ਅਗਨੀਪਥ ‘ਤੇ ਵਿਰੋਧ ਦਾ ਮਤਾ ਵਿਧਾਨ ਸਭਾ ‘ਚ ਪਾਸ ਕਰਵਾਉਣਾ ਸਿਰਫ ਫਿਲਮੀ ਡਰਾਮਾ ਹੈ: ਚੁੱਘ
ਚੰਡੀਗੜ੍ਹ/ਅੰਮ੍ਰਿਤਸਰ, 8 ਜੁਲਾਈ (ਪਵਿੱਤਰ ਜੋਤ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਗਨੀਪਥ ਸਕੀਮ ਨੂੰ ਲੈ ਕੇ ਨੌਜਵਾਨ ਪੀੜ੍ਹੀ ਦੇ ਸਾਹਮਣੇ ਕੰਡੇ ਵਿਛਾ ਰਹੀ ਹੈ। ਜਦੋਂ ਅਗਨੀਪਥ ਸਕੀਮ ਦਾ ਐਲਾਨ ਹੋਇਆ ਸੀ ਤਾਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਰੁਜ਼ਗਾਰ ਦਫ਼ਤਰਾਂ ਨੂੰ ਪੱਤਰ ਜਾਰੀ ਕੀਤੇ ਸਨ। ਹੁਣ ਮੁੱਖਮੰਤਰੀ ਭਗਵੰਤ ਮਾਨ ਇਸ ਯੋਜਨਾ ਦਾ ਵਿਰੌਧ ਇਸ ਕਰਕੇ ਕਰ ਰਹੇ ਹਨ ਕਿਉਕਿ ਉਹਨਾਂ ਦੇ ਰਾਜਨੀਤਿਕ ਆਕਾ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨਾਰਾਜ਼ ਨਾ ਹੋ ਜਾਣ।
ਜਾਰੀ ਇੱਕ ਬਿਆਨ ਵਿੱਚ ਤਰੁਣ ਚੁੱਘ ਨੇ ਕਿਹਾ ਕਿ ਰੋਜ਼ਗਾਰ ਸੂਜ਼ਨ ਵਿਭਾਗ ਦਾ ਪੱਤਰ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਸਰਕਾਰ ਦੀ ਇਸ ਅਭਿਲਾਸ਼ੀ ਯੋਜਨਾ ਦਾ ਵਿਰੋਧ ਕਰਨਾ ਆਪਣੀ ਹੀ ਸਰਕਾਰ ਵੱਲੋਂ ਬਣਾਈ ਗਈ ਨੀਤੀ ਤੋਂ ਇੱਕ ਕਦਮ ਪਿੱਛੇ ਹਟਣਾ ਹੈ।ਮੁੱਖ ਮੰਤਰੀ ਮਾਨ ਅਗਨੀਪਥ ਯੋਜਨਾ ਦੇ ਖਿਲਾਫ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ ਕਰਕੇ ਜਿੱਥੇ ਦੇਸ਼ ਦੇ ਸੰਘੀ ਢਾਂਚੇ ਅਤੇ ਸੰਵਿਧਾਨਕ ਸ਼ਕਤੀਆਂ ਵਿਰੁੱਧ ਰਾਗ ਗਾ ਰਹੇ ਹਨ, ਪਰ ਉਨ੍ਹਾਂ ਨੂੰ ਯਾਦ ਰੱਖਣਾ ਪਵੇਗਾ ਕਿ ਵਾਯੂਵੀਰ ਸਕੀਮ ਤਹਿਤ ਲੱਖਾਂ ਨੌਜਵਾਨਾਂ ਨੇ ਇਸ ਸਕੀਮ ’ਤੇ ਆਪਣੀ ਮੋਹਰ ਲਾਈ ਹੈ। ਕੁਝ ਦਿਨਾਂ ਦੇ ਅੰਦਰ ਥਲ ਸੈਨਾ ਦੀ ਭਰਤੀ ਲਈ ਅਗਨੀਪਥ ਲਈ ਅਰਜ਼ੀਆਂ ਮੰਗੀਆਂ ਜਾਣਗੀਆਂ, ਨੌਜਵਾਨਾਂ ਨੂੰ ਇਸ ਯੋਜਨਾ ਦੇ ਪ੍ਰਤੀ ਕਿੰਨਾ ਉਤਸ਼ਾਹ ਹੈ, ਸੀ ਐਮ ਮਾਨ ਨੂੰ ਛੇਤੀ ਹੀ ਇਹਦੀ ਜਾਣਕਾਰੀ ਹੋ ਜਾਏਗੀ। ਚੁੱਘ ਨੇ ਸੀ.ਐਮ ਮਾਨ ਨੂੰ ਅਪੀਲ ਕੀਤੀ ਕਿ ਉਹ ਟਕਰਾਅ ਦੀ ਰਾਜਨੀਤੀ ਛੱਡ ਕੇ ਸਾਰਥਿਕ ਰਾਜਨੀਤੀ ਕਰਕੇ ਸੂਬੇ ਦੇ ਵਿਕਾਸ ਲਈ ਕੇਂਦਰੀ ਸਕੀਮਾਂ ਨੂੰ ਲਾਗੂ ਕਰਨ।