ਲੀਡਰਸ਼ਿਪ  ਤਬਦੀਲੀ ਅਕਾਲੀ ਦਲ ਲਈ ਪ੍ਰਾਥਮਿਕਤਾ ਹੋਵੇ

0
21

ਅੰਮ੍ਰਿਤਸਰ 27 ਜੂਨ (ਪਵਿੱਤਰ ਜੋਤ) : ਆਮ ਤੌਰ ’ਤੇ ਜ਼ਿਮਨੀ ਚੋਣ ਵਿਚ ਸਤਾਧਿਰ ਦਾ ਉਮੀਦਵਾਰ ਹੀ ਜੇਤੂ ਹੋਇਆ ਕਰਦਾ ਹੈ। ਪਰ ਇਹ ਪਹਿਲੀ ਵਾਰ ਦੇਖਿਆ ਗਿਆ ਕਿ 92 ਸੀਟਾਂ ਦੇ ਇਤਿਹਾਸਕ ਬਹੁਮਤ ਨਾਲ ਮਹਿਜ਼ ਤਿੰਨ ਮਹੀਨੇ ਪਹਿਲਾਂ ਬਣੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ , ਜਿੱਥੋਂ ਦਾ ਮੁੱਖ ਮੰਤਰੀ ਵੀ ਹੋਵੇ ਅਤੇ ਲੋਕਾਂ ਨੇ ਜਿਸ ਤੋਂ ਪੌਣੇ ਪੰਜ ਸਾਲ ਕੰਮ ਲੈਣੇ ਹੋਣ, ਉੱਥੇ ਸੰਗਰੂਰ ਦੇ ਲੋਕਾਂ ਨੇ ਮੌਕੇ ਦੀ ਨਜ਼ਾਕਤ ਨੂੰ ਪਹਿਲ ਨਹੀਂ ਦਿੱਤੀ ਸਗੋਂ ਸਮੂਹ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੀ ਤਰਜਮਾਨੀ ਕੀਤੀ ਅਤੇ ਸਰਕਾਰ ਖ਼ਿਲਾਫ਼ ਭੁਗਤ ਕੇ ਉਸ ਦੇ ਗਰੂਰ ਨੂੰ ਚਕਨਾਚੂਰ ਕਰਦਿਆਂ ’ਮੇਰਾ ਨਹੀਂ ਕਸੂਰ ਮੇਰਾ ਜ਼ਿਲ੍ਹਾ ਸੰਗਰੂਰ ’ਦੀ ਕਹਾਵਤ ਦੇ ਨਕਾਰਾਤਮਿਕ ਅਰਥਾਂ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਇਹ ਸ਼ਬਦ ਭਾਜਪਾ ਨੇਤਾ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਆਖਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪ ਦੇ ਉਮੀਦਵਾਰ ਨੂੰ ਹਾਰ ਦੇ ਕੇ ਬਦਲਾਅ ਦੀ ਰਾਜਨੀਤੀ ਹੇਠ ਸਿਆਸਤ ਕਰ ਰਹੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਰਾਰਾ ਝਟਕਾ ਹੀ ਨਹੀਂ ਦਿੱਤਾ ਸਗੋਂ ’ਆਪ’ਦੀ ਲੋਕ ਸਭਾ ’ਚ ਇੱਕੋ ਇਕ ਸੀਟ ਵੀ ਖੋਹ ਲਈ ਹੈ। ਜਿਸ ਦਾ ਅਸਰ ’ਆਪ’ ਲਈ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ’ਤੇ ਵੀ ਅਵੱਸ਼ ਪੈਣ ਵਾਲਾ ਹੈ। ਕਹਿ ਲਿਆ ਜਾਵੇ ਤਾਂ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਦੀ ਸਥਾਪਨਾ ਉਪਰੰਤ ਆਪ ਮੁਹਾਰੇ ਹੋਈ ਆਪ ਦੇ ਸੁਪਰੀਮੋ ਕੇਜਰੀਵਾਲ ਦੀ ਪੰਜਾਬ ਪ੍ਰਤੀ ਸਾਹਮਣੇ ਆਈ ਪਹੁੰਚ ਅਤੇ ਕਾਰਗੁਜ਼ਾਰੀਆਂ ਨੂੰ ਨਾਪਸੰਦ ਕਰਦਿਆਂ ਉਸ ਨੂੰ ਕਰਾਰਾ ਜਵਾਬ ਦਿੱਤਾ ਹੈ। ਕੇਜਰੀਵਾਲ ਨੂੰ ਪੰਜਾਬੀਆਂ ਨੇ ਆਪਣੇ ਸੁਭਾਅ ਦੀ ਤਰਜਮਾਨੀ ਕਰਨ ਦਾ ਇਕ ਮੌਕਾ ਦਿੱਤਾ ਸੀ ਪਰ ਉਹ ਇਸ ਵਿਚ ਅਤੇ ਇਸ ਨੂੰ ਆਂਕਣ ਵਿਚ ਪੂਰੀ ਤਰਾਂ ਫੇਲ ਸਬਤ ਹੋਇਆ।  ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਕਰ ਕੇ ਖ਼ਾਲੀ ਕੀਤੀ ਗਈ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੌਰਾਨ ਅਵਾਮ ਨੇ ਖ਼ਾਲਿਸਤਾਨ ਦੇ ਸਮਰਥਕ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਤੇ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੇ ਹੱਕ ’ਚ ਫ਼ਤਵਾ ਦੇ ਕੇ ਬਹੁ ਆਯਾਮੀ ਸੁਨੇਹਾ ਦੇ ਦਿੱਤਾ ਹੈ। ਪੰਜਾਬ ’ਚ ਕੇਜਰੀਵਾਲ ਅਤੇ ਆਪ ਦਾ ਉਭਾਰ ਲੀਡਰਸ਼ਿਪ ਸੰਕਟ ਦਾ ਨਤੀਜਾ ਹੈ। ਪਰ ਸ: ਮਾਨ ਦੇ ਹੱਕ ’ਚ ਫ਼ਤਵਾ ਇਹ ਜ਼ਾਹਿਰ ਕਰਦਾ ਹੈ ਕਿ ਪੰਜਾਬੀਆਂ ’ਚ ਪੰਜਾਬ ਪੱਖੀ ਲੀਡਰਸ਼ਿਪ  ਦੀ ਤਲਾਸ਼ ਅੱਜ ਵੀ ਜਾਰੀ ਹੈ। ਕਾਂਗਰਸ ਪਾਰਟੀ ਨੂੰ ਜਿੱਥੇ ਨੁਕਸਾਨ ਸਹਿਣਾ ਪਿਆ ਉੱਥੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਚ ਆਪਣੀ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਕਰ ਲਈ ਹੈ। ਕੇਵਲ ਕੇਜਰੀਵਾਲ ਨੂੰ ਹੀ ਨਹੀਂ ਸਗੋਂ ਪੰਜਾਬ ਦੀ ਇਕ ਸਦੀ ਪੁਰਾਣੀ ਪਾਰਟੀ ਅਤੇ ਅਨੇਕਾਂ ਕੁਰਬਾਨੀਆਂ ਨਾਲ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਵੀ ਗਹਿਰੀ ਨਮੋਸ਼ੀ ਸਹਿਣੀ ਪੈ ਰਹੀ ਹੈ। ਜਿਸ ਦੀ ਅਗਵਾਈ ’ਚ ਅਕਾਲੀ ਦਲ 2017 ਅਤੇ ਫਿਰ ਫਰਵਰੀ 2022 ਦੀਆਂ ਵਿਧਾਨਸਭਾ ਚੋਣਾਂ ’ਚ ਕੇਵਲ 2 ਸੀਟਾਂ ਅਤੇ ਹੁਣ ਜ਼ਿਮਨੀ ਚੋਣ ’ਚ ਪਾਰਟੀ ਸਿਆਸੀ ਹਾਸ਼ੀਏ ’ਤੇ ਅੱਪੜ ਗਈ ਹੈ। ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਦਾ ਪੰਜਵੇਂ ਸਥਾਨ ’ਤੇ ਆਉਣਾ ਇਹ ਸਬਤ ਨਹੀਂ ਕਰਦਾ ਕਿ ਲੋਕਾਂ ਦਾ ਅਕਾਲੀ ਦਲ ਤੋਂ ਮੋਹ ਭੰਗ ਹੋ ਚੁੱਕਿਆ ਹੈ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨਾਲ ਕਿਹਾ ਜਾ ਸਕਦਾ ਹੈ। ਪੰਜਾਬੀਆਂ ਲਈ ਅਕਾਲੀ ਦਲ ਅੱਜ ਵੀ ਆਸ ਦੀ ਕਿਰਨ ਹੈ। ਲੀਡਰਸ਼ਿਪ ਖ਼ਲਾਅ ਦੌਰਾਨ ਵੀ ਪੰਜਾਬੀਆ ਵੱਲੋਂ ਸ: ਸਿਮਰਨਜੀਤ ਸਿੰਘ ਮਾਨ ਜੋ ਕਿ ਇਕ ਅਕਾਲੀ ਹਨ, ਦੀ ਚੋਣ ਕਰਨੀ ਅਕਾਲੀ ਦਲ ਪ੍ਰਤੀ ਭਰੋਸੇ ਦਾ ਲਖਾਇਕ ਹੈ। ਬੇਸ਼ੱਕ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸ: ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਦੀ ਲੀਡਰਸ਼ਿਪ ਖ਼ਲਾਅ ਨੂੰ ਭਰਨ ’ਚ ਕਿੰਨਾ ਕਾਮਯਾਬ ਹੁੰਦਾ ਹੈ, ਕਿਉਂਕਿ ਉਸ ਦਾ ਅਤੀਤ ਗਵਾਹ ਹੈ ਕਿ ਉਸ ਨੂੰ ਪੰਜਾਬ ਨੇ ਘੱਟੋ ਘਟ ਤਿੰਨ ਵਾਰ ਅਗਵਾਈ ਦਾ ਮੌਕਾ ਦਿੱਤਾ ਸੀ, ਜਿਸ ਨੂੰ ਉਹ ਸੰਭਾਲ ਨਹੀਂ ਪਾਏ। ਅੱਜ , ਜਦੋਂ ਕਿ ਜਿੱਤ ਹਾਰ ਦਾ ਨਤੀਜਾ ਸਾਹਮਣੇ ਆ ਚੁੱਕਿਆ ਹੈ ਤਾਂ ਵੀ ਜਿੱਥੇ ਕੇਜਰੀਵਾਲ ਦੀ ਪੰਜਾਬ ਪ੍ਰਤੀ ਪਹੁੰਚ ਅਤੇ ਭਗਵੰਤ ਮਾਨ ਸਰਕਾਰ ਦੀਆਂ ਕਾਰਗੁਜ਼ਾਰੀਆਂ  ਅਤੇ ਆਪ ਦੀ ਪੰਜਾਬ ਇਕਾਈ ਲਈ ਪੰਜਾਬ ਦੇ ਮੁੱਦਿਆਂ ਦੀ ਪਛਾਣ ਪੰਜਾਬ ਲਈ ਦ੍ਰਿੜ੍ਹਤਾ ਨੂੰ ਅਪਣਾਉਣ ਦੀ ਲੋੜ ਪ੍ਰਤੀ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਉੱਥੇ ਸੁਖਬੀਰ ਬਾਦਲ ਅਤੇ ਬਾਦਲ ਪਰਿਵਾਰ ਦੀ ਕਾਰਗੁਜ਼ਾਰੀ ਦੀ ਕੀਤੀ ਜਾ ਰਹੀ ਵਿਸ਼ੇਸ਼ ਚਰਚਾ ਇਹ ਸਬਤ ਕਰਦਾ ਹੈ ਕਿ ਅਕਾਲੀ ਦਲ ਲੋਕਾਂ ਦੇ ਦਿਲਾਂ ਵਿਚ ਅੱਜ ਵੀ ਅਹਿਮ ਸਥਾਨ ਰੱਖਦਾ ਹੈ। ਸ: ਮਾਨ ਦੀ ਕਾਮਯਾਬੀ ਇਹ ਦਸ ਰਿਹਾ ਹੈ ਕਿ ਅਕਾਲੀ ਹਲਕਿਆਂ ’ਚ ਸੁਖਬੀਰ ਬਾਦਲ ਹਾਲ ਦੀ ਘੜੀ ਆਪਣਾ ਭਰੋਸਾ ਗੁਆ ਚੁੱਕਿਆ ਹੈ। ਅੱਜ ਆਪ ਅਤੇ ਅਕਾਲੀ ਦਲ ਦਾ ਮੀਡੀਆ ਮੈਨੇਜ ਵੀ ਕਿਸੇ ਕੰਮ ਨਹੀਂ ਆਇਆ। ਸ: ਮਾਨ ਵਰਗੇ ਖ਼ਾਲਿਸਤਾਨ ਸਮਰਥਕ ਦਾ ਜੇਤੂ ਹੋਣਾ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਸੰਘੀ ਸਰੂਪ ਪ੍ਰਤੀ ਪ੍ਰਸੰਗਿਕਤਾ ਅੱਜ ਵੀ ਕਾਇਮ ਹੋਣ ਦਾ ਇਸ਼ਾਰਾ ਦੇ ਰਿਹਾ ਹੈ।
ਬਾਦਲ ਪਰਿਵਾਰ ਪੰਜ ਵਾਰ ਮੁੱਖਮੰਤਰੀ ਅਤੇ ਸੁਖਬੀਰ ਬਾਦਲ ਨੂੰ 2007 ਤੋਂ 2017 ਤਕ ਸਤਾ ਸੌਂਪ ਕੇ ਪੰਥ ਦੀ ਸੋਚ ਅਪਣਾਉਣ ਅਤੇ ਅਗਵਾਈ ਦਾ ਮੌਕਾ ਦਿੱਤਾ। ਹਾਲਾਂਕਿ ਸਤਾ ਵਿਚ ਰਹਿਣ ਦੇ ਬਾਵਜੂਦ ਪੰਥਕ ਨਬਜ਼ ਨੂੰ ਉਹ ਨਹੀਂ ਪਛਾਣ ਸਕਿਆ। ਜਿਨ੍ਹਾਂ ਦੇ ਸਹਾਰੇ ਸਿਆਸੀ ਤਾਕਤ ਹਾਸਲ ਕੀਤੀ ਜਾਂਦੀ ਸੀ, ਉਨ੍ਹਾਂ ਸੰਸਥਾਵਾਂ ਅਦਾਰਿਆਂ ਨੂੰ ਸਵਾਰਥੀ ਹਿਤਾਂ ਲਈ ਵਰਤਣਾ , ਪੰਥ ’ਚ ਰੋਹ ਦਾ ਕਾਰਨ ਬਣਿਆ। ਬਾਦਲਾਂ ਵੱਲੋਂ ਕੀਤੀਆਂ ਗਈਆਂ ਗ਼ਲਤੀਆਂ ਗੁਨਾਹਾਂ ਨਾਲ ਲੀਡਰਸ਼ਿਪ ਦਾ ਸੰਕਟ ਹੀ ਨਹੀਂ ਸਗੋਂ ਹੋਰ ਵੀ ਵੱਡੀਆਂ ਚੁਨੌਤੀਆਂ ਨਾਲ ਅਕਾਲੀ ਦਲ ਜੂਝ ਰਿਹਾ ਹੈ। ਇਸ ਸੰਕਟ ਵਿਚੋਂ ਨਿਕਲਣ ਲਈ ਪੰਥਕ ਮੁੱਦਿਆਂ ਵਲ ਮੁੜਦਿਆਂ ਸਿੱਖਾਂ ’ਚ ਭਰੋਸਾ ਬੰਨ੍ਹਦਿਆਂ ਪੰਥ ’ਚ ਮੁੜ ਜਗ੍ਹਾ ਭਾਲਣ ਪ੍ਰਤੀ ਜੋ ਵੀ ਰਣਨੀਤੀ ਬਣਾਈ ਜਾ ਰਹੀ ਹੈ ਉਸ ਨਾਲ ਮਸਲਾ ਸੁਲਝਣ ਦੀ ਥਾਂ ਲਗਾਤਾਰ ਪੁੱਠੀ ਪੈ ਰਹੀ ਹੈ। ਪੰਜਾਬੀ ਪਾਰਟੀ ਬਣਾ ਕੇ ਪੰਥ ਤੋਂ ਕਿਸੇ ਹੱਦ ਤਕ ਕਿਨਾਰਾ ਕਰਨ ਵਾਲਿਆਂ ਨੂੰ ਅੱਜ ਪੰਥ ਦੀ ਮੁੜ ਯਾਦ ਆਈ ਹੈ। ਸਤਾ ਦੌਰਾਨ ਬੰਦੀ ਸਿੰਘਾਂ ਦੀ ਸਾਰ ਨਾ ਲੈ ਕੇ ਉਨ੍ਹਾਂ ਨਾਲ ਨਫ਼ਰਤ ਦੀ ਦ੍ਰਿਸ਼ਟੀ ਰੱਖਣ ਵਾਲਿਆਂ ਨੂੰ ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਹੇਜ ਜਾਗਿਆ ਹੈ। ਪਰ ਇਹ ਹੇਜ ਅੱਜ ਉਨ੍ਹਾਂ ਦੇ ਕਿਸੇ ਕੰਮ ਨਹੀਂ ਆ ਰਿਹਾ। ਲੋਕ ਮਨਾਂ ’ਚ ਇਹ ਗਲ ਘਰ ਕਰ ਚੁੱਕੀ ਹੈ ਕਿ ਬਾਦਲ ਪਰਿਵਾਰ ਨੇ ਸਤਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਢੁਕਵੀਂ ਕਾਰਵਾਈ ਨਹੀਂ ਕੀਤੀ। ਬੇਅਦਬੀ ਦੇ ਇਨਸਾਫ਼ ਮੰਗਣ ਵਾਲਿਆਂ ਗੁਰਸਿੱਖਾਂ ’ਤੇ ਗੋਲੀਆਂ ਚਲਵਾਈਆਂ, ਗੁਰੂ ਘਰ ਦੇ ਦੋਖੀ ਸੌਦਾ ਸਾਧ ਨੂੰ ਨਾ ਮੰਗੀ ਮੁਆਫ਼ੀ ਦਿਵਾਈ ਗਈ। ਸਤਾ ਦੌਰਾਨ ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਉੱਚੇ ਰੁਤਬਿਆਂ ’ਤੇ ਬਿਠਾਈ ਰੱਖਿਆ ਜਿਨ੍ਹਾਂ ਨੇ ਖਾੜਕੂਵਾਦ ਦੌਰਾਨ ਸਿੱਖ ਨੌਜਵਾਨੀ ਦਾ ਰਚ ਕੇ ਘਾਣ ਕੀਤਾ। ਇਹ ਚੰਗੀ ਗਲ ਹੈ ਕਿ ਸਤਾ ਦੌਰਾਨ ਜੋ ਵੀ ਉਨ੍ਹਾਂ ਤੋਂ ਗ਼ਲਤੀਆਂ ਹੋਈਆਂ ਉਨ੍ਹਾਂ ਦੀ ਮੁਆਫ਼ੀ ਲਈ ਸ੍ਰੀ ਦਰਬਾਰ ਸਾਹਿਬ ਜੋੜਿਆਂ ਅਤੇ ਲੰਗਰ ਆਦਿ ਦੀ ਸੇਵਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਵੀ ਕਰਾਈ ਗਈ।  ਪਰ ਇਹ ਮੁਆਫ਼ੀ ਕਿਸ ਗਲ ਲਈ, ਇਹ ਸਪਸ਼ਟ ਨਾ ਹੋਣ ਨਾਲ ਪੰਥ ’ਚ ਇਹ ਵਰਤਾਰਾ ਇਕ ਢਕਵੰਜ ਵਜੋਂ ਹੀ ਜਾਣਿਆ ਗਿਆ। ਸਿਆਸੀ ਤਾਕਤ ਖੁੱਸ ਗਈ ਤਾਂ ਪੰਥ ਤੇ ਪੰਥਕ ਏਕਤਾ ਦੀ ਦੁਹਾਈ ।  ਕਿਸੇ ਵੀ ਪਾਰਟੀ ’ਤੇ ਇਕ ਪਰਿਵਾਰ ਦਾ ਏਕਾਧਿਕਾਰ ਹੋ ਜਾਵੇ ਤਾਂ ਉਸ ਦਾ ਪਤਨ ਸਾਫ਼ ਨਿਸ਼ਚਿਤ ਹੈ। ਅਕਾਲੀ ਦਲ ’ਚ ਵੀ ਪਰਿਵਾਰਵਾਦ ਵਿਰੁੱਧ ਅਵਾਜ਼ ਉਠਾਉਣ ਵਾਲਿਆਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਸਲਾਹਕਾਰ  ਦੇ ਤੌਰ ’ਤੇ ਜ਼ਿਆਦਾ ਤਰ ਖੱਬੇ ਪੱਖੀ ਵਿਚਾਰਧਾਰਾ ਵਾਲਿਆਂ ਨੂੰ ਅੱਗੇ ਕੀਤਾ ਗਿਆ। ਫਿਰ ਅਕਾਲੀ ਤੇ ਪੰਥਕ ਸੋਚ ਕਿਥੋਂ ਆਵੇਗਾ। ਪੰਥਕ ਸੋਚ ਦੇ ਧਾਰਨੀਆਂ ਨੂੰ ਪਾਰਟੀ ਛੱਡਣ ਲਈ ਮਜਬੂਰ ਕੀਤੇ ਗਏ, ਜਾਂ ਹਾਸ਼ੀਏ ’ਤੇ ਧਕੇਲੇ ਗਏ ਜਾਂ ਫਿਰ ਨਾ ਸਰਦਿਆਂ ਨੂੰ ਕੇਵਲ ਸ਼੍ਰੋਮਣੀ ਕਮੇਟੀ ਵਿਚ ਐਡਜਸਟ ਕੀਤੇ ਗਏ। ਅਕਾਲੀ ਦਲ ਦੀ ਨਰਸਰੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਹੋਂਦ ਖ਼ਤਮ ਕਰਨ ਲਈ ਪਹਿਲਾਂ ਯੂਥ ਅਕਾਲੀ ਦਲ ਅਤੇ ਫਿਰ ਸਿੱਖੀ ਸੋਚ ਤੋਂ ਮਨਫ਼ੀ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ਦਾ ਗਠਨ ਕੀਤਾ ਗਿਆ। ਗੁਰਧਾਮਾਂ ਦੀ ਅਜ਼ਾਦੀ ਸੇਵਾ ਸੰਭਾਲ ਦੀ ਲਹਿਰ ਵਿਚੋਂ ਹੋਂਦ ’ਚ ਆਇਆ ਅਕਾਲੀ ਦਲ ਕੌਮੀ ਪਰਵਾਨਿਆਂ ਦੀ ਪਾਰਟੀ ਹੈ।  ਚੋਣ ਨਿਸ਼ਾਨ ਤੱਕੜੀ ਦਾ ਮਤਲਬ ’ਪੰਥ’ ਹੋਇਆ ਕਰਦਾ ਸੀ। ਅਕਾਲੀ ਦਲ ਵਿਚ ਜਿੱਥੇ ਵਿਚਾਰਧਾਰਾ  ਦੀ ਪ੍ਰਾਥਮਿਕਤਾ ਸੀ ਪਰਿਵਾਰਵਾਦ ਦੇ ਭਾਰੂ ਹੋਣ ਨਾਲ ਮਲਾਈ ਖਾਣ ਵਾਲੇ ਅਹੁਦਿਆਂ ਦੇ ਲਾਲਚੀ  ਤੇ ਚਾਪਲੂਸਾਂ ਦਾ ਟੋਲਾ ਬਣਨ ਲੱਗਿਆ। ਲੀਡਰਾਂ ਦੀ ਜੀਵਨ ਸ਼ੈਲੀ ਦੂਜਿਆਂ ਲਈ ਪ੍ਰੇਰਨਾ ਸਰੋਤ ਹੋਇਆ ਕਰਦਾ ਸੀ, ਅੱਜ ਦੀ ਲੀਡਰਸ਼ਿਪ ’ਚ ਵਪਾਰਕ ਬਿਰਤੀ ਤੋਂ ਇਲਾਵਾ ਕਈਆਂ ਦਾ ਨਸ਼ਿਆਂ ਦੇ ਧੰਦਿਆਂ ’ਚ ਮੁਨਵਸ ਪਾਇਆ ਜਾਣਾ ਪਾਰਟੀ ਅਤੇ ਨੈਤਿਕ ਪਤਨ ਦਾ ਕਾਰਨ ਵੀ ਬਣਿਆ। ਪਾਰਟੀ ਨੂੰ ਲਗਾਤਾਰ ਮਿਲ ਰਹੀਆਂ ਅਸਫਲਤਾਵਾਂ ਕਾਰਨ ਅਕਾਲੀ ਦਲ ਵਿਚ ਲੀਡਰਸ਼ਿਪ ਤਬਦੀਲੀ ਦੀ ਮੰਗ ਜ਼ੋਰ ਫੜ ਰਹੀ ਹੈ। ਅਤੀਤ ਗਵਾਹ ਹੈ ਕਿ ਜਦ ਜਦ ਵੀ ਅਕਾਲੀ ਦਲ ਨੂੰ ਲੀਡਰਸ਼ਿਪ ਸੰਕਟ ਦਾ ਸਾਹਮਣਾ ਕਰਨਾ ਪਿਆ ਕਿਸੇ ਸੰਤ ਪੁਰਸ਼ ਨੂੰ ਅੱਗੇ ਆਉਣਾ ਪਿਆ, ਅੱਜ ਵੀ ਹਾਲਾਤ ਇਹ ਮੰਗ ਕਰ ਰਹੀ ਹੈ, ਕੀ ਅਕਾਲੀ ਲੀਡਰਸ਼ਿਪ ਦੇ ਸੰਕਟ ਨਾਲ ਨਜਿੱਠਣ ਲਈ ਸੰਤ ਸਮਾਜ ਰਵਾਇਤ ਅਨੁਸਾਰ ਸਾਹਮਣੇ ਆਵੇਗਾ ?।

NO COMMENTS

LEAVE A REPLY