ਪਾਕਿਸਤਾਨ ਵੱਲੋਂ ਜਾਰੀ ਅੱਤਵਾਦ ਦੀ ਲੁਕਵੀਂ ਜੰਗ ਦਾ ਹਿੱਸਾ ਹੈ ਪੰਜਾਬ ਦਾ ਗੈਂਗ ਕਲਚਰ :  ਪ੍ਰੋ: ਸਰਚਾਂਦ ਸਿੰਘ ਖਿਆਲਾ

0
14

ਗੁਮਰਾਹ ਹੋਏ ਨੌਜਵਾਨਾਂ ਦੀ ਘਰ ਵਾਪਸੀ ਨਾਲ ਪਾਕਿਸਤਾਨ ਵੱਲੋਂ ਗੈਂਗਸਟਰਾਂ ਰਾਹੀਂ ਜਾਰੀ ਅੱਤਵਾਦ ਦੀ ਲੁਕਵੀਂ ਜੰਗ ਜਿੱਤੀ ਜਾ ਸਕਦੀ ਹੈ

ਅੰਮ੍ਰਿਤਸਰ 15 ਜੁਲਾਈ (ਪਵਿੱਤਰ ਜੋਤ) : ਖਾੜਕੂਵਾਦ ਦੇ ਖਾਤਮੇ ਦੇ ਤਿੰਨ ਦਹਾਕਿਆਂ ਬਾਅਦ ਪੰਜਾਬ ਦੇ ਲੋਕ ’ਚ ਇੱਕ ਵਾਰ ਫਿਰ ਅਸੁਰੱਖਿਅਤ ਅਤੇ ਡਰ ਪੈਦਾ ਹੋ ਗਿਆ ਹੈ। ਆਮ ਲੋਕਾਂ ਦੀ ਛੱਡੋ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਅਤੇ ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲੇ ਵਰਗੇ ਮਸ਼ਹੂਰ ਹਸਤੀਆਂ ਦੇ ਦਿਨ-ਦਿਹਾੜੇ ਕਤਲ, ਅਦਾਲਤ ਤੇ ਇੰਟੈਲੀਜੈਂਸ ਹੈੱਡਕੁਆਟਰ ਆਦਿ ਅਤਿ ਸੁਰੱਖਿਅਤ ਥਾਵਾਂ ‘ਤੇ ਬੰਬ ਧਮਾਕੇ, ਨਸ਼ਿਆਂ ਦਾ ਪ੍ਰਸਾਰ, ਲੁੱਟਾਂ-ਖੋਹਾਂ ਅਤੇ ਜੇਲ੍ਹ ਬ੍ਰੇਕ ਆਦਿ ਸੂਬੇ ਵਿੱਚ ਅਮਨ-ਕਾਨੂੰਨ ਨੂੰ ਭੰਗ ਕਰਕੇ ਅਰਾਜਕਤਾ ਵਿੱਚ ਵਾਧਾ ਕਰ ਰਹੇ ਹਨ। ਭਾਜਪਾ ਨੇਤਾ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ  ਰਾਜ ਦੇ ਪੁਲੀਸ ਮੁਖੀ ਗੌਰਵ ਯਾਦਵ ਨੇ ਬੇਸ਼ੱਕ ਨਸ਼ਿਆਂ ਅਤੇ ਗੈਂਗਸਟਰਾਂ ਨੂੰ ਖਤਮ ਕਰਨ ’ਤੇ ਸੰਜੀਦਗੀ ਨਾਲ ਫੋਕਸ ਕਰਨ ਦਾ ਦਾਅਵਾ ਕੀਤਾ ਹੈ, ਪਰ ਇਹ ਸਹਿਜ ਪ੍ਰਕ੍ਰਿਆ ਨਹੀਂ ਹੋਵੇਗਾ। ਕਿਉਂਕਿ ਸਮਾਜ ਵਿਰੋਧੀ ਅਨਸਰਾਂ ਦੀਆਂ ਇਹ ਸਰਗਰਮੀਆਂ ਕੇਵਲ ਆਪਸੀ ਦੁਸ਼ਮਣੀ ਅਤੇ ਬਦਲੇ ਦੀ ਭਾਵਨਾ ਦਾ ਨਤੀਜਾ ਨਹੀਂ ਹੈ, ਸਗੋਂ ਪਾਕਿਸਤਾਨ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਵੀ ਹਨ। ਭਾਵੇਂ ਕਿ, ਗੈਂਗਸਟਰਾਂ ਨੂੰ ਆਪਣੀਆਂ ਨਾਪਾਕ ਯੋਜਨਾਵਾਂ ਲਈ ਵਰਤ ਕੇ ਪਾਕਿਸਤਾਨ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਕਾਰਵਾਈਆਂ ਸਥਾਨਕ ਅਪਰਾਧਿਕ ਸਮੂਹਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਪਾਕਿਸਤਾਨ ਜਾਂ ਆਈਐਸਆਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਹਕੀਕਤ ਇਹ ਹੈ ਕਿ ਆਈ ਐਸ ਆਈ ਆਪਣੀ ਗੋਦ ਵਿੱਚ ਬੈਠੇ ਅੱਤਵਾਦੀ ਤੱਤਾਂ ਰਾਹੀਂ ਗੈਂਗਸਟਰ ਨੈੱਟਵਰਕ ਦੀ ਵਰਤੋਂ ਕਾਨੂੰਨ ਵਿਵਸਥਾ ਭੰਗ ਕਰਦਿਆਂ ਪੰਜਾਬ ’ਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੇ ਮਕਸਦ ਨਾਲ ਕਰ ਰਿਹਾ ਹੈ।  ਜਿਨ੍ਹਾਂ ਵਿਚ ਫਿਰਕੂ ਤਣਾਅ ਪੈਦਾ ਕਰਨ ਲਈ ਗੈਂਗਸਟਰਾਂ ਰਾਹੀਂ ਹਿੰਦੂ ਆਗੂਆਂ ਪ੍ਰਤੀ ਟਾਰਗੈਟ ਕਿਲਿੰਗ ਨੂੰ ਅੰਜਾਮ ਦਿੱਤਾ ਜਾਣਾ ਵੀ ਸ਼ਾਮਿਲ ਹੈ। ਹਾਲ ਹੀ ’ਚ ਫੜੇ ਗਏ ਕਈ ਮੁਲਜ਼ਮਾਂ ਨੇ ਇਹ ਕਬੂਲ ਕੀਤਾ ਹੈ ਕਿ ਉਨ੍ਹਾਂ ਨੂੰ ਸਰਹੱਦ ਪਾਰ ਤੋਂ ਡਰੋਨ ਰਾਹੀਂ ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਵਾਇਆ ਗਿਆ ਸੀ।
ਸਿੱਧੂ ਮੂਸੇਵਾਲੇ ਦੀ ਹੱਤਿਆ ’ਚ ਅਸਾਲਟ ਰਾਈਫ਼ਲ ਤਕ ਦੀ ਵਰਤੋਂ ਅਤੇ ਮੁਹਾਲੀ ਦੇ ਇੰਟੈਲੀਜੈਂਸ ਹੈੱਡਕੁਆਟਰ ’ਤੇ ਹਮਲੇ ’ਚ  ਰੂਸੀ ਐਂਟੀ-ਟੈਂਕ ਆਰਪੀਜੀ ਦੀ ਵਰਤੋਂ ਸਾਹਮਣੇ ਆਈ, ਜਲੰਧਰ ਤੋਂ ਫੜੇ ਗਏ ਅਨਸਰਾਂ ਕੋਲੋਂ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ’ਚ ਲੱਗੇ ਸੀਕਰੇਟ ਸਰਵਿਸ ਦੇ ਅਧਿਕਾਰੀਆਂ ਦੁਆਰਾ ਵਰਤੇ ਜਾਂਦੇ ਹਥਿਆਰ ਤਕ ਪਾਇਆ ਗਿਆ। ਸੀ-30, 7.62 ਐਮਐਮ ਸਟਾਰ ਪਿਸਤੌਲ, ਗਲੋਕ 17 ਅਤੇ ਬੇਰੇਟਾ ਪਿਸਤੌਲ, ਰਾਕੇਟ ਨਾਲ ਚੱਲਣ ਵਾਲੇ ਗ੍ਰਨੇਡ, ਇਲੈਕਟ੍ਰਾਨਿਕ ਡੈਟੋਨੇਟਰ, ਟਿਫ਼ਨ ਬੰਬ ਆਦਿ ਵਰਗੇ ਅਤਿ ਆਧੁਨਿਕ ਹਥਿਆਰਾਂ ਦਾ ਗੈਂਗਸਟਰਾਂ ਦੇ ਹੱਥਾਂ ’ਚ ਪਹੁੰਚਣਾ ਕਾਨੂੰਨ ਵਿਵਸਥਾ ਲਈ ਵੱਡੀ ਚੁਣੌਤੀ ਬਣ ਗਈ ਹੈ।
ਸ਼ੁਰੂਆਤੀ ਦੌਰ ’ਚ ਗੈਂਗਸਟਰ ਫਿਰੌਤੀ ਲਈ ਅਮੀਰ ਲੋਕਾਂ ਜਾਂ ਉਨ੍ਹਾਂ ਬਚਿਆਂ ਨੂੰ ਅਗਵਾ ਕਰਨ, ਲੁੱਟਾਂ ਖੋਹਾਂ ਤੋਂ ਇਲਾਵਾ  ਸੱਟੇਬਾਜ਼ਾਂ ਅਤੇ ਸ਼ਰਾਬ ਦੇ ਕਾਰੋਬਾਰੀਆਂ ਤੋਂ ਪੈਸੇ ਵਸੂਲਣ ’ਚ ਰੁਚਿਤ ਸਨ। ਫਿਰ ਪੰਜਾਬੀ ਫ਼ਿਲਮ ਅਤੇ ਸੰਗੀਤ ਉਦਯੋਗ ਦੇ ਮੁਨਾਫ਼ੇ ਦੇ ਕਾਰੋਬਾਰ ਨਾਲ ਜੁੜੇ ਲੋਕ ਆਪਣੀ ਸੁਰੱਖਿਆ ਲਈ ਗੈਂਗਸਟਰਾਂ ਨੂੰ ਰੰਗਦਾਰੀ ਦੇਣ ’ਚ ਭਲਾ ਸਮਝਣ ਲੱਗੇ। ਜੇਲ੍ਹ ਯਾਤਰਾ ਦੌਰਾਨ ਕਈ ਗੈਂਗਸਟਰਾਂ ਦਾ ਤਸਕਰਾਂ ਦੇ ਸੰਪਰਕ ’ਚ ਆਉਣਾ ਸਥਿਤੀ ਨੂੰ ਭਿਆਨਕ ਮੋੜਾ ਦੇਣ ਦਾ ਵੱਡਾ ਕਾਰਨ ਬਣਦਾ ਰਿਹਾ। ਤਸਕਰਾਂ ਦੇ ਹਵਾਲੇ ਨਾਲ ਉਨ੍ਹਾਂ ਦਾ ਪਾਕਿਸਤਾਨ ’ਚ ਬੈਠੇ ਡਰੱਗ ਮਾਫ਼ੀਆ ਤਕ ਸੁਖਾਲਾ ਪਹੁੰਚ ਦੇ ਕਾਰਨ ਅੱਜ ਡਰੱਗ ਮਾਰਕੀਟ ਦਾ ਵੱਡਾ ਹਿੱਸਾ ਗੈਂਗਸਟਰ ਨੈੱਟਵਰਕ ਦੇ ਹੱਥ ਲਗ ਚੁੱਕਿਆ ਹੈ। ਜ਼ਿਆਦਾਤਰ ਗੈਂਗਸਟਰ ਜੇਲ੍ਹਾਂ ਵਿੱਚ ਬੰਦ ਹੋਣ ਦੇ ਬਾਵਜੂਦ ਮੋਬਾਈਲ ਫ਼ੋਨ, ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੀ ਵਰਤੋਂ ਕਰਦਿਆਂ ਆਪਣਾ ਨੈੱਟਵਰਕ ਚਲਾ ਰਹੇ ਹਨ। ਕਈਆਂ ਦਾ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਦਿੱਲੀ ਅਤੇ ਮਹਾਰਾਸ਼ਟਰ ਤੱਕ ਨੈੱਟਵਰਕ ਫੈਲਿਆ ਹੋਇਆ ਹੈ। ਹਥਿਆਰ, ਗੋਲਾ-ਬਾਰੂਦ ਸਮੇਤ ਡਰੱਗਜ਼, ਡਰੋਨ ਅਤੇ ਹੋਰ ਸਾਧਨਾਂ ਰਾਹੀਂ ਲਗਾਤਾਰ ਸਰਹੱਦ ਪਾਰੋਂ ਆ ਰਹੇ ਹੋਣਾ ਆਈਐਸਆਈ, ਖਾਲਿਸਤਾਨੀਆਂ, ਤਸਕਰਾਂ ਅਤੇ ਗੈਂਗਸਟਰਾਂ ਦੇ ਆਪਸੀ ਗੱਠਜੋੜ ਨਾਲ ਸੰਭਵ ਹੋ ਰਿਹਾ ਹੈ। ਇਸ ਗੱਠਜੋੜ ’ਚ ਕੁਝ ਔਰਤਾਂ ਅਤੇ ਵਪਾਰੀ ਵੀ ਸ਼ਾਮਿਲ ਹੋ ਚੁੱਕੇ ਹਨ। ਜਿਨ੍ਹਾਂ ਦੇ ਵਪਾਰਕ ਲਾਇਸੈਂਸ ਰਾਹੀਂ ਅਟਾਰੀ ਸਰਹੱਦ ਅਤੇ ਸਮੁੰਦਰੀ ਰਸਤੇ ਤੋਂ ਨਸ਼ਾ ਭਾਰਤ ਆ ਰਿਹਾ ਹੈ। ਇਸ ਖੇਤਰ ’ਚ ਤਸਕਰਾਂ ਅਤੇ ਗੈਂਗਸਟਰਾਂ ਦੇ ਸਿਆਸਤਦਾਨਾਂ ਨਾਲ ਸੰਬੰਧਾਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਿਆਸਤਦਾਨ ਇਕ ਦੂਜੇ ’ਤੇ ਗੈਂਗਸਟਰਾਂ ਅਤੇ ਸਮਗਲਰਾਂ ਨਾਲ ਮਿਲੀਭੁਗਤ ਦੇ ਇਲਜ਼ਾਮ ਆਮ ਲਾਉਂਦੇ ਹਨ। ਇਸ ਸਬੰਧੀ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਰਿਪੋਰਟ ਫਰਵਰੀ 2020 ਨੂੰ ਤਿਆਰ ਕਰਾਈ ਗਈ।  ਇਸੇ ਤਰਾਂ ਦੀ ਇਕ ਰਿਪੋਰਟ ਸਾਬਕਾ ਡੀ ਜੀ ਪੀ ਜੇਲ੍ਹ ਸ੍ਰੀ ਸ਼ਸ਼ੀਕਾਂਤ ਨੇ ਵੀ 2012 ਵਿੱਚ ਤਿਆਰ ਕਰ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪੀ ਸੀ ਪਰ ਇਸ ਨੂੰ ਵੀ ਕਦੇ ਵੀ ਨਸ਼ਰ ਨਹੀਂ ਕੀਤਾ ਗਿਆ । ਜ਼ਾਹਿਰ ਹੈ ਹਮਾਮ ’ਚ ਸਭ ਨੰਗੇ ਹਨ। ਕੁਝ ਸਿਆਸਤਦਾਨ ਤਾਂ ਜੇਲ੍ਹ ਦੀ ਹਵਾ ਫੱਕਣ ਲਈ ਵੀ ਮਜਬੂਰ ਹੋਏ ਹਨ।  ਇਹ ਵੀ ਇੱਕ ਹਕੀਕਤ ਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਪੁਲਿਸ ਗੈਂਗਸਟਰਾਂ ਤੇ ਤਸਕਰਾਂ ਵਿਰੁੱਧ ਕਾਰਵਾਈ ਕਰਨ ਤੋਂ ਝਿਜਕਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਇਨ੍ਹਾਂ ਨੂੰ ਸਿਆਸੀ ਸ਼ਹਿ ਪ੍ਰਾਪਤ ਹੈ।  ਸਿਆਸਤਦਾਨ ਆਪਣੇ ਹਿੱਤਾਂ ਲਈ ਨੌਜਵਾਨਾਂ ਨੂੰ ਗੁਮਰਾਹ ਕਰਕੇ ਗ਼ਲਤ ਰਾਹੇ ਪਾ ਰਹੇ ਹਨ। ਉੱਥੇ ਹੀ ਕੁਝ ਗੈਂਗਸਟਰ ਆਪਣੇ ਆਪ ਨੂੰ ਕਾਨੂੰਨ ਦੇ ਹੱਥਾਂ ਤੋਂ ਦੂਰ ਰੱਖਣ ਲਈ ਸਿਆਸਤਦਾਨਾਂ ਦੀ ਛਤਰ ਛਾਇਆ ’ਚ ਰਹਿੰਦੇ ਹਨ। ਜਸਵਿੰਦਰ ਰੌਕੀ ਹੋਵੇ ਜਾਂ ਲੱਖਾ ਸਿਧਾਣਾ, ਸਿਆਸਤ ਨੂੰ ਅਪਰਾਧੀਆਂ ਲਈ ਪਵਿੱਤਰ ਗੰਗਾ ਸਮਝ ਕੇ ਕਿਸਮਤ ਅਜ਼ਮਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ।
ਨੌਜਵਾਨਾਂ ਦਾ ਗੈਂਗਸਟਰਾਂ ਦੀ ਫਿਲਮੀ ਜੀਵਨ ਸ਼ੈਲੀ, ਅਮੀਰੀ, ਝੂਠੀ ਸ਼ੁਹਰਤ ਅਤੇ ਸੁਖਾਲੀ ਧਨ ਪ੍ਰਾਪਤੀ ਵਲ ਆਕਰਸ਼ਿਤ ਹੋ ਕੇ ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾਂ ਗੈਂਗਸਟਰਾਂ ਵਿੱਚ ਰਲ ਰਹੇ ਹਨ। ਫ਼ਿਲਮ ਅਤੇ ਸੰਗੀਤ ਉਦਯੋਗ ਦੁਆਰਾ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਨਸ਼ਿਆਂ ਦੀ ਸਪਲਾਈ ਲਈ ਛੋਟਾ ਮੋਟਾ ਹੱਥ ਮਾਰਨਾ ਵੀ ਅੱਗੇ ਜਾ ਕੇ ਵੱਡੇ ਜ਼ੁਲਮਾਂ ਦੀ ਆਦਤ ਬਣ ਜਾਂਦੀ ਹੈ। ਇਸ ਸਮੇਂ ਪੰਜਾਬ ਵਿਚ ਕਿੰਨੇ ਗੈਂਗਸਟਰ ਅਤੇ ਕਿੰਨੇ ਗਿਰੋਹ ਹੋਣ ਬਾਰੇ ਸਹੀ ਅੰਦਾਜ਼ਾ ਲਾਉਣਾ ਕਠਿਨ ਹੈ। ਸਰਹੱਦੀ ਸੂਬੇ ਪੰਜਾਬ ਦੀ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੇਸ਼ ਲਈ ਨੁਕਸਾਨਦੇਹ ਹੈ। ਨਿੱਤ ਵਾਪਰਦੀਆਂ ਮੰਦਭਾਗੀਆਂ ਘਟਨਾਵਾਂ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਪਹਿਲ ਕਰ ਰਹੇ ਹਨ। ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੀਹ ‘ਤੇ ਲਿਆਉਣਾ ਸੂਬਾ ਸਰਕਾਰ ਤੇ ਪੁਲੀਸ ਦੀ ਕੋਸ਼ਿਸ਼ ਨਾ ਕਾਫੀ ਹੈ। ਲੋਕ ਯੂ ਪੀ ਦੀ ਯੋਗੀ ਸਰਕਾਰ ‘ਬੁਲਡੋਜ਼ਰ ਬਾਬੇ’ ਦੀ ਤਰਜ਼ ‘ਤੇ ਗੈਂਗਸਟਰਾਂ ‘ਤੇ ਸਖ਼ਤੀ ਨਾਲ ਸ਼ਿਕੰਜਾ ਕੱਸਿਆ ਦੇਖਣਾ ਚਾਹੁੰਦੇ ਹਨ।  ਰਾਜ ਸਰਕਾਰ ਵੱਲੋਂ ਗੈਂਗਸਟਰਾਂ ਨਾਲ ਨਜਿੱਠਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਕਾਇਮ ਕੀਤੀ ਗਈ ਹੈ। ਪੁਲਿਸ ਫੋਰਸ ਦੇ ਆਧੁਨਿਕੀਕਰਨ ਲਈ  ਬਜਟ ’ਚ 108 ਕਰੋੜਾਂ ਰੁਪਏ ਦੀ ਵਿਵਸਥਾ ਨਾਲ ਸਾਰੇ ਜ਼ਿਲ੍ਹਿਆਂ ਵਿੱਚ 30-30 ਕਰੋੜ ਰੁਪਏ ਦੀ ਲਾਗਤ ਨਾਲ ਸਾਈਬਰ ਕ੍ਰਾਈਮ ਰੂਮ ਸਥਾਪਤ ਕੀਤਾ ਜਾਣਾ ਹੈ। ਖ਼ੁਫ਼ੀਆ ਤੰਤਰ ਬਹੁਤ ਵੱਡਾ ਹਥਿਆਰ ਹੈ, ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਲ ਫੌਰਨ ਧਿਆਨ ਦੇਣ ਦੀ ਲੋੜ ਹੈ। ਜ਼ਮਾਨਤ ਜਾਂ ਪੈਰੋਲ ‘ਤੇ ਬਾਹਰ ਆਉਣ ਵਾਲੇ ਅਪਰਾਧੀਆਂ ‘ਤੇ ਨਜ਼ਰ ਰੱਖੀ ਜਾਵੇ। ਸਰਹੱਦ ਪਾਰ ਹਥਿਆਰਾਂ ਦੀ ਸਪਲਾਈ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਐਂਟੀ-ਡਰੋਨ ਤਕਨਾਲੋਜੀ ਨੂੰ ਹੋਰ ਵਿਕਸਤ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਮਜ਼ਬੂਤ ਤੇ ਦ੍ਰਿੜ੍ਹ ਇੱਛਾ ਸ਼ਕਤੀ ਦਾ ਹੋਣਾ ਜ਼ਰੂਰੀ ਹੈ। ਗੈਂਗਸਟਰਾਂ ਦੀ ਨਵੀਂ ਚੁਣੌਤੀ ਨਾਲ ਨਜਿੱਠਣ ਲਈ ਲੋਕਾਂ ਦਾ ਭਰੋਸਾ ਜਿੱਤਣਾ ਜ਼ਰੂਰੀ ਹੈ।  ਗੁਮਰਾਹ ਹੋਏ ਨੌਜਵਾਨਾਂ ਨੂੰ ਇਕ ਮੌਕਾ ਦਿੰਦਿਆਂ ਉਨ੍ਹਾਂ ਦੀ ਘਰ ਵਾਪਸੀ ਰਾਹੀਂ ਮੁੱਖ ਧਾਰਾ ਨਾਲ ਜੋੜ ਕੇ ਹੀ ਪਾਕਿਸਤਾਨ ਵੱਲੋਂ ਜਾਰੀ ਅੱਤਵਾਦ ਦੀ ਲੁਕਵੀਂ ਜੰਗ ਜਿੱਤੀ ਜਾ ਸਕਦੀ ਹੈ।

NO COMMENTS

LEAVE A REPLY