ਖਾਲਸਾ ਇੱਕ ਵਿਸ਼ਵ ਪੱਧਰੀ ਸੰਮਲਿਤ ਭਾਈਚਾਰਾ ਹੈ ਜੋ ਲੋਕਤੰਤਰ, ਸਮਾਨਤਾਵਾਦ, ਨਿਆਂ, ਮਾਣ ਸਨਮਾਨ ਅਤੇ ਦੇਸ਼-ਭਗਤੀ ਤੇ ਅਧਾਰਿਤ ਹੈ

0
34

ਅੰਮ੍ਰਿਤਸਰ 28 ਅਪ੍ਰੈਲ (ਰਾਜਿੰਦਰ ਧਾਨਿਕ) : ਅਸੀਂ ਸਾਰੇ ਇੱਕ ਆਦਰਸ਼ ਕਲਿਆਣਕਾਰੀ ਰਾਜ ( welfare state) ਦੀ ਕਾਮਨਾ ਕਰਦੇ ਹਾਂ। ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੇ ਇੱਕ ਆਦਰਸ਼ ਸਮਾਜ ਦੇ ਸੰਕਲਪ ਬਾਰੇ ਪੁੱਛੇ ਜਾਣ ’ਤੇ ਸਪਸ਼ਟ ਜਵਾਬ ਦਿੱਤਾ ਸੀ: “ਜੇ ਤੁਸੀਂ ਮੈਨੂੰ ਪੁੱਛੋ, ਮੇਰਾ ਆਦਰਸ਼ ਸਮਾਜ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਤੇ ਅਧਾਰਿਤ ਹੋਵੇਗਾ।” ਡਾ: ਅੰਬੇਡਕਰ ਨੇ ਬਾਅਦ ਵਿੱਚ ਇਸ ਆਦਰਸ਼ ਸਮਾਜ ਦੀ ਪ੍ਰਾਪਤੀ ਨੂੰ 26 ਜਨਵਰੀ 1950 ਨੂੰ ਭਾਰਤ ’ਚ ਲਾਗੂ ਕੀਤੇ ਗਏ ਸੰਵਿਧਾਨ ਵਿੱਚ ਅਧਾਰ ਵਜੋਂ ਲਿਆ। ਪਰ ਦਰ ਹਕੀਕਤ ਇਹ ਹੈ ਕਿ ਪੰਜਾਬ ਨੇ ਅੰਬੇਡਕਰ ਸਾਹਿਬ ਵੱਲੋਂ ਸੁਝਾਏ ਜਾਂ ਕਲਪਨਾ ਕੀਤੇ ਗਏ ਅਜਿਹੇ ਸਮਾਜ ਦੀ ਸਥਾਪਨਾ ਨੂੰ ਤਿੰਨ ਸਦੀਆਂ ਪਹਿਲਾਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰੂਪਮਾਨ ਕੀਤੇ ਗਏ ਖਾਲਸੇ ਦੇ ਰੂਪ ਵਿੱਚ ਅਨੁਭਵ ਕੀਤਾ ਸੀ ।
ਡਾ: ਜਗਮੋਹਨ ਸਿੰਘ ਰਾਜੂ IAS (R) ਨੇ ਦਸਦਿਆਂ ਕਿਹਾ ਕਿ ਖਾਲਸਾ, ਵਿਅਕਤੀਗਤ ਜੀਵਨ ਜਾਚ ਦੇ ਨਾਲ-ਨਾਲ ਇਕ ਕਲਿਆਣਕਾਰੀ ਰਾਜ (ਵੈੱਲਫੇਅਰ ਸਟੇਟ) ਦਾ ਮਾਡਲ ਵੀ ਹੈ। 1699 ਦੀ ਵਿਸਾਖੀ ਨੂੰ ਖਾਲਸੇ ਦੀ ਸਿਰਜਣਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਆਧੁਨਿਕ ਸਮਾਜਿਕ ਵਿਵਸਥਾ ਨੂੰ ਜਨਮ ਦਿੱਤਾ, ਜੋ ਜਾਤ-ਪਾਤ ਅਤੇ ਇਸ ਨਾਲ ਜੁੜੀਆਂ ਤੇ ਵਿਸ਼ੇਸ਼ਤਾ ਗ੍ਰਹਿਣ ਕਰ ਚੁੱਕੀਆਂ ਸਮਾਜਿਕ ਅਸਮਾਨਤਾ ਅਤੇ ਬੇਇਨਸਾਫ਼ੀਆਂ ਦੇ ਖ਼ਾਤਮੇ ਵਲ ਸੇਧਿਤ ਸੀ। ਇਸ ਦੀ ਬਣਤਰ ਅਤੇ ਭਾਵਨਾ ਕਰਕੇ ਖਾਲਸਾ ਇੱਕ ਵਿਸ਼ਵ ਪੱਧਰੀ ਸੰਮਲਿਤ ਭਾਈਚਾਰਾ ਹੈ ਜੋ ਲੋਕਤੰਤਰ, ਸਮਾਨਤਾਵਾਦ, ਨਿਆਂ, ਮਾਣ ਸਨਮਾਨ ਅਤੇ ਦੇਸ਼-ਭਗਤੀ ਤੇ ਅਧਾਰਿਤ ਹੈ। ਇਕਸੁਰਤਾ ਭਰਪੂਰ (ਸਾਂਝੀਵਾਲਤਾ) ਖੁਸ਼ਹਾਲੀ ਅਤੇ ਸਹਿਕਾਰੀ ਜੀਵਨ ‘ਤੇ ਜ਼ੋਰ ਦੇਣ ਨਾਲ ਖਾਲਸਾ ਉਹ ਖਾਕਾ ਹੈ, ਜਿਸ ‘ਤੇ ਆਧੁਨਿਕ ਕਲਿਆਣਕਾਰੀ ਰਾਜ ਵਿਕਸਤ ਹੋਇਆ ਹੈ। ਭਾਰਤ ਦਾ ਸੰਵਿਧਾਨ ਵੀ ਖਾਲਸੇ ਵਰਗੇ ਸਹਿਜ ਤੇ ਸਮਾਵੇਸ਼ੀ ਸਮਾਜ ਦੀ ਕਲਪਨਾ ਕਰਦਾ ਹੈ।
ਗੁਰੂ ਨਾਨਕ ਦੇਵ ਜੀ ਦੇ ਤਿੰਨ ਸੁਨਹਿਰੀ ਆਦਰਸ਼ – ‘ਕਿਰਤ ਕਰੋ’, ‘ਵੰਡ ਛਕੋ’, ‘ਨਾਮ ਜਪੋ,’ ਹੀ ਖਾਲਸੇ ਦੇ ਮੂਲ ਸਿਧਾਂਤ ਹਨ। ਗੁਰਬਾਣੀ ’ਚ ਕਿਰਤ ਨੂੰ ਪ੍ਰਧਾਨਤਾ ਹਾਸਲ ਹੈ। ਜ਼ਿੰਦਗੀ ਨੂੰ ਇੱਜ਼ਤਦਾਰ ਤਰੀਕੇ ਨਾਲ ਗੁਜ਼ਾਰਨ ਲਈ ਕਿਰਤ ਕਰਨ ਦਾ ਉਪਦੇਸ਼ ਹੈ। ਇੱਥੇ ਕਿਰਤ ਦਾ ਮਤਲਬ ਮਜ਼ਦੂਰੀ ਜਾਂ ਗ਼ੁਲਾਮੀ ਨਹੀਂ ਹੈ। ਆਜ਼ਾਦੀ, ਨਿਪੁੰਨਤਾ, ਉੱਤਮਤਾ, ਉੱਦਮ, ਖ਼ੁਦਮੁਖ਼ਤਿਆਰੀ ਅਤੇ ਸਵੈ-ਮਾਣ ਨੂੰ ਦਰਸਾਉਂਦਾ ਹੋਣ ਕਾਰਨ ‘ਕਿਰਤ’ ਇੱਕ ਸਰਬ ਵਿਆਪਕ ਸਿਧਾਂਤ ਹੈ। ਸਭ ਤੋਂ ਮਹੱਤਵਪੂਰਨ, ਕਿਰਤ ਸਮਾਜ ਨੂੰ ‘ਦਲਿੱਦਰ’ ਤੋਂ ਬਚਾਉਂਦਾ ਹੈ| ਦਲਿੱਦਰ ਸਭ ਤੋਂ ਖ਼ਤਰਨਾਕ ਦੀਮਕ (ਘੁਣ )ਹੈ ਜੋ ਸਮਾਜ ਨੂੰ ਹੌਲੀ ਹੋਲੀ ਤਬਾਹ ਕਰ ਦਿੰਦਾ ਹੈ। ਦਲਿੱਦਰ ਮਨੁੱਖਾਂ ਨੂੰ ਚੰਗੇ ਕੰਮਾਂ ਤੋਂ ਦੂਰ ਕਰਦੀ ਹੈ, ਗਿਆਨ ਦੀ ਅਣਦੇਖੀ ਤੋਂ ਇਲਾਵਾ ਮਨੁੱਖ ਨੂੰ ਉਨ੍ਹਾਂ ਦੇ ਧਾਰਮਿਕ ਅਨੁਸ਼ਠਾਨ ਵਿੱਚ ਰੁਕਾਵਟ ਪਾਉਂਦੀ ਹੈ ਅਤੇ ਅੰਤ ਤਬਾਹੀ ਵੱਲ ਲੈ ਜਾਂਦੀ ਹੈ। ਮਹੱਤਵਪੂਰਨ ਤੌਰ ਤੇ, ਦਲਿੱਦਰ ਆਰਥਿਕ ਤੰਗੀ ਨੂੰ ਸੱਦਾ ਦਿੰਦੀ ਹੈ। ਜਦੋਂ ਵੀ ਮਨੁੱਖ ਕਿਰਤ ਤੋਂ ਪਰਹੇਜ਼ ਕਰੇਗਾ ਉਸ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਆਰਥਿਕਤਾ ਦੇ ਮਨਫ਼ੀ ਹੋਣ ਨਾਲ ਜੀਵਨ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਹੋਣਗੀਆਂ । ਖ਼ੁਸ਼ਹਾਲੀ ਦੂਰ ਦੌੜੇਗੀ ਅਤੇ ਜੀਵਨ ਦੀ ਗੁਣਵੱਤਾ ਦਾ ਨੁਕਸਾਨ. ਗ਼ਰੀਬੀ, ਗ਼ੁਰਬਤ, ਬਿਮਾਰੀ ਅਤੇ ਅਪਰਾਧ ਵਿਆਪਕ ਹੋ ਜਾਂਦੇ ਹਨ। ਸਮਾਜ ਦਾ ਬੇਚੈਨੀ ਅਤੇ ਕਲੇਸ਼ ਨਾਲ ਦੋ ਚਾਰ ਹੋਣਾ ਕੁਦਰਤੀ ਬਣ ਜਾਂਦਾ ਹੈ। ਜੋ ਕੰਮ ਨਹੀਂ ਕਰਦੇ ਭਾਵ ਵਿਹਲੜ ਬੰਦੇ ਵਿਕਾਰਾਂ ਦੇ ਸ਼ਿਕਾਰ ਹੋ ਜਾਂਦੇ ਹਨ। ਇੱਕ ਦਲਿੱਦਰ ਵਿਅਕਤੀ ਦੇ ਨਾਲ ਨਸ਼ਾਖੋਰੀ, ਕਾਨੂੰਨ ਤੋੜਨ, ਹਿੰਸਾ ਅਤੇ ਅਪਰਾਧ ਨਾਲੋ-ਨਾਲ ਚੱਲਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਅਪਮਾਨ, ਬਦਨਾਮੀ ਤੇ ਨਮੋਸ਼ੀ ਝੱਲਣੀ ਪੈਂਦੀ ਹੈ।
‘ਕਿਰਤ’ ‘ਦਲਿੱਦਰ’ ਦਾ ਇੱਕੋ-ਇੱਕ ਤੋੜ ਹੈ। ਪਰ ‘‘ਕਿਰਤ’ ‘ ਨੂੰ ਜਾਤ ਵਾਦ ਤੋਂ ਬਹੁਤ ਵੱਡਾ ਖ਼ਤਰਾ ਰਹਿੰਦਾ ਹੈ। ਡਾ: ਅੰਬੇਡਕਰ ਦਾ ਮੰਨਣਾ ਹੈ ਕਿ ਜਾਤ-ਪਾਤ ਲੋਕਾਂ ਨੂੰ ਕਿਰਤ ਤੋਂ ਦੂਰ ਕਰਦੀ ਹੈ। ਸਮਾਜ ਨੂੰ ‘‘ਕਿਰਤ’ ਅਭਿਆਸ ਲਈ ਇੱਕ ਵਿਅਕਤੀ ਨੂੰ ਆਪਣੀ ਯੋਗਤਾ ਅਨੁਸਾਰ ਆਪਣਾ ਪੇਸ਼ਾ ਚੁਣਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਡਾ: ਅੰਬੇਡਕਰ ਦੇ ਅਨੁਸਾਰ, ਇਸ ਸਿਧਾਂਤ ਦੀ ਪਰੰਪਰਾਗਤ ਜਾਤ ਪ੍ਰਣਾਲੀ ਵਿੱਚ ਉਲੰਘਣਾ ਦੀ ਗੁੰਜਾਇਸ਼ ਪ੍ਰਬਲ ਹੈ। ਕਿਉਂਕਿ ਕਾਰਜ ਵਿਅਕਤੀਆਂ ਨੂੰ ਪ੍ਰਾਪਤ ਸਮਰੱਥਾ ਜਾਂ ਕੁਸ਼ਲਤਾ ਦੇ ਅਧਾਰ ’ਤੇ ਨਹੀਂ ਬਲਕਿ ਉਨ੍ਹਾਂ ਦੇ ਰਵਾਇਤੀ ਸਮਾਜਿਕ ਮੂਲ ਦੇ ਅਧਾਰ ਤੇ ਪਰੋਸੇ ਜਾਂਦੇ ਹਨ। ਡਾ: ਅੰਬੇਡਕਰ ਇਹ ਦਲੀਲ ਦਿੰਦੇ ਹਨ ਕਿ ਜਾਤ ਪ੍ਰਣਾਲੀ ਦੇ ਤਹਿਤ ਬਹੁਤ ਸਾਰੇ ਲੋਕ ਅਜਿਹੇ ਪੇਸ਼ਿਆਂ ਵਿੱਚ ਲੱਗੇ ਹੋਏ ਹਨ ਜਿਨ੍ਹਾਂ ’ਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੁੰਦੀ। ਪੀੜ੍ਹੀ ਦਰ ਪੀੜ੍ਹੀ ਉਹ ਮਲ ਮੂਤਰ ਦੀ ਸਫ਼ਾਈ, ਜੁੱਤੀਆਂ ਦੀ ਮੁਰੰਮਤ, ਮਜ਼ਦੂਰੀ ਆਦਿ ਉਨ੍ਹਾਂ ਮਾਮੂਲੀ ਜਾਂ ਘਟੀਆ ਦਰਜੇ ਦੇ ਪੇਸ਼ਿਆਂ ਵਿੱਚ ਗ਼ਲਤਾਨ ਰਹਿੰਦੇ ਹਨ ਜਿਨ੍ਹਾਂ ਨੂੰ ਇਤਿਹਾਸਕ ਤੇ ਸਮਾਜਕ ਤੌਰ ‘ਤੇ ਅਪਮਾਨਜਨਕ ਮੰਨਿਆ ਜਾਂਦਾ ਹੈ। ਮਾਮੂਲੀ ਅਤੇ ਕਲੰਕ ਦੇ ਕਾਰਨ ਬਹੁਤ ਸਾਰੇ ਲੋਕ ਅੱਜ ਇਨ੍ਹਾਂ ਪੇਸ਼ਿਆਂ ਨੂੰ ਅਪਣਾਉਣ ਨਾਲੋਂ ਕੰਮ ਨਾ ਕਰਨਾ ਪਸੰਦ ਕਰਨਗੇ। ਇਸ ਲਈ ਕਿਰਤ ਦੇ ਵਧਣ-ਫੁੱਲਣ ਲਈ ਮਾਣ ਅਤੇ ਸਨਮਾਨ ਇੱਕ ਪੂਰਵ-ਸ਼ਰਤ ਹਨ।
‘ਵੰਡ ਛਕੋ ‘ ਜਾਂ ਇਕਸੁਰਤਾ ਨਾਲ ਸਾਂਝਾ ਕਰਨ ਦਾ ਸਿਧਾਂਤ ਸਮਾਵੇਸ਼, ਏਕਤਾ, ਭਾਗੀਦਾਰੀ ਅਤੇ ਯੋਗਦਾਨ ਨੂੰ ਸ਼ਾਮਲ ਕਰਨ ਵਾਲਾ ਇੱਕ ਸ਼ਕਤੀਸ਼ਾਲੀ ਸਮਾਜਿਕ ਦ੍ਰਿਸ਼ਟੀਕੋਣ ਹੈ। ਇਹ ਸ਼ਕਤੀ, ਦੌਲਤ ਅਤੇ ਅਵਸਰ ਦੀ ਇਕਸੁਰ ਵੰਡ ਦੇ ਸਿਧਾਂਤ ਨੂੰ ਉਜਾਗਰ ਕਰਦਾ ਹੈ। ਜੇਕਰ ਸੱਤਾ, ਦੌਲਤ ਅਤੇ ਅਵਸਰ ਕੁਝ ਲੋਕਾਂ ਦੇ ਹੱਥਾਂ ਵਿੱਚ ਕੇਂਦਰਿਤ ਰਹਿਣਗੇ ਤਾਂ ਸ਼ਾਂਤੀ ਅਤੇ ਖੁਸ਼ਹਾਲੀ ਨਹੀਂ ਹੋ ਸਕਦੀ। ਇੱਥੋਂ ਤੱਕ ਕਿ ਭਾਰਤ ਦਾ ਸੰਵਿਧਾਨ ਧਾਰਾ 38 ਅਤੇ 39 ਦੁਆਰਾ ਭਾਰਤੀ ਰਾਜ ਨੂੰ ਇਸ ਸੁਨਹਿਰੇ ਨਿਯਮ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੰਦਾ ਹੈ। ਤੀਜਾ ਸਿਧਾਂਤ, ਨਾਮ ਜਪੋ, ਮਨੁੱਖੀ ਵਿਕਾਸ ਲਈ ਗਿਆਨ ( ਰੂਹਾਨੀ ਅਤੇ ਦੁਨਿਆਵੀ ) ਨੂੰ ਪਛਾਣਨ, ਪ੍ਰਸਾਰਿਤ ਕਰਨ ਅਤੇ ਲਾਗੂ ਕਰਨ ਦੀਆਂ ਸਮਰੱਥਾਵਾਂ ਨੂੰ ਬਣਾਉਣ ‘ਤੇ ਜ਼ੋਰ ਦਿੰਦਾ ਹੈ। ਡਾ: ਅੰਬੇਡਕਰ ਅਤੇ ਅਮਰਤਿਆ ਸੇਨ ਵੀ ਸਵੈ ਅਤੇ ਸਮੂਹ ਮੁਕਤੀ ਲਈ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਨ।
ਕਿਰਤ, ਸਰਬ ਸਾਂਝੀਵਾਲਤਾ ਅਤੇ ਗਿਆਨ ਤੋਂ ਭਟਕਣ ਦੇ ਮਾੜੇ ਨਤੀਜੇ ਨਿਕਲਦੇ ਹਨ, ਜਿਵੇਂ ਕਿ ਪੰਜਾਬ ਵਿਚ ਦੇਖਿਆ ਗਿਆ ਹੈ। ਹਕੂਮਤਾਂ ਦੀ ਨਾਅਹਿਲੀ ਕਾਰਨ ਪਿਛਲੇ ਸਮੇਂ ਤੋਂ, ਪੰਜਾਬ 5 ਬਲਾਵਾਂ ਜਾਂ ਆਫ਼ਤਾਂ ਯਾਨੀ, ਨਸ਼ਾ, ਵਿਦੇਸ਼ਾਂ ਨੂੰ ਪ੍ਰਵਾਸ, ਬੇਰੁਜ਼ਗਾਰੀ, ਆਰਥਿਕ ਸੰਕਟ ਅਤੇ ਅਤਿਵਾਦ ਦੇ ਹੱਥੋਂ ਦੁਖੀ ਰਿਹਾ। ਦਹਾਕਿਆਂ ਤੋਂ ਕਈ ਰਾਜਨੀਤਿਕ ਪਾਰਟੀਆਂ ਅਤੇ ਸਰਕਾਰਾਂ ਨੇ ਇਨ੍ਹਾਂ ਸਮੱਸਿਆ ਦੇ ਹੱਲ ਲਈ ਯਤਨ ਕੀਤੇ ਹਨ ਪਰ ਉਹ ਅਸਫਲ ਰਹੇ ਹਨ। ਪਰਵਾਸ, ਬੇਰੁਜ਼ਗਾਰੀ, ਆਰਥਿਕ ਮੰਦਹਾਲੀ ਅਤੇ ਅਤਿਵਾਦ ਦੀ ਮਾਰ ਲਗਾਤਾਰ ਜਾਰੀ ਹੈ। ਇਸ ਖ਼ਤਰੇ ਪ੍ਰਤੀ ਪੜਤਾਲ ਤੇ ਚਿੰਤਨ ਕਰਨ ਵਿੱਚ ਉਨ੍ਹਾਂ ਦੀ ਅਸਮਰਥਾ ਦਾ ਕਾਰਨ ਉਨ੍ਹਾਂ ਦੀ ਸਮੱਸਿਆਵਾਂ ਪ੍ਰਤੀ ਗ਼ਲਤ ਪਹੁੰਚ ਹੈ। ਅਸੀਂ ਆਮ ਤੌਰ ‘ਤੇ ਇਹ ਪਛਾਣ ਕਰਨ ਵਿਚ ਅਸਫਲ ਰਹੇ ਹਾਂ ਕਿ ਪੰਜਾਬ ਵਿਚ ਕਿਰਤ, ਸਰਬ ਸਾਂਝੀਵਾਲਤਾ ਜਾਂ ਭਾਈਚਾਰਕ ਏਕਤਾ ਅਤੇ ਗਿਆਨ ਦਾ ਖ਼ਾਤਮਾ ਇਹਨਾਂ ਬਲਾਵਾਂ ਦੀ ਜੜ੍ਹ ਹੈ।
ਕਲਿਆਣਕਾਰੀ ਰਾਜ ਦਾ ਖਾਲਸਾ ਮਾਡਲ ਹੀ ਪੰਜਾਬ ਦੀ ਗੁਆਚੀ ਸ਼ਾਨ ਅਤੇ ਖੁਸ਼ਹਾਲੀ ਨੂੰ ਮੁੜ ਲਿਆ ਸਕਦਾ ਹੈ। ਕਿਰਤ ਅਤੇ ਗਿਆਨ (ਸਿੱਖਿਆ) ਦੀ ਅਗਵਾਈ ਸਮਾਜ ਨੂੰ ਇਸ ਦਿਸ਼ਾ ਵੱਲ ਪਹਿਲਾ ਕਦਮ ਹੋਣਾ ਚਾਹੀਦਾ ਹੈ। ਸਰਕਾਰ ਅਤੇ ਸਮਾਜ ਨੂੰ ਕਿਰਤ ਲਈ ਯੋਗ ਮਾਹੌਲ ਬਣਾਉਣਾ ਪਵੇਗਾ । ਅਭਿਲਾਸ਼ੀ ਨੌਕਰੀਆਂ ਪੈਦਾ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਹਰ ਕਿਸੇ ਦੀ ਸਮਰੱਥਾ ਨੂੰ ਵੱਧ ਤੋਂ ਵੱਧ ਵਿਕਸਤ ਕੀਤਾ ਜਾਣਾ ਚਾਹੀਦਾ ਹੈ, ਅਤੇ ਹਰੇਕ ਨੂੰ ਆਪਣੀ ਪਸੰਦ ਤੇ ਸਮਰੱਥਾ ਅਨੁਸਾਰ ਰੋਜ਼ਗਾਰ ਦੀ ਚੋਣ ਦੀ ਖੁੱਲ ਹੋਣੀ ਚਾਹੀਦੀ ਹੈ।
ਪਰ ਇਹ ਸਾਵਧਾਨੀ ਵੀ ਜ਼ਰੂਰੀ ਹੈ ਕਿ ਕਿਰਤ ਪ੍ਰਧਾਨ ਸਮਾਜ ਵਿੱਚ ਬੇਸਮਝ ਮੁਫਤਖੋਰੀ ਲਈ ਕੋਈ ਥਾਂ ਨਹੀਂ ਕਿਉਂਕਿ ਮੁਫਤਖੋਰੀ ਵਿੱਚ ਪ੍ਰੇਰਨਾ ਅਤੇ ਉਸਾਰੂ ਊਰਜਾ ਨੂੰ ਦਬਾਉਂਦੀ ਹੈ, ਕਿਉਂਕਿ ਮੁਫਤਖੋਰੀ ਮੌਕਿਆਂ ਨੂੰ ਨੂੰ ਦਬਾਉਂਦੀ ਹੈ, ਕਿਉਂਕਿ ਮੁਫਤਖੋਰੀ ਜ਼ਿੰਮੇਵਾਰੀਆਂ ਨੂੰ ਦਬਾਉਂਦੀ ਹੈ, ਕਿਉਂਕਿ ਮੁਫਤਖੋਰੀ ਯੋਗਦਾਨ ਨੂੰ ਦਬਾਉਂਦੀ ਹੈ ਅਤੇ ਸਭ ਤੋਂ ਉੱਪਰ, ਕਿਉਂਕਿ ਮੁਫਤਖੋਰੀ ਵਿੱਚ ਕਿਰਤ ਨੂੰ ਸਭ ਤੋਂ ਵੱਧ ਦਬਾਇਆ ਜਾਂਦਾ ਹੈ। ਗਿਆਨ ਨੂੰ ਸਮਾਜ ਦੇ ਕੇਂਦਰੀ ਥੰਮ੍ਹ ਵਜੋਂ ਸਥਾਪਤ ਕਰਨ ਲਈ ਜਨਤਾ ਦੇ ਵੱਧ ਤੋਂ ਵੱਧ ਹਿੱਸੇ ਨੂੰ ਉੱਚ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ ਅਤੇ ਜਨਤਾ ਦੀ ਵੱਡੀ ਬਹੁਗਿਣਤੀ ਕੋਲ ਸੂਚਨਾ ਅਤੇ ਸੰਚਾਰ ਤਕਨਾਲੋਜੀ ਅਤੇ ਇੰਟਰਨੈੱਟ ਤੱਕ ਪਹੁੰਚ ਦੀ ਸਮਰੱਥਾ ਹੋਣੀ ਚਾਹੀਦੀ ਹੈ। ਕਲਿਆਣਕਾਰੀ ਰਾਜ ਦੀ ਉਸਾਰੀ ਲਈ ਅਵਾਮ ਅਤੇ ਸਰਕਾਰ ਨੂੰ ਸਿੱਖਿਆ ਖੇਤਰ ਵਿੱਚ ਭਾਰੀ ਨਿਵੇਸ਼ ਕਰਨ ਦੀ ਲੋੜ ਹੈ।
ਉਹ ਕਲਿਆਣਕਾਰੀ ਰਾਜ, ਜਿਸ ਵਿੱਚ ਕਿਰਤ, ਇਕਸੁਰ ਸਦਭਾਵਨਾ ਅਤੇ ਗਿਆਨ ਦਾ ਬੋਲਬਾਲਾ ਹੋਵੇ, ਖਾਲਸਾ ਹੈ। ਅਜਿਹਾ ਸਮਾਜ ਹੀ ਬੇਗਮਪੁਰਾ ਹੈ । ਅਜਿਹਾ ਸਮਾਜ ਹੀ ਰਾਮਰਾਜ ਹੈ। ਅਜਿਹੇ ਸਮਾਜ ਦੀ ਕਲਪਨਾ ਡਾ: ਭੀਮ ਰਾਓ ਅੰਬੇਡਕਰ ਨੇ ਕੀਤੀ ਸੀ। ਅਜਿਹੇ ਸਮਾਜ ਦੀ ਕਲਪਨਾ ਸੰਵਿਧਾਨ ਦੁਆਰਾ ਕੀਤੀ ਗਈ ਹੈ। ਅਜਿਹਾ ਸਮਾਜ ਤੁਹਾਨੂੰ ਚਾਹੀਦਾ ਹੈ। ਅਜਿਹਾ ਸਮਾਜ ਅਸੀਂ ਸਾਰੇ ਚਾਹੁੰਦੇ ਹਾਂ। ਆਓ ਇਸ ਦੀ ਸ਼ੁਰੂਆਤ ਫਿਰ ਪੰਜਾਬ ਤੋਂ ਕਰੀਏ।

NO COMMENTS

LEAVE A REPLY