ਸ਼੍ਰੋਮਣੀ ਕਮੇਟੀ ਇਤਰਾਜ਼ ਮਗਰੋਂ ਪਾਕਿਸਤਾਨ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਹੋਣ ਵਾਲਾ ਪ੍ਰੋਗਰਾਮ ਜਸ਼ਨ-ਏ-ਬਹਾਰਾਂ ਕੀਤਾ ਰੱਦ

0
38
 
ਅੰਮ੍ਰਿਤਸਰ, 18 ਮਾਰਚ (ਪਵਿੱਤਰ ਜੋਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਇਤਰਾਜ਼ ਮਗਰੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਨੇੜੇ ਪਾਕਿਸਤਾਨ ਸਰਕਾਰ ਵੱਲੋਂ 23 ਤੋਂ 27 ਮਾਰਚ ਤੀਕ ਕੀਤਾ ਜਾਣ ਵਾਲਾ ਪ੍ਰੋਗਰਾਮ ਜਸ਼ਨ-ਏ-ਬਹਾਰਾਂ ਰੱਦ ਕਰ ਦਿੱਤਾ ਗਿਆ ਹੈ। ਪ੍ਰੋਗਰਾਮ ਬਾਰੇ ਸੂਚਨਾਂ ਮਿਲਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਉਨ੍ਹਾਂ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਵੱਲੋਂ ਸ੍ਰੀ ਕਰਤਾਰਪੁਰ ਲਾਂਘੇ ਸਬੰਧੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਮੁੱਖ ਕਾਰਜਕਾਰੀ ਅਫਸਰ ਮੁਹੰਮਦ ਲਾਤੀਫ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਮੀਰ ਸਿੰਘ ਅਤੇ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੂੰ ਪੱਤਰ ਲਿਖ ਕੇ ਪ੍ਰੋਗਰਾਮ ਦੇ ਰੋਕ ਲਗਾਉਣ ਦੀ ਮੰਗ ਕੀਤੀ ਸੀ।
ਬੀਤੇ ਕੱਲ੍ਹ ਦੇਰ ਸ਼ਾਮ ਪਾਕਿਸਤਾਨ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਪੱਤਰ ’ਤੇ ਗੌਰ ਕਰਦਿਆਂ ਪ੍ਰੋਗਰਾਮ ਦੇ ਆਯੋਜਨ ’ਤੇ ਰੋਕ ਲਗਾ ਦਿੱਤੀ ਗਈ ਹੈ। ਜਿਸ ਦੀ ਸੂਚਨਾ ਸ਼੍ਰੋਮਣੀ ਕਮੇਟੀ ਨੂੰ ਈਮੇਲ ਰਾਹੀਂ ਪੁੱਜੀ ਹੈ। ਪਾਕਿਸਤਾਨ ਸਰਕਾਰ ਵੱਲੋਂ ਪ੍ਰੋਗਰਾਮ ’ਤੇ ਰੋਕ ਲਗਾਉਣ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਅਜਿਹੀ ਗਲਤੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪੱਤਰ ਨੂੰ ਸੰਜੀਦਗੀ ਨਾਲ ਲੈ ਕੇ ਕਰਤਾਰਪੁਰ ਲਾਂਘੇ ਸਬੰਧੀ ਮੈਨੇਜਮੈਂਟ ਵੱਲੋਂ ਪ੍ਰੋਗਰਾਮ ਦੇ ਰੋਕ ਦਾ ਫੈਸਲਾ ਲੈਣਾ ਗੁਰ ਅਸਥਾਨ ਦੇ ਇਤਿਹਾਸਿਕ ਮਹੱਤਵ ਅਤੇ ਗੁਰੂ ਘਰ ਦੀ ਮਰਿਯਾਦਾ ਦੇ ਹੱਕ ਵਿਚ ਹੈ। ਜਿਸ ਲਈ ਅਸੀਂ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਔਕਾਫ ਬੋਰਡ ਦਾ ਧੰਨਵਾਦ ਕਰਦੇ ਹਾਂ।

NO COMMENTS

LEAVE A REPLY