ਅੰਮ੍ਰਿਤਸਰ 14 ਫਰਵਰੀ (ਅਰਵਿੰਦਰ ਵੜੈਚ) : ਅੰਮ੍ਰਿਤਸਰ ਦੇ ਆਪਣੇ ਸਿਆਸੀ ਦੌਰੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਪ੍ਰਭਾਵਸ਼ਾਲੀ ਤੇ ਤਾਕਤਵਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿੱਤ ਸ਼ਾਹ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਗਈ ਮੁਲਾਕਾਤ ਨੂੰ ਸਿਆਸੀ ਮਾਹਿਰਾਂ ਅਤੇ ਸਿੱਖ ਸਮਾਜ ਵੱਲੋਂ ਸਾਰਥਿਕਤਾ ਨਾਲ ਦੇਖਿਆ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਕੇਂਦਰੀ ਮੰਤਰੀ ਸ਼ਾਹ ਆਪਣੇ ਕੈਬਨਿਟ ਸਾਥੀਆਂ ਅਤੇ ਸੀਨੀਅਰ ਭਾਜਪਾ ਆਗੂਆਂ ਨਾਲ ਜਥੇਦਾਰ ਸਾਹਿਬ ਨੂੰ ਮਿਲੇ। ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦਸਿਆ ਕਿ ਦੋਵਲੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਅਤਿ ਨਜ਼ਦੀਕੀ ਸਾਥੀ ਸ੍ਰੀ ਅਮਿੱਤ ਸ਼ਾਹ ਦਾ ਸਿੰਘ ਸਾਹਿਬ (ਜਥੇਦਾਰ) ਨਾਲ ਇਕੱਲਿਆਂ ਬੈਠਣ ਦਾ ਇਰਾਦਾ ਜ਼ਾਹਿਰ ਕਰਨਾ ਉਨ੍ਹਾਂ ਦੀ ਪੰਥਕ ਮਾਮਲਿਆਂ ਬਾਰੇ ਨਿੱਜੀ ਤੇ ਡੂੰਘੀ ਦਿਲਚਸਪੀ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ। 73 ਸਾਲ ਦੇ ਇਤਿਹਾਸ ’ਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਤਾਕਤਵਰ ਕੇਂਦਰੀ ਮੰਤਰੀ ਦੂਜਿਆਂ ਦੀ ਤਰਾਂ ਕੇਵਲ ਗੁਰੂਘਰ ਨਤਮਸਤਕ ਹੋਕੇ ਹੀ ਚਲਦਾ ਨਹੀਂ ਬਣਿਆ ਸਗੋਂ ਸਿੱਖਾਂ ਦੇ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸਤਾ, ਮਾਨ ਸਨਮਾਨ ਅਤੇ ਰੁਤਬੇ ਨੂੰ ਸਿਰ ਨਿਵਾਉਂਦਿਆਂ ਇਸ ਦੇ ਜਥੇਦਾਰ ਨਾਲ ਸਿੱਖ ਪੰਥ ਅਤੇ ਪੰਜਾਬ ਦੇ ਮਸਲਿਆਂ ਨੂੰ ਸਮਝਣ ਅਤੇ ਸੁਲਝਾਉਣ ਪ੍ਰਤੀ ਮਿਲ ਬੈਠ ਕੇ ਸੰਵਾਦ ਰਚਾਉਣ ਨੂੰ ਤਰਜੀਹ ਦਿੱਤੀ। ਅਜਿਹਾ ਕਰਦਿਆਂ ਸ੍ਰੀ ਅਮਿੱਤ ਸ਼ਾਹ ਨੇ ਭਾਜਪਾ ਪ੍ਰਤੀ ਤੰਗ ਨਜ਼ਰੀਆ ਰੱਖਦਿਆਂ ਭਰਮ ਭੁਲੇਖਾ ਪੈਦਾ ਕਰਨ ਦੀ ਕੋਸ਼ਿਸ਼ ’ਚ ਰਹੇ ਲੋਕਾਂ ਨੂੰ ਦਸ ਦਿੱਤਾ ਕਿ ਭਾਜਪਾ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਕਿਸ ਪ੍ਰਕਾਰ ਦਾ ਸਤਿਕਾਰ ਤੇ ਨਜ਼ਰੀਆ ਰੱਖਦਾ ਹੈ। ਇਹ ਸਭ ਨੂੰ ਪਤਾ ਹੈ ਕਿ ਕਾਂਗਰਸ ਦੀ ਸ੍ਰੀਮਤੀ ਇੰਦਰਾ ਗਾਂਧੀ ਦੀ ਸਰਕਾਰ ਨੇ ਜੂਨ ’84 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਟੈਂਕਾਂ ਨਾਲ ਹਮਲਾ ਕਰਦਿਆਂ ਢਹਿ ਢੇਰੀ ਕੀਤਾ, ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਮੌਜੂਦਾ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿੱਤ ਸ਼ਾਹ ਇਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਦੀ ਕਾਰਸੇਵਾ ਵਿਚ ਹਿੱਸਾ ਲੈ ਕੇ 11 ਦਿਨ ਸੇਵਾ ਨਿਭਾਈ। ਸਿੱਖੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਤੀ ਸ਼ਰਧਾ ਦੀ ਗਲ ਕੀਤੀ ਜਾਵੇ ਤਾਂ ਮੈ ਇਹ ਦੱਸਣਾ ਚਾਹਾਂਗਾ ਕਿ 19 ਸਾਲ ਦੀ ਉਮਰ ’ਚ ਸ੍ਰੀ ਅਮਿੱਤ ਸ਼ਾਹ ਗੁਜਰਾਤ ਦੀ ਲੋਕਲ ਬਾਡੀ ਚੋਣਾਂ ਦੌਰਾਨ ਇਕ ਸੜਕ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਰੱਖਣਾ ਚਾਹੁੰਦੇ ਸਨ, ਤਾਂ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ, ਜਦ ਉਨ੍ਹਾਂ ਨੂੰ ਬੁਲਾਰੇ ਵਜੋਂ ਬੋਲਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਸਾਡੇ ਸਾਰਿਆਂ ਦਾ ਧਰਮ ਹਿੰਦੂ ਨਾ ਹੁੰਦਾ। ਗੁਰੂ ਸਾਹਿਬ ਨੇ ਸਾਡੇ ਲਈ ਕੁਰਬਾਨੀ ਦਿੱਤੀ ਹੈ, ਸਾਨੂੰ ਅਹਿਸਾਨ ਫ਼ਰਾਮੋਸ਼ ਨਹੀਂ ਹੋਣਾ ਚਾਹੀਦਾ। ਇਹ ਕਿ ਗੁਰੂ ਸਾਹਿਬ ਦੇ ਨਾਮ ’ਤੇ ਸੜਕ ਦਾ ਨਾਮ ਰੱਖਣ ਬਾਰੇ ਉਸ ਸਮੇਂ ਭਾਜਪਾ ਦੇ ਚੋਣ ਮੈਨੀਫੈਸਟੋ ਵਿਚ ਬਕਾਇਦਾ ਸ਼ਾਮਿਲ ਕੀਤਾ ਗਿਆ। ਕਿਸਾਨੀ ਅੰਦੋਲਨ ਦੇ ਦੌਰਾਨ ਅਣਸੁਖਾਵੇਂ ਵਰਤਾਰਿਆਂ ਦੇ ਚਲਦਿਆਂ ਇਸ ਵਕਤ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਸੁਰੱਖਿਆ ਅਧਿਕਾਰੀ ਵੱਲੋਂ ਸ੍ਰੀ ਦਰਬਾਰ ਸਾਹਿਬ ਨਾ ਜਾਣ ਦੀ ਦਿੱਤੀ ਗਈ ਸਲਾਹ ਦੇ ਬਾਵਜੂਦ ਅਮਿੱਤ ਸ਼ਾਹ ਸਿੱਖ ਧਰਮ ’ਚ ਅਟੁੱਟ ਵਿਸ਼ਵਾਸ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਅਤੇ ਗੁਰੂ ਸਾਹਿਬ ਨੂੰ ਸ਼ਰਧਾ ਵੱਸ ਸਿੱਜਦਾ ਕਰਨ ਨੂੰ ਅਹਿਮੀਅਤ ਦਿੱਤੀ । ਉਨ੍ਹਾਂ ਵੱਲੋਂ ਗੁਰੂਘਰ ਜਾਣ ਅਤੇ ਜਥੇਦਾਰ ਸਾਹਿਬ ਨਾਲ ਕੀਤੀ ਗਈ ਮੁਲਾਕਾਤ ਨੇ ਦੇਸ਼ ਤੇ ਸਿੱਖ ਸਮਾਜ ਅੰਦਰ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਯਕੀਨਨ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨੇੜੇ ਭਵਿੱਖ ’ਚ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਆਉਣ ਦੀ ਇੱਛਾ ਜ਼ਾਹਿਰ ਕੀਤੀ ।
ਇਸ ਮੌਕੇ ਸੰਵਾਦ ਦੌਰਾਨ ਜਥੇਦਾਰ ਸਾਹਿਬ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਦੇਸ਼ ਵਿਦੇਸ਼ ਦੇ ਸਿੱਖ ਭਾਈਚਾਰੇ ਦੀ ਆਰਥਿਕ ਮਜ਼ਬੂਤੀ, ਸੁਰੱਖਿਆ ਅਤੇ ਹੋਰ ਦਰਪੇਸ਼ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਵਿਚਾਰ ਰੱਖਿਆ ਗਿਆ। ਉਨ੍ਹਾਂ ਭਾਰਤ ਅੰਦਰ ਪੈਦਾ ਹੋਏ ਸਿੱਖ ਮਸਲਿਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਸਵਾਲ ’ਤੇ ਸਿੱਖਾਂ ਦਾ ਦਲੀਲ ਪੂਰਨ ਪੱਖ ਰੱਖਦਿਆਂ ਕਿ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ’ਚ ਕਿਉਂ ਜਾਣਾ ਪਿਆ ? ਉਨ੍ਹਾਂ ਨੂੰ ਕਿਉਂ ਸੰਘਰਸ਼ ਕਰਨ ਦੀ ਲੋੜ ਪਈ ਬਾਰੇ ਅਤੀਤ ਅਤੇ ਵਰਤਮਾਨ ਦੇ ਸਵਾਲਾਂ ਨੂੰ ਗੰਭੀਰਤਾ ਨਾਲ ਖੰਘਾਲਿਆ ਗਿਆ। ਜਿਸ ਵਲ ਸ੍ਰੀ ਅਮਿੱਤ ਸੰਭਾਲਿਆ ਵੱਲੋਂ ਪੂਰਾ ਧਿਆਨ ਦਿੱਤਾ ਗਿਆ। ਆਮ ਦੌਰ ’ਤੇ ਅਜਿਹੇ ਮੌਕਿਆਂ ’ਤੇ ਜਥੇਦਾਰਾਂ ਵੱਲੋਂ ਆਏ ਮੰਤਰੀ ਜਾਂ ਅਧਿਕਾਰੀ ਨੂੰ ਕੇਵਲ ਲਿਖਤੀ ਪੱਤਰ ਦਿੰਦਿਆਂ ਬੁੱਤਾ ਸਾਰ ਲਿਆ ਜਾਂਦਾ ਰਿਹਾ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਗੁਰਮਤਿ ਗਿਆਨ ਅਤੇ ਦੇਸ਼ ਵਿਦੇਸ਼ ਵਿਚ ਯਾਤਰਾ ਦੌਰਾਨ ਹਾਸਲ ਅਨੁਭਵ ਨੂੰ ਇਕ ਪੜੇ ਲਿਖੇ ਸੂਝਵਾਨ ਵਜੋਂ ਹਰ ਮੁੱਦੇ ’ਤੇ ਕੇਂਦਰੀ ਮੰਤਰੀ ਸ੍ਰੀ ਸ਼ਾਹ ਕੋਲ ਸਿੱਖਾਂ ਦਾ ਪੱਖ ਰੱਖਿਆ ਗਿਆ। ਕੇਂਦਰੀ ਮੰਤਰੀ ਨੇ ਰਾਜ ਵਿਚ ਜਬਰੀ ਧਰਮ ਪਰਿਵਰਤਨ ਦੇ ਮੁੱਦੇ ’ਤੇ ਸਖ਼ਤ ਕਾਨੂੰਨ ਲਾਗੂ ਕਰਨ ਅਤੇ ਬੇਅਦਬੀਆਂ ਦੇ ਮਾਮਲੇ ’ਚ ਭਾਜਪਾ ਦੇ ਜ਼ੀਰੋ ਟਾਲਰੈਂਸ ਦੀ ਨੀਤੀ ਬਾਰੇ ਜਾਣੂ ਕਰਾਇਆ। ਕਰੀਬ ਇਕ ਘੰਟੇ ਤਕ ਚਲੀ ਇਸ ਬਿਨਾ ਸ਼ਡਿਊਲ ਦੇ ਗੈਰ ਰਸਮੀ ਸੰਵਾਦ ਦੌਰਾਨ ਸਿੰਘ ਸਾਹਿਬ ਨੇ ਕੇਂਦਰੀ ਮੰਤਰੀ ਨੂੰ ਸਿੱਖਾਂ ਦੀ ਬੇਰੁਖ਼ੀ ਬਾਰੇ ਦੱਸਿਆ ਕਿ ਇਹ ਸਭ ਕੁਝ ਸਿੱਖਾਂ ਨਾਲ ਅਤੀਤ ਅਤੇ ਵਰਤਮਾਨ ਦੌਰਾਨ ਜੋ ਵੀ ਨਾਬਰਾਬਰੀ ਹੋਈ ਜਾਂ ਹੋ ਰਹੀ ਹੈ ਉਹ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਬੇਰੁਖ਼ੀ ਦੂਰ ਕੀਤੇ ਬਿਨਾ ਪੰਜਾਬ ’ਚ ਸਥਿਰਤਾ ਸੰਭਵ ਨਹੀਂ ਹੈ।
ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖ ਭਾਈਚਾਰੇ ਨਾਲ ਚੰਗੇ ਸੰਬੰਧ ਚਾਹੁੰਦੇ ਹਨ। ਸ੍ਰੀ ਮੋਦੀ ਸਿੱਖਾਂ ਦੀ ਦੁੱਖ ਦਰਦ ਨੂੰ ਜਾਣਦਾ ਤੇ ਮਹਿਸੂਸ ਕਰਦਾ ਹੈ। 2014 ’ਚ ਪ੍ਰਧਾਨ ਮੰਤਰੀ ਅਹੁਦਾ ਸੰਭਾਲ ਦਿਆਂ ਹੀ ਉਨ੍ਹਾਂ ਐਸ ਆਈ ਟੀ ਬਣਾ ਕੇ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਖ਼ਿਲਾਫ਼ ਜਾਂਚ ਸ਼ੁਰੂ ਕਰਾਈ, ਜਿਸ ਕਾਰਨ ਦੋਸ਼ੀ ਉੱਘੇ ਕਾਂਗਰਸੀ ਆਗੂ ਸਜਣ ਕੁਮਾਰ ਨੂੰ ਜੇਲ੍ਹ ਦੀ ਹਵਾ ਖਾਣੀ ਪਈ। ਕਈਆਂ ਖ਼ਿਲਾਫ਼ ਅੱਜ ਵੀ ਜਾਂਚ ਚੱਲ ਰਹੀ ਹੈ। ਪੀੜਤਾਂ ਨੂੰ ਮੁਆਵਜ਼ਾ ਦਿੱਤਾ ਗਿਆ। ਸਤ ਦਹਾਕਿਆਂ ਤੋਂ ਸਿੱਖਾਂ ਵੱਲੋਂ ਕੀਤੀ ਜਾ ਰਹੀ ਮੰਗ ਪੂਰੀ ਕਰਦਿਆਂ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਲਈ ਕੌਮਾਂਤਰੀ ਸਰਹੱਦ ’ਤੇ ਲਾਂਘਾ ਬਣਾਇਆ ਗਿਆ। ਸਿਆਸੀ ਸਿੱਖ ਕੈਦੀਆਂ ਦੀ ਰਿਹਾਈ, ਕਾਲੀ ਸੂਚੀ ਦਾ ਖ਼ਾਤਮਾ, ਜੋਧਪੁਰੀਆਂ ਨੂੰ ਮੁਆਵਜ਼ਾ ਦਿੱਤਾ ਗਿਆ। ਸ੍ਰੀ ਅੰਮ੍ਰਿਤਸਰ ਨੂੰ ਦੇਸ਼ ਦੇ ਉਨ੍ਹਾਂ ਪੰਜ ਸ਼ਹਿਰਾਂ ਵਿਚ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਨੂੰ ਸਮਾਰਟ ਸਿਟੀ ਤਰਜ਼ ’ਤੇ ਵਿਕਾਸ ਕਰਾਇਆ ਜਾਣਾ ਹੈ। ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮਨਾਉਣ ਤੋਂ ਇਲਾਵਾ ਹਾਲ ਹੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਕੌਮੀ ਦਿਹਾੜਾ (ਨੈਸ਼ਨਲ ਡੇ) ਮਨਾਉਣ ਦਾ ਐਲਾਨ ਕੀਤਾ ਗਿਆ। ਜੋ ਕਿ ਦੇਸ਼ ਦੇ ਇਤਿਹਾਸ ’ਚ ਕਿਸੇ ਵੀ ਧਰਮ ਲਈ ਪਹਿਲਾ ਦਿਹਾੜਾ ਹੈ ਜੋ ਕੌਮੀ ਪੱਧਰ ’ਤੇ ਸਰਕਾਰ ਵੱਲੋਂ ਮਨਾਇਆ ਜਾਵੇਗਾ। ਇਸ ਐਲਾਨ ਦਾ ਸਿੱਖ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਪ੍ਰਧਾਨ ਮੰਤਰੀ ਦਾ ਉਚੇਚ ਧੰਨਵਾਦ ਕੀਤਾ ਗਿਆ। ਸਿੱਖ ਹਿਤੈਸ਼ੀ ਪ੍ਰਧਾਨ ਮੰਤਰੀ ਵੱਲੋਂ ਸਿੱਖ ਭਾਈਚਾਰੇ ਲਈ ਅਨੇਕਾਂ ਕਾਰਜ ਕੀਤੇ ਗਏ ਹਨ, ਜਿਨ੍ਹਾਂ ਦੀ ਸੂਚੀ ਲੰਮੀ ਹੈ। ਵਿਧਾਨ ਸਭਾ ਚੋਣਾਂ ਉਪਰੰਤ ਸਿੱਖ ਭਾਈਚਾਰੇ ਦੇ ਬਾਕੀ ਰਹਿੰਦੇ ਮਸਲੇ ਜਲਦ ਹੱਲ ਕਰਾਏ ਜਾਣੇ ਹਨ। ਦੇਸ਼ ਤੇ ਕੇਂਦਰ ਸਰਕਾਰ ਨੂੰ ਵੀ ਸਿੱਖਾਂ ਦੇ ਦਰਦ ਨੂੰ ਸਮਝੇ ਅਤੇ ਦੇਸ਼ ਦੀ ਆਨ-ਸ਼ਾਨ ਲਈ ਸਿੱਖ ਭਾਈਚਾਰੇ ਵੱਲੋਂ ਪਾਏ ਗਏ ਯੋਗਦਾਨ ਦਾ ਉਚਿੱਤ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਦੇ ਲੋਕ ਅਤੇ ਸਿੱਖ ਸਮਾਜ ਵਿਕਾਸ ਅਤੇ ਸਥਿਰਤਾ ਚਾਹੁੰਦੇ ਹਨ। ਕੁਝ ਲੋਕ ਹਿੰਦੂਆਂ ਨਾਲ ਟਕਰਾਅ ਦੀ ਗਲ ਕਰਦੇ ਹਨ ਪਰ ਉਨ੍ਹਾਂ ਨਾ ਸਮਝਾਂ ਨੂੰ ਕੌਣ ਦੱਸੇ ਕਿ ਸਿੱਖਾਂ ਦਾ ਟਕਰਾਅ ਨਾ ਹਿੰਦੂ, ਨਾ ਕਿ ਕਿਸੇ ਜਾਤ ਸ਼੍ਰੇਣੀ ਜਾਂ ਧਰਮ ਨਾਲ ਹੈ ਸਗੋਂ ਗੁਰਮਤਿ ਸਿਧਾਂਤ ਦੇ ਵਿਰੋਧੀਆਂ ਨਾਲ ਹੈ। ਗੁਰੂ ਦਾ ਸਿਧਾਂਤ ਸਰਬੱਤ ਦਾ ਭਲਾ, ਭਾਈਚਾਰਕ ਏਕਤਾ ਅਤੇ ਸਦਭਾਵਨਾ ਦਾ ਹਾਮੀ ਹੈ। ਜੋ ਲੋਕ ਸਦਭਾਵਨਾ ਨੂੰ ਖੋਰਾ ਲਾਉਣ ਦੀ ਤਾਕ ’ਚ ਹਨ ਉਹ ਗੁਰਮਤਿ ਸਿਧਾਂਤ ਦੇ ਉਲਟ ਭੁਗਤ ਰਹੇ ਹਨ। ਸਿੱਖ ਸਮਾਜ ਸਿਸਟਮ ਦੇ ਅੰਦਰ ਰਹਿ ਕੇ ਮਸਲਿਆਂ ਦਾ ਹੱਲ ਚਾਹੁੰਦੇ ਹਨ। ਸਿੱਖ ਭਾਈਚਾਰਾ ਦੇਸ਼ ’ਚ ਬਰਾਬਰ ਅਧਿਕਾਰ ਅਤੇ ਸਨਮਾਨਜਨਕ ਸਟੇਟਸ ਚਾਹੁੰਦਾ ਹੈ। ਇਹ ਕਾਂਗਰਸ ਹੀ ਹੈ ਜਿਸ ਨੇ ਰਾਜਨੀਤਿਕ ਸਵਾਰਥ ਪੂਰਤੀ ਲਈ ਦੇਸ਼ ਦੇ ਸਾਹਮਣੇ ਸਿੱਖਾਂ ਬਾਰੇ ਗਲਤਫੈਮੀਆਂ ਫੈਲਾਈਆਂ । ਵਰਨਾ ਸੰਤ ਜਰਨਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਖ਼ੁਦ ਕਿਹਾ ਕਰਦੇ ਹਨ ਕਿ ਅਸੀਂ ਹਿੰਦੁਸਤਾਨ ਦੀ ਅਜ਼ਾਦੀ ਲਈ 93 ਫ਼ੀਸਦੀ ਸਿਰ ਦਿੱਤੇ ਹਨ, ਹਿੰਦੁਸਤਾਨ ਵਿਚ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ, ਗ਼ੁਲਾਮ ਬਣ ਕੇ ਨਹੀਂ। ਪੰਜਾਬ ਸਰਹੱਦੀ ਸੂਬਾ ਹੈ ਅਤੇ ਗੁਆਂਢੀ ਦੇਸ਼ ਪਾਕਿਸਤਾਨ ਭਾਰਤ ਨੂੰ ਅਸਥਿਰ ਕਰਨ ਲਈ ਕੋਝੀਆਂ ਚਾਲਾਂ ਚਲਦਾ ਰਹਿੰਦਾ ਹੈ। ਭਾਈਚਾਰਕ ਏਕਤਾ ਦੀ ਭਾਵਨਾ ਹੀ ਅਤਿਵਾਦੀ ਤਾਕਤਾਂ ਨੂੰ ਬੇਅਸਰ ਕਰਨ ਦਾ ਵਧੀਆ ਹਥਿਆਰ ਹਨ। ਇਹੀ ਕਾਰਨ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦਾ ਜਥੇਦਾਰ ਸਾਹਿਬ ਤੋਂ ਸਿੱਖਾਂ ਦੀ ਗਲ ਸੁਣਨ ਲਈ ਆਉਣਾ ਸ਼ਲਾਘਾ ਯੋਗ ਹੈ। ਕੇਂਦਰ ਦੀ ਮੋਦੀ ਸਰਕਾਰ ਪੰਜਾਬ ਅਤੇ ਸਿੱਖਾਂ ਦੇ ਲੰਬਿਤ ਤੇ ਸੰਵੇਦਨਸ਼ੀਲ ਮਸਲੇ ਹੱਲ ਕਰਨ ਪ੍ਰਤੀ ਸੁਹਿਰਦ ਹੈ। ਇਸ ਮੌਕੇ ਦਾ ਫ਼ਾਇਦਾ ਉਠਾਇਆ ਜਾਣਾ ਚਾਹੀਦਾ ਹੈ। ਇਸ ਮੁਲਾਕਾਤ ਲਈ ਦਿਲੀ ਗੁ: ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਸ: ਇਕਬਾਲ ਸਿੰਘ ਲਾਲਪੁਰਾ ਧੰਨਵਾਦੀ ਦੇ ਪਾਤਰ ਹਨ। ਬੇਸ਼ੱਕ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੀ ਜਥੇਦਾਰ ਨਾਲ ਮੁਲਾਕਾਤ ਸਿੱਖ ਸਮਾਜ ਨਾਲ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਲ ਵਧਾਇਆ ਗਿਆ ਸਾਰਥਿਕ ਕਦਮ ਹੈ । ਅਜਿਹੇ ਮੁਲਾਕਾਤ ਅਤੇ ਸੰਵਾਦ ਦਾ ਸਿਲਸਿਲਾ ਦੇਸ਼ ਕੌਮ ਦੇ ਹਿਤ ’ਚ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ।