28 ਜੁਲਾਈ ਨੂੰ ਗੁਰੂ ਨਾਨਕ ਭਵਨ ਵਿਚ ਹੋਵੇਗਾ ਵਿਸ਼ੇਸ਼ ਪ੍ਰੋਗਰਾਮ
_________
ਕੇਂਦਰ ਸਰਕਾਰ ਨੇ ਰੇਹੜੀ ਚਾਲਕਾਂ ਲਈ ਭੇਜੇ ਰਜਿਸਟ੍ਰੇਸ਼ਨ ਬੋਰਡ ਅਤੇ ਸਨਮਾਨ ਪੱਤਰ
___________
ਜਾਇੰਟ ਕਮਿਸ਼ਨਰ ਦੀ ਨਿਗਰਾਨੀ ਹੇਠ ਨਿਗਮ ਅਧਿਕਾਰੀ ਪ੍ਰੋਗਰਾਮ ਨੂੰ ਬਣਾਉਣਗੇ ਸਫ਼ਲ
_____
ਅੰਮ੍ਰਿਤਸਰ,19 ਜੁਲਾਈ (ਅਰਵਿੰਦਰ ਵੜੈਚ)- ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ ਦੇ ਤਹਿਤ ਪੂਰੇ ਹਿੰਦੂਸਤਾਨ ਦੇ 75 ਸ਼ਹਿਰਾਂ ਦੇ ਵਿੱਚ ਸਵੈ ਨਿਧੀ ਮਹਾਂ ਉਤਸਵ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਜਿਸ ਤਹਿਤ ਪੰਜਾਬ ਦੇ ਜਲੰਧਰ ਅਤੇ ਅੰਮ੍ਰਿਤਸਰ ਦੋ ਸ਼ਹਿਰ ਚੁਣੇ ਗਏ ਹਨ। ਸਵੈ ਨਿਧੀ ਮਹਾਂ ਉਤਸਵ ਲੈ ਕੇ ਨਗਰ ਨਿਗਮ ਅੰਮ੍ਰਿਤਸਰ ਵਿੱਚ ਪੂਰੇ ਜੋਰ ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਵੱਖ-ਵੱਖ ਬੈਂਕਾਂ ਦੇ ਸਹਿਯੋਗ ਸਦਕਾ ਉਨ੍ਹਾਂ ਤੋਂ ਪ੍ਰਭਾਵਿਤ ਛੋਟੇ ਕਾਰੋਬਾਰੀਆਂ ਨੂੰ ਕਰੀਬ 28 ਲੱਖ ਲੋਕਾਂ ਨੂੰ ਕਰਜ਼ੇ ਵੰਡੇ ਜਾ ਚੁੱਕੇ ਹਨ। ਕਰੋਨਾ ਮਹਾਂਮਾਰੀ ਤੋਂ ਬਾਅਦ ਜਿੰਨਾਂ ਫਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਵਾਲਿਆਂ ਨੂੰ ਕਰਜ਼ ਦਿੱਤਾ ਗਿਆ ਹੈ। ਉਨ੍ਹਾਂ ਨੂੰ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਸਤਖਤਾਂ ਸਹਿਤ ਭੇਜੇ ਸਨਮਾਨ ਪੱਤਰ ਅਤੇ ਰੇਹੜੀਆਂ ਤੇ ਲਗਾਉਣ ਲਈ ਵੈਡਿੰਗ ਰਜਿਸਟ੍ਰੇਸ਼ਨ ਨੰਬਰ ਦੇ ਸੁੰਦਰ ਬੋਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਅੰਮ੍ਰਿਤਸਰ ਵਿਖੇ ਮਹਾਂਉਤਸਵ 28 ਜੁਲਾਈ ਨੂੰ ਗੁਰੂ ਨਾਨਕ ਭਵਨ ਸਿਟੀ ਸੈਂਟਰ ਵਿਖੇ ਮਨਾਇਆ ਜਾਵੇਗਾ।
ਨਗਰ ਨਿਗਮ ਦੇ ਜਾਇੰਟ ਕਮਿਸ਼ਨਰ ਅਤੇ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਦੀਪਜੋਤ ਕੌਰ ਮਹਾਂਉਤਸਵ ਦੀ ਅਗਵਾਈ ਕਰ ਰਹੇ ਹਨ। ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ ਦੇ ਇੰਚਾਰਜ ਸੁਪਰੀਡੈਂਟ ਜਸਵਿੰਦਰ ਸਿੰਘ, ਸੈਕਟਰੀ ਰਜਿੰਦਰ ਸ਼ਰਮਾ, ਅਸਟੇਟ ਅਧਿਕਾਰੀ ਧਰਮਿੰਦਰ ਸਿੰਘ ਵੱਲੋਂ ਬੈਠਕ ਕਰਦਿਆਂ ਰੂਪ-ਰੇਖਾ ਵੀ ਤਿਆਰ ਕੀਤੀ ਗਈ। ਜਾਣਕਾਰੀ ਮੁਤਾਬਿਕ ਸਵੈ ਨਿਧੀ ਯੋਜਨਾ ਦੇ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਵਿੱਚ 15 ਹਜ਼ਾਰ ਲੋਕਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਜਿੰਨਾ ਵਿਚੋਂ 5400 ਲੋਕਾਂ ਨੂੰ ਕਾਰੋਬਾਰ ਸਬੰਧੀ ਕਰਜ਼ ਦਿੱਤਾ ਗਿਆ। ਇਨ੍ਹਾਂ ਵਿੱਚੋਂ 4300 ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਭੇਜੇ ਸਨਮਾਨ-ਪੱਤਰ ਅਤੇ ਰੇਹੜੀਆਂ ਤੇ ਲਗਾਉਣ ਲਈ ਰਜਿਸਟ੍ਰੇਸ਼ਨ ਨੰਬਰ ਦੇ ਬੋਰਡ ਦਿੱਤੇ ਜਾਣਗੇ। ਡਿਜੀਟਲ ਲੈਣ ਦੇਣ ਕਰਨ ਵਾਲੇ ਰੇਹੜੀ ਮਾਲਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਮਹਾ ਉਤਸਵ ਮਨਾਉਣ ਲਈ ਕੇਂਦਰ ਸਰਕਾਰ ਵੱਲੋਂ ਜ਼ਿਲ੍ਹੇ ਨੂੰ ਪ੍ਰੋਗਰਾਮ ਸਬੰਧੀ 20 ਲੱਖ ਰੁਪਏ ਤੱਕ ਖਰਚ ਕਰਨ ਦੀ ਸਹਿਮਤੀ ਦਿੱਤੀ ਗਈ ਹੈ। ਜਿਸ ਦੇ ਤਹਿਤ ਗੁਰੂ ਨਾਨਕ ਭਵਨ ਵਿਖੇ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਸ਼ਾਨਦਾਰ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਵਿੱਚ ਸਾਰਿਆਂ ਦੇ ਖਾਣ ਪੀਣ,ਭੰਗੜਾ ਕਰਨ ਸਮੇਤ ਹੋਰ ਮਨੋਰੰਜਨ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਜਾਵੇਗਾ। ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਮੋਬਾਇਲ ਵੈਨ ਵੀ ਤਿਆਰ ਕਰਵਾਈ ਗਈ ਹੈ। ਗੁਰੂ ਨਗਰੀ ਦੀਆਂ ਸੜਕਾਂ ਤੇ ਜਾਗਰੂਕਤਾ ਲਈ ਫਲੈਕਸ ਬੋਰਡ ਲਗਾਉਣ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਮੰਤਰੀਆਂ,ਵਿਧਾਇਕਾਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ,ਅਧਿਕਾਰੀਆਂ ਲਈ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਵੀ ਤਿਆਰ ਕੀਤੇ ਗਏ ਹਨ।