡਾਕਟਰਾਂ ਵੱਲੋਂ ਆਪਣੀਆਂ ਓ.ਪੀ.ਡੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਧਰ ਅਪਰੇਸ਼ਨ ਤੋਂ ਬਾਅਦ ਚੱਲਣ-ਫਿਰਨ ਜੋਗੇ ਹੋਏ ਕਰੀਬ ਪੰਜਾਹ ਸਾਲਾ ਮਰੀਜ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ 15 ਸਾਲ ਪਹਿਲਾਂ ਤਲਾਕ ਹੋ ਗਿਆ ਸੀ, ਉਸਦੇ ਦੋ ਬੱਚੇ ਆਪਣੀ ਮਾਂ ਨਾਲ ਹੀ ਰਹਿੰਦੇ ਹਨ। ਉਸ ਨੇ ਨਮ ਅੱਖਾਂ ਨਾਲ ਡਾ.ਬੋਪਾਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਿਸੇ ਰੱਬ ਤੋਂ ਘੱਟ ਨਹੀ ਹਨ। ਜਿਸ ਇਲਾਜ ਦਾ ਕਰੀਬ ਇੱਕ ਲੱਖ ਰੁਪਏ ਖ਼ਰਚ ਆਉਣਾ ਸੀ ਉਹਨਾਂ ਵੱਲੋਂ ਫ੍ਰੀ ਇਲਾਜ ਕੀਤਾ ਗਿਆ ਹੈ।

NO COMMENTS

LEAVE A REPLY