ਅੰਮ੍ਰਿਤਸਰ 19 ਮਈ (ਪਵਿੱਤਰ ਜੋਤ) : :- ਪਿਛਲੇ ਦਿਨੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸਾਹਮਣੇ ਗ੍ਰੈਂਡ ਹੋਟਲ ਦੀ ਦੀਵਾਰ ਅਤੇ ਹੋਟਲ ਦੇ ਆਲੇ-ਦੁਆਲੇ ਦੀਆਂ ਰਿਹਾਇਸ਼ੀ ਬਿਲਡਿੰਗਾਂ ਅਚਾਨਕ ਢਹਿ ਗਈਆਂ ਜਿਸ ਨਾਲ ਇਕ ਵੱਡਾ ਹਾਦਸਾ ਵਾਪਰ ਗਿਆ ਸੀ ਜਿਸ ਵਿਚ ਲੋਕਾਂ ਦੀਆਂ ਰਿਹਾਇਸ਼ੀ ਜਾਇਦਾਦਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ, ਪਰ ਇਹ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆ। ਇਸ ਹਾਦਸੇ ਦਾ ਜਾਇਜਾ ਲੈਣ ਲਈ ਮੇਅਰ ਕਰਮਜੀਤ ਸਿੰਘ, ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਹਾਦਸੇ ਵਾਲੀ ਜਗ੍ਹਾ ਤੇ ਗਏ ਸੀ ਜਿੱਥੇ ਉਹਨਾਂ ਵੱਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਸੁਣਿਆ ਅਤੇ ਉਹਨਾਂ ਨੂੰ ਹਰ ਸੰਭਵ ਸਹਾਇਤਾਂ ਦਾ ਭਰੋਸਾ ਦਿੱਤਾ ਗਿਆ। ਮੇਅਰ ਵੱਲੋਂ ਹਾਦਸੇ ਦੀ ਵਜ੍ਹਾ ਜਾਨਣ ਲਈ ਅਧਿਕਾਰੀਆਂ ਦੇ ਨਾਲ ਮੌਕੇ ਦਾ ਮੁਆਇਨਾ ਕਰਨ ਉਪਰੰਤ ਅਧਿਕਾਰੀਆਂ ਵੱਲੋਂ ਜਾਣੂ ਕਰਵਾਇਆ ਗਿਆ ਕਿ ਇਹ ਸਾਰਾ ਹਾਦਸਾ ਹੋਟਲ ਗ੍ਰੈਂਡ ਦੇ ਨਾਲ ਦੀ ਥਾਂ ਤੇ ਅਣਅਧਿਕਾਰਤ ਤਰੀਕੇ ਨਾਲ ਕੀਤੀ ਜਾ ਰਹੀ ਬੇਸਮੈਂਟ ਦੀ ਖੁਦਾਈ ਅਤੇ ਉਸਾਰੀ ਕਾਰਣ ਵਾਪਰਿਆ ਹੈ ਜਿਸ ਦਾ ਮੇਅਰ ਨੇ ਸਖ਼ਤ ਨੋਟਿਸ ਲੈਦਿਆਂ ਨਗਰ ਨਿਗਮ, ਅਮ੍ਰਿਤਸਰ ਦੇ ਸੰਯੂਕਤ ਕਮਿਸ਼ਨਰ ਨੂੰ ਲਿਖਤੀ ਤੌਰ ਤੇ ਹਦਾਇਤਾਂ ਕੀਤੀਆਂ ਹਨ ਕਿ ਇਸ ਹਾਦਸੇ ਦੀ ਜਾਂਚ-ਪੜਤਾਲ ਕਰਕੇ ਉਸਾਰੀਕਰਤਾ ਵੱਲੋਂ ਕੀਤੀ ਗਈ ਕੁਤਾਹੀ ਦੇ ਵੇਰਵੇ ਸਮੇਤ 5 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਖੁਦਾਈ ਵਾਲੀ ਥਾਂ ਦਾ ਨਕਸ਼ਾ ਰੱਦ ਕਰਕੇ ਮੌਕੇ ਤੇ ਚਲ ਰਹੀ ਕਿਸੇ ਤਰ੍ਹਾਂ ਦੀ ਉਸਾਰੀ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਜਾਵੇ। ਉਹਨਾਂ ਆਪਣੀਆਂ ਹਦਾਇਤਾਂ ਵਿਚ ਪ੍ਰਭਾਵਤ ਪਰਿਵਾਰਾਂ ਨੂੰ ਹੋਏ ਮਾਲੀ ਨੁਕਸਾਨ ਦੀ ਭਰਪਾਈ ਕਰਵਾਉਣ ਅਤੇ ਉਹਨਾਂ ਦੇ ਮੁੜ ਵਸੇਵੇਂ ਲਈ ਉਪਰਾਲੇ ਕਰਨ ਲਈ ਕਿਹਾ। ਉਹਨਾ ਕਿਹਾ ਕਿ ਨਗਰ ਨਿਗਮ, ਅੰਮ੍ਰਿਤਸਰ ਹਰ ਤਰ੍ਹਾ ਨਾਲ ਪੀੜਤ ਪਰਿਵਾਰਾਂ ਦੇ ਨਾਲ ਹੈ ਅਤੇ ਉਹਨਾਂ ਨੂੰ ਹਰ ਸੰਭਵ ਸਹਾਇਤਾਂ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਨਗਰ ਨਿਗਮ ਦੇ ਮਿਉਂਸਪਲ ਟਾਉਨ ਪਲੈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸਖ਼ਤ ਤਾੜਨਾ ਦਿੰਦੇ ਹੋਏ ਹਦਾਇਤਾਂ ਕੀਤੀਆਂ ਕਿ ਸ਼ਹਿਰ ਵਿਚ ਹਰ ਇਕ ਉਸਾਰੀ ਕਾਨੂੰਨ ਅਨੁਸਾਰ ਅਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਕੇ ਹੀ ਮੰਜੂਰ ਕੀਤੀ ਜਾਵੇ।
ਇਸ ਮੌਕੇ ਤੇ ਮੇਅਰ ਦੇ ਨਾਲ ਇਲਾਕ ਕੌਂਸਲਰ ਪਰਦੀਪ ਸ਼ਰਮਾ, ਐਮ.ਟੀ.ਪੀ. ਆਈ.ਪੀ.ਐਸ. ਰੰਧਾਵਾ, ਏ. ਟੀ.ਪੀ. ਪਰਮਿੰਦਰ ਸਿੰਘ, ਬਿਲਡਿੰਗ ਇੰਸਪੈਕਟਰ ਧੀਰਜ਼ ਹਾਜ਼ਰ ਸਨ।