ਨਜਾਇਜ ਕਬਜੇ ਕਰਨ ਵਾਲਿਆਂ ਵਿਰੁੱਧ ਕੀਤੀ ਕਾਰਵਾਈ

0
42

ਪੰਡਿਤ ਦੀਨ ਦਿਆਲ ਉਪਾਧਿਆ ਮਾਰਕੀਟ ਦੇ ਪਾਰਕਿੰਗ ਸਟੈਂਡਾਂ ਨੂੰ ਮਾਨਯੋਗ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਆਪਣੇ ਪੱਧਰ ਤੇ ਸ਼ੁਰੂ ਕੀਤਾ
ਅੰਮ੍ਰਿਤਸਰ 23 ਫਰਵਰੀ (ਪਵਿੱਤਰ ਜੋਤ) :  ਨਗਰ ਨਿਗਮ ਦੇ ਅਸਟੇਟ ਵਿਭਾਗ ਵੱਲੋ ਲੋਕਾਂ ਦੀ ਸਹੂਲਤ ਅਤੇ ਨਗਰ ਨਿਗਮ ਦੇ ਵਿੱਤੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਪੰਡਿਤ ਦੀਨ ਦਿਆਲ ਉਪਾਧਿਆ ਮਾਰਕੀਟ ਦੇ ਪਾਰਕਿੰਗ ਸਟੈਂਡਾਂ ਨੂੰ ਮਾਨਯੋਗ ਕਮਿਸ਼ਨਰ ਜੀ ਦੇ ਹੁਕਮਾਂ ਅਨੁਸਾਰ ਆਪਣੇ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ।
ਇੱਥੇ ਇਹ ਗੱਲ ਦੱਸਣਯੋਗ ਹੈ ਕਿ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਇਸ ਪਾਰਕਿੰਗ ਸਟੈਂਡ ਦੇ ਬਾਰ-ਬਾਰ ਟੈਂਡਰ ਲਗਾਏ ਜਾ ਰਹੇ ਸਨ ਅਤੇ ਕਿਸੇ ਵੀ ਵਿਅਕਤੀ ਵੱਲੋਂ ਇਸ ਪਾਰਕਿੰਗ ਸਟੈਂਡ ਦੇ ਟੈਂਡਰ ਨਹੀਂ ਭਰੇ ਜਾ ਰਹੇ, ਜਿਸ ਕਾਰਨ ਨਗਰ ਨਿਗਮ ਨੂੰ ਕਾਫੀ ਵਿੱਤੀ ਨੁਕਸਾਨ ਹੋ ਰਿਹਾ ਸੀ। ਇਸ ਲਈ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਹੀਕਲ ਅੱਜ ਮਿਤੀ 23-02-2022 ਤੋਂ ਪੰਡਿਤ ਦੀਨ ਦਿਆਲ ਉਪਾਧਿਆ ਮਾਰਕੀਟ ਦੇ ਪਾਰਕਿੰਗ ਸਟੈਂਡ ਵਿੱਚ ਪਾਰਕ ਕਰ ਸਕਦੇ ਹਨ।
ਇਸਦੇ ਨਾਲ ਹੀ ਮਾਨਯੋਗ ਕਮਿਸ਼ਨਰ ਜੀ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਹਾਲ ਗੇਟ ਦੇ ਬਾਹਰ ਪੁਰਾਣੀ ਸਬਜੀ ਮੰਡੀ ਵਿਖੇ ਜੋ ਬੱਸਾਂ ਦੀ ਪਾਰਕਿੰਗ ਹੋ ਰਹੀ ਹੈ, ਉਹਨਾਂ ਪਾਸੋਂ ਵੀ ਪਾਰਕਿੰਗ ਫੀਸ ਵਸੂਲ ਕੀਤੀ ਜਾਵੇਗੀ ਅਤੇ ਇਸਦੇ ਨਾਲ ਹੀ ਰੇਲਵੇ ਸਟੇਸ਼ਨ ਦੇ ਸਾਹਮਣੇ ਗੋਲਬਾਗ ਵਾਲੀ ਸਾਈਡ ਟੈਕਸੀ ਸਟੈਂਡ ਦੇ ਨਾਲ ਨਗਰ ਨਿਗਮ ਦਾ ਪਾਰਕਿੰਗ ਸਟੈਂਡ ਜੋ ਕਿ ਸਮਾਰਟ ਸਿਟੀ ਦੇ ਸਟਾਫ ਵੱਲੋਂ ਵਰਤੋਂ ਵਿੱਚ ਲਿਆਉਣ ਕਾਰਨ ਬੰਦ ਕੀਤਾ ਗਿਆ ਸੀ, ਨੂੰ ਵੀ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ, ਤਾਂ ਜੋ ਇਸ ਨਾਲ ਆਮ ਜਨਤਾ ਨੂੰ ਸਹੂਲਤ ਮਿਲ ਸਕੇ ਅਤੇ ਨਗਰ ਨਿਗਮ ਅੰਮ੍ਰਿਤਸਰ ਦੀ ਮਾਲੀ ਹਾਲਤ ਵਿੱਚ ਵੀ ਸੁਧਾਰ ਹੋ ਸਕੇ।
ਇਸਤੋਂ ਇਲਾਵਾ ਮਾਨਯੋਗ ਕਮਿਸ਼ਨਰ ਜੀ ਦੇ ਹੁਕਮਾਂ ਅਨੁਸਾਰ ਪੁਤਲੀਘਰ ਬਾਜਾਰ, ਚੌਂਕ ਫਰੀਦ, ਰੇਲਵੇ ਲਿੰਕ ਰੋਡ, ਰਿਆਲਟੋ ਚੌਂਕ, ਕ੍ਰਿਸਟਲ ਚੌਂਕ, ਪਿੰਕ ਪਲਾਜਾ, ਹਾਲ ਬਾਜਾਰ ਆਦਿ ਦੇ ਇਲਾਕਿਆਂ ਵਿੱਚ ਜਿੰਨਾਂ ਦੁਕਾਨਾਦਾਰਾਂ/ਵਿਅਕਤੀਆਂ ਵੱਲੋਂ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਬਾਹਰ/ਬਰਾਂਡਿਆਂ/ਫੁੱਟਪਾਥ/ਸੜਕ ਉਪਰ ਰੱਖ ਕੇ ਨਜਾਇਜ ਆਰਜੀ ਕਬਜੇ ਕੀਤੇ ਹੋਏ ਸਨ, ਇਹਨਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਗਈ ਅਤੇ ਇਹਨਾਂ ਦਾ ਸਮਾਨ ਜਬਤ ਕਰਕੇ ਨਗਰ ਨਿਗਮ ਦੇ ਸਟੋਰ ਵਿੱਚ ਜਮਾਂ ਕਰਵਾ ਦਿੱਤਾ ਗਿਆ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਦੁਬਾਰਾ ਉਕਤ ਜਗਾਂ ਤੇ ਸਮਾਨ ਰੱਖ ਕੇ ਨਜਾਇਜ ਆਰਜੀ ਕਬਜੇ ਨਾ ਕੀਤੇ ਜਾਣ। ਇਸਦੇ ਨਾਲ ਹੀ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਵਿੱਚ ਸਰਕਾਰੀ ਜਮੀਨਾਂ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਬਰਾਂਡਿਆਂ ਵਿੱਚ ਕੋਈ ਵੀ ਵਿਅਕਤੀ ਸਮਾਨ ਆਦਿ ਰੱਖ ਕੇ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਨਾ ਕਰੇ। ਜੇਕਰ ਕੋਈ ਵਿਅਕਤੀ ਸ਼ਹਿਰ ਵਿੱਚ ਸਰਕਾਰੀ ਜਮੀਨ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਬਰਾਂਡਿਆਂ ਵਿੱਚ ਸਮਾਨ ਰੱਖ ਕੇ ਨਜਾਇਜ ਕਬਜਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।
ਅੱਜ ਦੀ ਇਸ ਕਾਰਵਾਈ ਵਿੱਚ ਰਾਜ ਕੁਮਾਰ, ਰਾਕੇਸ਼ ਦੇਵਗਨ, ਸੁਰਿੰਦਰ ਸ਼ਰਮਾ, ਵਿਭਾਗੀ ਅਮਲਾ ਅਤੇ ਪੁਲਿਸ ਫੋਰਸ ਸ਼ਾਮਿਲ ਸਨ।

NO COMMENTS

LEAVE A REPLY