ਅੰਮ੍ਰਿਤਸਰ,15 ਜੁਲਾਈ(ਰਾਜਿੰਦਰ ਧਾਨਿਕ) : ਜਲ ਸਰੋਤ ਵਿਭਾਗ ਵਿੱਚ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਯੂਨੀਅਨਾਂ ਦੀ ਸਾਂਝੀ ਐਕਸ਼ਨ ਕਮੇਟੀ ਨੇ ਨਿਗਰਾਨ ਇੰਜੀਨੀਅਰ ਅਪਰਬਾਰੀ ਦੁਆਬ ਨਹਿਰ ਹਲਕਾ ਅੰਮ੍ਰਿਤਸਰ ਦੇ ਰਾਹੀਂ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਂ ਮੰਗ ਪੱਤਰ ਭੇਜ ਕੇ ਪਮੁੱਖ ਸਕੱਤਰ ਜਲ ਸਰੋਤ ਵਿਭਾਗ ਕ੍ਰਿਸ਼ਨ ਕੁਮਾਰ ਦੀਆਂ ਮਨਮਾਨੀਆਂ ਨੂੰ ਠਲ ਪਾਉਣ ਦੀ ਮੰਗ ਕੀਤੀ ਹੈ।ਯੂ ਬੀ ਡੀ ਸੀ ਸਰਕਲ ਅਤੇ ਡਰੇਨਿਜ ਸਰਕਲ ਅੰਮ੍ਰਿਤਸਰ ਦੇ ਇੰਜੀਨੀਅਰਿੰਗ ਵਿੰਗ ਦੇ ਅਫਸਰਾਂ ਅਤੇ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਦੀ ਅੰਮ੍ਰਿਤਸਰ ਵਿਖੇ ਹੋਈ ਭਰਵੀਂ ਇਕੱਤਰਤਾ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਵੱਲੋਂ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮੀਟਿੰਗਾਂ ਦੌਰਾਨ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ।ਜਿਸ ਕਾਰਨ ਅਧਿਕਾਰੀ ਅਤੇ ਕਰਮਚਾਰੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਹਨ।ਉਨ੍ਹਾਂ ਕਿਹਾ ਕਿ ਪ੍ਰਮੁੱਖ ਸਕੱਤਰ ਵੱਲੋ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਬਾਰ ਬਾਰ ਰਿਸ਼ਵਤਖੋਰ ਹੋਣ ਦਾ ਦੋਸ ਲਗਾਕੇ ਵਿਭਾਗ ਵਿੱਚ ਕੰਮ ਕਰਦੇ ਮੁਲਾਜਮਾਂ ਅਤੇ ਵਿਭਾਗ ਨੂੰ ਬਹੁਤ ਬਦਨਾਮ ਕੀਤਾ ਜਾ ਰਿਹਾ ਹੈ।ਇਸ ਤਰ੍ਹਾਂ ਨਾਲ ਵਿਭਾਗ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਮਾਜ ਵਿੱਚ ਅਕਸ ਖਰਾਬ ਹੋ ਰਿਹਾ ਹੈਇਸ ਤੋਂ ਇਲਾਵਾ ਮੁਲਾਜਮਾਂ ਦੀਆਂ ਬਿਨਾਂ ਕਿਸੇ ਦੋਸ਼ ਦੱਸੇ ਚਾਰਜਸ਼ੀਟਾਂ ਸਸਪੈਂਸ਼ਨਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਜਿਸ ਕਰਕੇ ਵਿਭਾਗ ਵਿੱਚ ਬਹੁਤ ਹੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਬੁਲਾਰਿਆਂ ਨੇ ਮੰਗ ਕੀਤੀ ਹੈ ਕਿ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਕ੍ਰਿਸ਼ਨ ਕੁਮਾਰ ਦੇ ਕਾਰਜਕਾਲ ਦੌਰਾਨ ਜਿਹਨਾਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਚਾਰਜਸ਼ੀਟਾਂ/ਸਸਪੈਂਸ਼ਨਾਂ ਗਲਤ ਢੰਗ ਨਾਲ ਕੀਤੀਆਂ ਗਈਆਂ ਹਨ।ਉਨ੍ਹਾਂ ਨੂੰ ਮੁਕੰਮਲ ਰੂਪ ਵਿੱਚ ਰੱਦ ਕੀਤਾ ਜਾਵੇ, ਭਵਿੱਖ ਵਿੱਚ ਇਸ ਪ੍ਰਚਲਨ ਨੂੰ ਬੰਦ ਕੀਤਾ ਜਾਵੇ, ਸੈਂਟਰਲ ਵਿਜੀਲੈਂਸ ਕਮਿਸ਼ਨ ਦੇ ਸਰਕੂਲਰ ਨੰਬਰ 12/09/20 ਸਨਮੁੱਖ ਇਨੋਨੀਮੱਸ / ਸੁਡੋ – ਇਨੋਨੀਮੇਂਸ ਸ਼ਿਕਾਇਤਾਂ ਤੇ ਬਿਨਾਂ ਐਫੀਡੈਵਿਟ ਤੋਂ ਕਿਸੇ ਵੀ ਕਿਸਮ ਦੀ ਕਾਰਵਾਈ ਨਾਂ ਆਰੰਭੀ ਜਾਵੇ।ਅਖਿਰ ਵਿੱਚ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਤੇ ਜਲਦ ਵਿਚਾਰ ਨਾ ਕੀਤੀ ਗਈ ਤਾਂ ਉਹ 15 ਜੁਲਾਈ ਤੋਂ ਅਣਮਿਥੇ ਸਮੇਂ ਤੱਕ ਕਲਮ ਛੋੜ ਹੜਤਾਲ ਕਰ ਦੇਣਗੇ। ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਖੁਦ ਹੋਵੇਗੀ।ਇਸ ਮੌਕੇ ਇੰਜੀ: ਵਿਨੈ ਕੁਮਾਰ ਕਠੂਰੀਆ, ਚਰਨਜੀਤ ਸਿੰਘ ਸੰਧੂ, ਹੈਪੀ ਕੁਮਾਰ, ਮਹੇਸ਼ ਸਿੰਘ,ਵਿਸਾਲ ਮਹਿਤਾ, ਗੁਰਬੀਰ ਸਿੰਘ, ਸਾਹਿਲ ਕੁਮਾਰ, ਸਿਮਰਨਜੀਤ ਸਿੰਘ, ਪ੍ਰੀਤਸਿਮਰ ਸਿੰਘ ਸਾਰੇ(ਕਾਰਜਕਾਰੀ ਇੰਜੀਨੀਅਰ) ਦਿਲਪ੍ਰੀਤ ਸਿੰਘ, ਸੰਦੀਪ ਗਰੋਵਰ,ਮਨਪ੍ਰੀਤ ਸਿੰਘ,ਸਤਨਾਮ ਸਿੰਘ ਭੁੱਲਰ,ਰਾਕੇਸ਼ ਗੁਪਤਾ, ਅਜੈਬੀਰ ਸਿੰਘ, ਪ੍ਰਦੀਪ ਸਰਮਾਂ, ਰਮਨਪ੍ਰੀਤ ਸਿੰਘ, ਅਭਿਸ਼ੇਕ ਗਿੱਲ, ਰਛਮਿੰਦਰ ਸਿੰਘ, ਗੁਰਿੰਦਰਜੀਤ ਸਿੰਘ ਸੰਧੂ, (ਉਪ ਮੰਡਲ ਅਫਸਰ) ਕਮਲਦੀਪ ਸਿੰਘ ਢਿੱਲੋਂ ਅਤੇ ਗੁਰਜੋਤ ਸਿੰਘ ਜੇ ਈ, ਤੋਂ ਇਲਾਵਾ ਵਖ ਵਖ ਮੁਲਾਜਮ ਜਥੇਬੰਦੀਆਂ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰ ਵੱਡੀ ਗਿਣਤੀ ਵਿੱਚ ਹਾਜਰ ਸਨ।