ਗੰਭੀਰਤਾ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਖ਼ਲ ਮੰਗਿਆ ਅਤੇ ਪੀਡੀਐਫ ਫਾਈਲ ਵੈੱਬ ਸਾਈਟ ਤੋਂ ਤੁਰੰਤ ਹਟਵਾਉਣ ਲਈ ਵੀ ਕੀਤੀ ਅਪੀਲ
ਅੰਮ੍ਰਿਤਸਰ 25 ਮਾਰਚ ( ਰਾਜਿੰਦਰ ਧਾਨਿਕ ): ਜਾਗਤ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਥ ਪ੍ਰਵਾਨਿਤ ਪਾਵਨ ਸਰੂਪ ਨਾਲ ਛੇੜ ਛਾੜ ਕਰਦਿਆਂ ਵਾਧੂ ਦੀਆਂ ਲਗਾਂ-ਮਾਤਰਾਵਾਂ, ਕੰਨਾ, ਬਿੰਦੀ ਆਦਿ ਲਾਕੇ ਛਾਪਣ ਅਤੇ ਇਸ ਦੀ ਪੀਡੀਐਫ ਫਾਈਲ ਵੈੱਬ ਸਾਈਟ ’ਤੇ ਉਪਲਬਧ ਕਰਾਉਣ ਵਾਲੇ ਅਮਰੀਕਾ ਦੇ ਸਿੱਖ ਬੁੱਕ ਕਲੱਬ ਪਬਲਿਸ਼ਰ ਦੇ ਮਾਲਕ ਥਮਿੰਦਰ ਸਿੰਘ ਅਨੰਦ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਭਾਰਤੀ ਘੱਟਗਿਣਤੀ ਕਮਿਸ਼ਨ, ਦੇ ਚੇਅਰਮੈਨ ਨੂੰ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣ ਲਈ ਪੰਜਾਬ ਦੇ ਪੁਲੀਸ ਮੁਖੀ ਨੂੰ ਹਦਾਇਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਮਾਮਲੇ ਦੀ ਗੰਭੀਰਤਾ ਅਤੇ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਉਣ ਉਕਤ ਅਪਰਾਧੀ ਦਾ ਵਿਦੇਸ਼ੀ ਧਰਤੀ ਅਮਰੀਕਾ ਨਾਲ ਸੰਬੰਧਿਤ ਹੋਣ ਦਾ ਹਵਾਲਾ ਦਿੰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿਦੇਸ਼ ਮੰਤਰੀ ਨੂੰ ਸਿੱਖ ਜਗਤ ਨੂੰ ਇਨਸਾਫ਼ ਦਿਵਾਉਣ ਲਈ ਇਸ ਮਾਮਲੇ ’ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਥਮਿੰਦਰ ਸਿੰਘ ਵਾਲੀ ਪੀਡੀਐਫ ਫਾਈਲ ਵੈੱਬ ਸਾਈਟ ਤੋਂ ਤੁਰੰਤ ਹਟਵਾਉਣ ਲਈ ਵੀ ਕਿਹਾ।
ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪੱਤਰ ’ਚ ਕਿਹਾ ਕਿ ਗੁਰਬਾਣੀ ਨਾਲ ਕਿਸੇ ਵਿਅਕਤੀ ਜਾਂ ਸੰਸਥਾ ਵੱਲੋਂ ਵੀ ਵਾਧੂ ਦੀਆਂ ਲਗਾਂ-ਮਾਤਰਾਵਾਂ, ਕੰਨਾ, ਬਿੰਦੀ ਆਦਿ ਲਾਉਣ ਜਾਂ ਹਟਾਉਣ ਦੀ ਸਖ਼ਤ ਮਨਾਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸੰਬੰਧੀ ਕਈ ਵਾਰ ਆਦੇਸ਼ ਜਾਰੀ ਕਰਦਿਆਂ ਸੰਗਤ ਨੂੰ ਸੁਚੇਤ ਕੀਤਾ ਜਾ ਚੁੱਕਿਆ ਹੈ। ਇਹ ਵੀ ਕਿ ਪਾਵਨ ਸਰੂਪ ਛਾਪਣ ਦਾ ਅਧਿਕਾਰ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਜੇ ਕਿਸੇ ਵਿਅਕਤੀ ਜਾਂ ਸੰਸਥਾ ਨੇ ਇਹ ਕਾਰਜ ਕਰਨਾ ਹੋਵੇ ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੈ। ਅਜਿਹੀ ਸਥਿਤੀ ਵਿਚ ਅਮਰੀਕਾ ਦੇ ਸਿੱਖ ਬੁੱਕ ਕਲੱਬ ਪਬਲਿਸ਼ਰ ਦੇ ਮਾਲਕ ਥਮਿੰਦਰ ਸਿੰਘ ਅਨੰਦ (ਵਾਸੀ- 3811, ਸ਼ੇਫਰ ਐਵਿਨਿਊ, ਸੂਟ ਬੀ, ਚਾਈਨੋ, ਸੀਏ) ਵੱਲੋਂ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾ ਕੇਵਲ ਛਾਪਿਆ ਗਿਆ ਸਗੋਂ ਗੁਰਬਾਣੀ ਨਾਲ ਛੇੜਛਾੜ ਕਰਦਿਆਂ ਕਈ ਥਾਂਈਂ ਵਾਧੂ ਲਗਾਂ-ਮਾਤਰਾਵਾਂ ਵੀ ਲਗਾਈਆਂ ਗਈਆਂ। ਉਪਰੰਤ ਉਸ ਨੇ ਸੋਧੇ ਹੋਏ ਸਰੂਪ ਦਾ ਨਾਮ ਦੇ ਕੇ ਇਸ ਦੀ ਪੀਡੀਐਫ ਫਾਈਲ ਨੂੰ ਆਪਣੀ ਵੈੱਬ ਸਾਈਟ ’ਸਿੱਖਬੁੱਕਕਲਬ ਡੋਟ ਕਾਮ’ ’ਤੇ ਵੀ ਉਪਲਬਧ ਕਰਾਈ ਹੋਈ ਹੈ। ਪ੍ਰੋ: ਖਿਆਲਾ ਨੇ ਕਿਹਾ ਕਿ ਇਹ ਸਿੱਖ ਰਹਿਤ ਮਰਯਾਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਹੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਦੀ ਪ੍ਰਮਾਣਿਕਤਾ ’ਤੇ ਸਿਧਾ ਸਿਧਾ ਹਮਲਾ ਹੈ। ਜਿਸ ਨਾਲ ਸਮੁੱਚੇ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਵਲੂੰਧਰੀਆਂ ਗਈਆਂ ਹਨ। ਇਸ ਕਾਰੇ ਦਾ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਕਰੜਾ ਵਿਰੋਧ ਅਤੇ ਰੋਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਖ਼ਤ ਵਿਰੋਧ ਕਰਨ ਦੇ ਨਾਲ ਨਾਲ ਮਰਯਾਦਾ ਮੁਤਾਬਿਕ ਧਾਰਮਿਕ ਕਾਰਵਾਈ ਕੀਤੀ ਜਾ ਰਹੀ ਹੈ। ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਗੁਰਬਾਣੀ ਨਾਲ ਛੇੜ ਛਾੜ ਅਤੇ ਵਾਧੂ ਲਗਾਂ ਮਾਤਰਾਵਾਂ ਲਾਉਣ ਪ੍ਰਤੀ ਨਿਰਾਦਰ ਨੂੰ ਕਾਬਲੇ ਗੈਰ ਬਰਦਾਸ਼ਤ ਠਹਿਰਾ ਕੇ ਕਈ ਵਾਰ ਆਪਣਾ ਪੱਖ ਸਪਸ਼ਟ ਕਰ ਚੁੱਕੇ ਹਨ। ਅਮਰੀਕਾ ਵਾਸੀ ਥਮਿੰਦਰ ਸਿੰਘ ਦਾ ਇਹ ਕਾਰਾ, ਜਾਣੇ ਅਨਜਾਣੇ ’ਚ ਹੋਈ ਪਹਿਲੀ ਗ਼ਲਤੀ ਨਹੀਂ ਸਗੋਂ ਗੰਭੀਰ ਅਪਰਾਧ ਦੀ ਸ਼੍ਰੇਣੀ ’ਚ ਆਉਂਦਾ ਹੈ। ਇਸ ਤੋਂ ਪਹਿਲਾਂ ਵੀ ਉਹ ਅਣਅਧਿਕਾਰਤ ਤੌਰ ਤੇ ਚੀਨ ਤੋਂ ਪਾਵਨ ਸਰੂਪ ਛਪਵਾ ਕੇ ਅਮਰੀਕਾ ਭੇਜਣ ਦੇ ਅਪਰਾਧ ਲਈ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ।
ਪ੍ਰੋ: ਖਿਆਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਢਿੱਲ ਮੱਠ ਕਾਰਨ ਪੰਥ ਦੋਖੀ ਲੋਕ ਸਰਗਰਮ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਅਮਰੀਕਾ ਤੋਂ ਓਅੰਕਾਰ ਸਿੰਘ ਨਾਮੀ ਵਿਅਕਤੀ ਵੱਲੋਂ ਲਿਪੀ ਅੰਤਰਣ ਦੇ ਅਧੀਨ ਗੁਰਬਾਣੀ ਨਾਲ ਛੇੜ ਛਾੜ ਕਰਨ ਦੀ ਸੂਚਨਾ ਮਿਲੀ, ਸ੍ਰੀ ਅਕਾਲ ਤਖ਼ਤ ਸਾਹਿਬ ’ਤੋ ਉਸ ਨੂੰ ਇਸ ਪ੍ਰਤੀ ਰੋਕ ਲਾਉਣ ਦੇ ਬਾਵਜੂਦ ਉਸ ਵੱਲੋਂ ਨਿਰੰਤਰ ਕੰਮ ਜਾਰੀ ਰੱਖਿਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸਿੱਖ ਜਗਤ, ਗੁਰਦੁਆਰਾ ਕਮੇਟੀਆਂ, ਸਿੱਖ ਸੰਪਰਦਾਵਾਂ, ਜਥੇਬੰਦੀਆਂ ਅਤੇ ਪੰਥ ਹਿਤੈਸ਼ੀਆਂ ਨੂੰ ਉਕਤ ਪ੍ਰਤੀ ਸੁਚੇਤ ਹੋਣ ਦੀ ਅਪੀਲ ਕੀਤੀ ਹੈ।