ਅਸ਼ਵਨੀ ਸ਼ਰਮਾ ਨੇ ਹਰ ਘਰ ਤਿਰੰਗਾ ਮੁਹਿੰਮ ਸਬੰਧੀ ਭਾਜਪਾ ਵਰਕਰਾਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ 5 ਅਗਸਤ ( ਰਾਜਿੰਦਰ ਧਾਨਿਕ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਮਾਝਾ ਖੇਤਰ ਦੇ ਆਪਨੇ ਤਿੰਨ ਜ਼ਿਲ੍ਹਿਆਂ ਦੇ ਦੌਰੇ ਤਹਿਤ ਅੱਜ ਅੰਮ੍ਰਿਤਸਰ ਪੁੱਜੇ, ਜਿੱਥੇ ਉਨ੍ਹਾਂ ਜ਼ਿਲ੍ਹਾ ਮੀਤ ਪ੍ਰਧਾਨ ਮਾਨਵ ਤਨੇਜਾ ਦੀ ਪ੍ਰਧਾਨਗੀ ਹੇਠ ‘ਹਰ ਘਰ ਤਿਰੰਗਾ ਅਭਿਆਨ’ ਤਹਿਤ ਮਹਾਂਨਗਰ ਦੀਆਂ ਪੰਜਾਂ ਵਿਧਾਨ ਸਭਾਵਾਂ ਦੇ ਦੇ ਸੂਬਾ ਪੱਧਰ ਤੋਂ ਲੈ ਕੇ ਮੰਡਲ ਪੱਧਰ ਤੱਕ ਦੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਸੂਬਾ ਜਨਰਲ ਸਕੱਤਰ ਤੇ ਅੰਮ੍ਰਿਤਸਰ ਇੰਚਾਰਜ ਜੀਵਨ ਗੁਪਤਾ, ਸੂਬਾ ਮੀਤ ਪ੍ਰਧਾਨ ਰਾਕੇਸ਼ ਗਿੱਲ, ਸੂਬਾ ਸਕੱਤਰ ਐਡਵੋਕੇਟ ਰਾਜੇਸ਼ ਹਨੀ, ਰੀਨਾ ਜੇਤਲੀ, ਸੂਬਾ ਮੀਡੀਆ ਸਕੱਤਰ ਜਨਾਰਦਨ ਸ਼ਰਮਾ, ਸਾਬਕਾ ਸਿਹਤ ਮੰਤਰੀ ਡਾ: ਬਲਦੇਵ ਰਾਜ ਚਾਵਲਾ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਵਿਧਾਇਕ ਦਿਨੇਸ਼ ਬੱਬੂ, ਸੀਨੀਅਰ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ ਆਦਿ ਹਾਜ਼ਰ ਸਨ।
ਅਸ਼ਵਨੀ ਸ਼ਰਮਾ ਨੇ ਇਸ ਮੌਕੇ ਹਾਜ਼ਰ ਸਮੂਹ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਰਾਸ਼ਟਰੀ ਪੱਧਰ ‘ਤੇ ਘਰ-ਘਰ ਤਿਰੰਗਾ ਲਹਿਰਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈI ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਸਿਰਫ਼ 25 ਰੁਪਏ ਫੀਸ ਦੇ ਕੇ ਪਾਰਟੀ ਅਹੁਦੇਦਾਰ ਤੋਂ ਕੌਮੀ ਝੰਡਾ ਖਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਮਹਾਨਗਰ ਦਾ ਕੋਈ ਵੀ ਘਰ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਦੀ ਛੱਤ ‘ਤੇ ਤਿਰੰਗਾ ਸਤਿਕਾਰ ਨਾਲ ਨਾ ਲਹਿਰਾ ਰਿਹਾ ਹੋਵੇ ਅਤੇ ਇਸ ਦੀ ਉਚਾਈ ਪਾਰਟੀ ਦੇ ਝੰਡੇ ਤੋਂ ਉੱਚੀ ਹੋਣੀ ਚਾਹੀਦੀ ਹੈ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਸਮੂਹ ਵਿਧਾਨ ਸਭਾ ਹਲਕਿਆਂ ਦੇ ਮੰਡਲਾਂ ਵਿੱਚ ਟੀਮਾਂ ਬਣਾ ਕੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਇਸ ਦੁਖਾਂਤ ਦਾ ਸਭ ਤੋਂ ਵੱਧ ਨੁਕਸਾਨ ਅੰਮ੍ਰਿਤਸਰ ਨੂੰ ਹੋਇਆ ਸੀ। ਅੰਮ੍ਰਿਤਸਰ ਵਿੱਚ ਅੱਜ ਵੀ ਕਈ ਅਜਿਹੇ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਨੇ ਉਸ ਦੁਖਾਂਤ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਝੱਲਿਆ ਹੈ। ਉਨ੍ਹਾਂ ਕਿਹਾ ਕਿ 9 ਅਗਸਤ ਨੂੰ ਹਰੇਕ ਮੰਡਲ ਵਿੱਚ ਘੱਟੋ-ਘੱਟ 75 ਮੋਟਰਸਾਈਕਲ ਦਸਤਾਰਧਾਰੀ ਸਵਾਰ ਆਪਨੇ ਹਥਾਂ ‘ਚ ਕੌਮੀ ਝੰਡਾ ਤਿਰੰਗਾ ਫੜ ਕੇ ਆਪਣੇ-ਆਪਣੇ ਖੇਤਰਾਂ ਵਿੱਚ ‘ਚ ਯਾਤਰਾ ਪ੍ਰੋਗਰਾਮ ਉਲੀਕਣ ਦੀ ਤਜਵੀਜ਼ ਬਣਾਉਣ।
ਅਸ਼ਵਨੀ ਸ਼ਰਮਾ ਨੇ ਬੂਥ ਸਸ਼ਕਤੀਕਰਨ ਪ੍ਰੋਗਰਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਭਾਜਪਾ ਵੱਲੋਂ ਵਿਧਾਨ ਸਭਾ ਹਲਕਾ ਪ੍ਰਵਾਸ ਪ੍ਰੋਗਰਾਮ ਕਰਵਾਉਣ ਦੀ ਤਜਵੀਜ਼ ਰੱਖੀ ਗਈ ਹੈ। ਜਿਸ ਲਈ ਜਲਦੀ ਹੀ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 25 ਸਤੰਬਰ ਨੂੰ ਸੂਬਾ ਭਾਜਪਾ ਵੱਲੋਂ ਸਮਰਪਣ ਦਿਵਸ ਵਜੋਂ ਮਨਾਇਆ ਜਾਵੇਗਾ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਿਗਮ ਚੋਣਾਂ ਕਿਸੇ ਵੀ ਸਮੇਂ ਸੰਭਵ ਹਨ। ਉਨ੍ਹਾਂ ਸਮੂਹ ਵਰਕਰਾਂ ਨੂੰ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੰਧਾਰੀ, ਸੁਖਮਿੰਦਰ ਸਿੰਘ ਪਿੰਟੂ, ਜ਼ਿਲ੍ਹਾ ਮੀਤ ਪ੍ਰਧਾਨ ਡਾ: ਰਾਕੇਸ਼ ਸ਼ਰਮਾ, ਕੁਮਾਰ ਅਮਿਤ, ਸਰਬਜੀਤ ਸਿੰਘ ਸ਼ੰਟੀ, ਡਾ: ਹਰਵਿੰਦਰ ਸਿੰਘ ਸੰਧੂ, ਸ਼ਕਤੀ ਕਲਿਆਣ, ਏਕਤਾ ਵੋਹਰਾ, ਮਨੀਸ਼ ਸ਼ਰਮਾ, ਸ਼ਰੂਤੀ ਵਿਜ, ਵਿਨੋਦ ਨੰਦਾ, ਰਘੂ ਸ਼ਰਮਾ, ਰਾਜੀਵ ਸ਼ਰਮਾ ਡਿੰਪੀ, ਮੋਹਿਤ ਮਹਾਜਨ, ਸੰਜੇ ਕੁੰਦਰਾ, ਸਤਪਾਲ ਡੋਗਰਾ, ਅੰਕੁਸ਼ ਮਹਿਰਾ, ਸੰਜੀਵ ਕੁਮਾਰ, ਅਲਕਾ ਸ਼ਰਮਾ, ਕੰਵਲਜੀਤ ਸਿੰਘ ਸੰਨੀ ਆਦਿ ਹਾਜਰ ਸਨ।