ਅੰਮ੍ਰਿਤਸਰ 5 ਅਗਸਤ (ਪਵਿੱਤਰ ਜੋਤ) : ਆਜ਼ਾਦੀ ਦੇ 75ਵੇਂ ਵਰੇਗੰਢ ਦੇ ਸਬੰਧ ਵਿੱਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਮਿਤੀ 13 ਤੋਂ 15 ਅਗਸਤ 2022 ਨੂੰ ਭਾਰਤ ਦੀ ਆਜ਼ਾਦੀ ਦੇ 75ਵੇਂ ਵਰੇਗੰਢ ਨੂੰ ਮਨਾਉਂਦੇ ਹੋਏ ਹਰ ਘਰ ਤਿਰੰਗਾ ਲਹਿਰਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਰਹਿਨੁਮਾਈ ਹੇਠ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਹੋਈ ਕਾਰਵਾਈ ਬਾਰੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰਣਬੀਰ ਸਿੰਘ ਮੂਧਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਹਰ ਆਮ ਨਾਗਰਿਕ ਨੂੰ ਝੰਡਾ ਲਹਿਰਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਇਹ ਫੈਸਲਾ ਲਿਆ ਗਿਆ ਹੈ ਕਿ ਹਰ ਆਮ ਨਾਗਰਿਕ ਦੇ ਘਰ ਵਿੱਚ ਝੰਡਾ ਲਹਿਰਾਇਆ ਜਾਵੇ ਜਦਕਿ ਪਹਿਲਾਂ ਇਹ ਰਸਮ ਸਿਆਸੀ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਸੀ।
ਸ੍ਰੀ ਮੂਧਲ ਨੇ ਕਿਹਾ ਕਿ ਇਸ ਸਬੰਧੀ ਜਿਲੇ ਵਿੱਚ ਸਮੂਹ ਵਿਭਾਗਾਂ ਦੀ ਸਮੂਲੀਅਤ ਅਨੁਸਾਰ ਲਗਭਗ 3.00 ਲੱਖ ਘਰਾਂ ਵਿੱਚ ਝੰਡੇ ਲਹਿਰਾਏ ਜਾਣਗੇ। ਇਸ ਪ੍ਰੋਗਰਾਮ ਦੌਰਾਨ ਲੋਕਾਂ/ਆਮ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕੌਮੀ ਝੰਡੇ ਨੂੰ ਲਹਿਰਾਉਣ ਸਮੇਂ ਝੰਡੇ ਦੀ ਪੂਰਨ ਮਰਿਆਦਾ ਦਾ ਖਿਆਲ ਰੱਖਿਆ ਜਾਵੇ ਅਤੇ 15 ਅਗਸਤ 2022 ਦੀ ਸਮਾਪਤੀ ਉਪਰੰਤ ਕੌਮੀ ਝੰਡੇ ਦੀ ਮਰਿਆਦਾ ਅਨੁਸਾਰ ਇਸ ਦੀ ਸਾਂਭ ਸੰਭਾਲ ਕੀਤੀ ਜਾਵੇ।