ਚੰਡੀਗੜ੍ਹ/ਅੰਮ੍ਰਿਤਸਰ: 10 ਜੂਨ (ਪਵਿੱਤਰ ਜੋਤ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੰਗਰੂਰ ਤੋਂ ਦਿੱਲੀ ਹਵਾਈ ਅੱਡੇ ਤੱਕ ਵੋਲਵੋ ਬੱਸ ਚਲਾਉਣ ਦੇ ਕੀਤੇ ਐਲਾਨ ‘ਤੇ ਸੰਗਰੂਰ ਲੋਕ ਸਭਾ ਉਪ ਚੋਣ ‘ਚ ਭਾਜਪਾ ਦੇ ਉਮੀਦਵਾਰ ਕੇਵਲ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਐਲਾਨ ਨਾਲ ਉਨ੍ਹਾਂ ਦੀ ਘੱਟ-ਦ੍ਰਿਸ਼ਟੀ ਅਤੇ ਛੋਟੀ ਸੋਚ ਸਪੱਸ਼ਟ ਸਾਬਤ ਹੁੰਦੀ ਹੈ। ਢਿੱਲੋਂ ਨੇ ਕਿਹਾ ਕਿ ਭਗਵੰਤ ਮਾਨ ਦਾ ਇਹ ਐਲਾਨ ਦਰਸਾਉਂਦਾ ਹੈ ਕਿ ਭਗਵੰਤ ਮਾਨ ਵਰਗਾ ਨੌਸਿਖਿਆ ਪ੍ਰਸ਼ਾਸਕ ਸੰਗਰੂਰ ਤੋਂ ਦਿੱਲੀ ਤੱਕ ਵੋਲਵੋ ਬੱਸਾਂ ਚਲਾਉਣ ਅਤੇ ਸੰਗਰੂਰ ਵਿੱਚ ਏਅਰਪੋਰਟ ਬਣਾਉਣ ਵਿੱਚ ਫਰਕ ਨਹੀਂ ਸਮਝਦਾ।
ਕੇਵਲ ਢਿੱਲੋਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪ੍ਰਸ਼ਾਸਨ ਦੇ ਤਜਰਬੇ ਦੀ ਭਾਰੀ ਘਾਟ ਹੈ। ਮੁੱਖ ਮੰਤਰੀ ਮਾਨ ਆਪਣੇ ਫੈਸਲਿਆਂ ਰਾਹੀਂ ਵਾਰ-ਵਾਰ ਦਰਸਾਉਂਦੇ ਹਨ ਕਿ ਉਹ ਸੂਬੇ ਦੇ ਆਰਥਿਕ ਹਿੱਤਾਂ ਨੂੰ ਪਹਿਲ ਨਹੀਂ ਦੇ ਸਕਦੇ। ਢਿੱਲੋਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਸੰਗਰੂਰ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਕਾਰਗੋ ਟਰਮੀਨਲ ਬਣਾਉਣ ਦੀ ਮੰਗ ਕੀਤੀ ਹੈ। ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਮੁਫ਼ਤ ਦੇ ਐਲਾਨ ਨਹੀਂ ਚਾਹੁੰਦੇ, ਸਨਮਾਨਯੋਗ ਰੁਜ਼ਗਾਰ ਚਾਹੁੰਦੇ ਹਨ। ਮੁਫਤ ਪੈਸੇ ਵੰਡਣ ਨਾਲ ਖੁਸ਼ਹਾਲੀ ਨਹੀਂ ਆਉਂਦੀ। ਸੂਬੇ ਵਿੱਚ ਖੁਸ਼ਹਾਲੀ ਰੁਜ਼ਗਾਰ ਅਤੇ ਉਦਯੋਗਾਂ ਨਾਲ ਆਉਂਦੀ ਹੈ। ਜਿਸ ਲਈ ਭਾਜਪਾ ਲਗਾਤਾਰ ਯਤਨਸ਼ੀਲ ਹੈ।
ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਸਰਕਾਰੀ ਖ਼ਜ਼ਾਨੇ ਨੂੰ ਮੁਫਤ ਵੰਡਣ ਦੇ ਕੀਤੇ ਗਏ ਆਪਣੇ ਐਲਾਨਾਂ ਨਾਲ ਸੂਬੇ ਦੀ ਆਰਥਿਕਤਾ ਨੂੰ ਬਰਬਾਦ ਕਰ ਰਹੇ ਹਨ, ਕਿਉਂਕਿ ਪੰਜਾਬ ਪਹਿਲਾਂ ਹੀ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾਈ ਹੈ ਅਤੇ ਮੁਖਮੰਤਰੀ ਭਗਵੰਤ ਮਾਨ ਵਲੋਂ ਪਿਛਲੇ ਢਾਈ ਮਹੀਨਿਆਂ ਦੌਰਾਨ 10,000 ਕਰੋੜ ਦੇ ਕਰੀਬ ਹੋਏ ਕਰਜ਼ਾ ਲਿਆ ਜਾ ਚੁੱਕਿਆ ਹੈ। ਅਜਿਹੇ ‘ਚ ਪੰਜਾਬ ‘ਤੇ ਹੋਰ ਆਰਥਿਕ ਦਬਾਅ ਬਹੁਤ ਘਾਤਕ ਸਾਬਤ ਹੋਵੇਗਾ।