ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕੀਤੀ ਰਾਹੀ ਪ੍ਰੋਜੈਕਟ ਦੀ ਸ਼ੁਰੂਆਤ ਅੱਜ ਤੋਂ ਅਰਜ਼ੀ ਦੇ ਸੱਕਣਗੇ ਆਟੋ ਡਰਾਈਵਰ, ਮਿਲੇਗੀ 75 ਹਜ਼ਾਰ ਰੁਪਏ ਦੀ ਸਬਸਿਡੀ

0
24

ਅੰਮ੍ਰਿਤਸਰ 30 ਦਸੰਬਰ (ਪਵਿੱਤਰ ਜੋਤ) :  : ਸ਼ਹਿਰ ਦੀ ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ, ਅੰਮ੍ਰਿਤਸਰ ਸਮਾਰਟ ਸਿਟੀ ਦੇ “ਰਾਹੀ”(ਰੀਜੁਵੀਨੇਸ਼ਨ ਆਫ਼ ਆਟੋ ਰਿਕਸ਼ਾ ਇਨ ਅੰਮ੍ਰਿਤਸਰ ਥਰੂ ਹੋਲਿਸਟਿਕ ਇੰਟਰਵੈਂਸ਼ਨ ) ਪ੍ਰੋਜੈਕਟ ਦੀ ਰਸਮੀ ਸ਼ੁਰੁਆਤ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ.ਈ.ਓ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀ ਮੌਜੂਦਗੀ ਤੇ ਕੀਤੀ ਗਈ। ਇਸ ਮੌਕੇ ਮੇਅਰ ਵੱਲੋਂ ਰਾਹੀ ਪ੍ਰੋਜੈਕਟ ਦਾ ਵੀਡੀਓ ਟ੍ਰੇਲਰ ਅਤੇ ਵੈਬ ਪੋਰਟਲ ਵੀ ਲਾਂਚ ਕੀਤਾ ਗਿਆ। ਇਸ ਮੌਕੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਰਾਹੀ ਪ੍ਰੋਜੈਕਟ ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ, ਫ੍ਰੈਂਚ ਡਿਵੈਲਪਮੈਂਟ ਏਜੰਸੀ (ਏ.ਐਫ.ਡੀ), ਯੂਰਪੀਅਨ ਯੂਨੀਅਨ ਅਤੇ ਨੈਸ਼ਨਲ ਇੰਸਟੀਚਿਉਟ ਆਫ਼ ਅਰਬਨ ਅਫੇਯਰਸ (ਐਨ.ਆਈ.ਯੂ.ਏ) ਵੱਲੋਂ ਚਲਾਏ ਜਾ ਰਹੇ ਸਿਟੀਜ਼ ਪ੍ਰੋਗਰਾਮ ਦਾ ਹਿੱਸਾ ਹੈ ਅਤੇ ਅੱਜ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਹਿੰਦਰਾ ਅਤੇ ਪਿਆਜੀਓ ਕੰਪਨੀ ਨੂੰ ਹੁਣ ਤੱਕ ਰਾਹੀ ਸਕੀਮ ਤਹਿਤ ਸੂਚੀਬੱਧ ਕੀਤਾ ਗਿਆ ਹੈ ਅਤੇ ਕੋਈ ਵੀ ਆਟੋ ਚਾਲਕ ਜੋ ਆਪਣਾ ਪੁਰਾਣਾ ਡੀਜ਼ਲ ਆਟੋ ਬਦਲਣਾ ਚਾਹੁੰਦਾ ਹੈ, ਉਹ ਸੂਚੀਬੱਧ ਕੰਪਨੀਆਂ ਦੀ ਡੀਲਰਸ਼ਿਪ ‘ਤੇ ਜਾ ਕੇ ਆਪਣੀ ਅਰਜੀ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਭ ਤੋਂ ਪੁਰਾਣੇ ਡੀਜ਼ਲ ਆਟੋ ਨੂੰ ਈ-ਆਟੋ ਨਾਲ ਬਦਲਣ ਦਾ ਮੌਕਾ ਦਿੱਤਾ ਜਾਵੇਗਾ।
ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਰਾਹੀ ਪ੍ਰੋਜੈਕਟ ਦੇ ਨਾਲ ਜਿਥੇ ਸ਼ਹਿਰ ਦਾ ਵਾਤਾਵਰਣ ਸਾਫ਼ ਬਣੇਗਾ ਉਥੇ ਹੀ ਈ-ਆਟੋ ਤੋਂ ਰਿਕਸ਼ਾ ਚਾਲਕਾਂ ਦੀ ਕਮਾਈ ਵਿੱਚ ਵੀ ਵਾਧਾ ਹੋਵੇਗਾ। ਕਿਉਂਕਿ ਮੌਜੂਦਾ ਡੀਜ਼ਲ ਦੀ ਕੀਮਤ ‘ਤੇ ਆਟੋ ਚਲਾਉਣ ਦੀ ਕੀਮਤ 4 ਰੁਪਏ ਪ੍ਰਤੀ ਕਿਲੋਮੀਟਰ ਤੋਂ ਵੱਧ ਹੋ ਗਈ ਹੈ, ਈ-ਆਟੋ ਵਿੱਚ ਇਹ ਲਗਭਗ 0.68 ਪੈਸੇ ਪ੍ਰਤੀ ਕਿਲੋਮੀਟਰ ਹੈ। ਉਨ੍ਹਾਂ ਦੱਸਿਆ ਕਿ ਰਾਹੀ ਪ੍ਰੋਜੈਕਟ ਤਹਿਤ ਹਰੇਕ ਲਾਭਪਾਤਰੀ ਨੂੰ 75,000 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਈ-ਆਟੋ ਖਰੀਦਣ ਲਈ ਭਾਰਤੀ ਸਟੇਟ ਬੈਂਕ ਤੋਂ ਆਸਾਨ ਦਰਾਂ ‘ਤੇ ਲੋਨ ਵੀ ਮਿਲੇਗਾ। ਉਨ੍ਹਾਂ ਦੱਸਿਆ ਕਿ ਰਾਹੀ ਪ੍ਰੋਜੈਕਟ ਤਹਿਤ ਆਟੋ ਰਿਕਸ਼ਾ ਚਾਲਕਾਂ ਦੇ ਪਰਿਵਾਰ ਦੀਆਂ ਔਰਤਾਂ ਲਈ ਮੁਫਤ ਹੁਨਰ ਵਿਕਾਸ ਦੇ ਕੋਰਸ ਵੀ ਸ਼ੁਰੂ ਕੀਤੇ ਗਏ ਹਨ। ਜਿੱਥੇ ਕਟਿੰਗ ਐਂਡ ਟੇਲਰਿੰਗ, ਬਿਊਟੀ ਪਾਰਲਰ, ਕੰਪਿਊਟਰ ਆਪਰੇਟਰ ਅਤੇ ਫੂਡ ਐਂਡ ਫਰੂਟ ਪ੍ਰੀਜ਼ਰਵੇਸ਼ਨ ਵਰਗੇ ਕੋਰਸ ਕੀਤੇ ਜਾ ਸਕਦੇ ਹਨ। ਇਸ ਮੌਕੇ ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਰਾਹੀ ਪ੍ਰੋਜੈਕਟ ਲਈ ਨਿਯੁਕਤ ਮੈਂਟੋਰ ਪ੍ਰਾਂਜਲੀ ਦੇਸ਼ਪਾਂਡੇ ਨੇ ਕਿਹਾ ਕਿ ਅੰਮ੍ਰਿਤਸਰ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਹੈ, ਜਿੱਥੇ ਈ-ਆਟੋ ਨੂੰ ਇੰਨੇ ਵੱਡੇ ਪੱਧਰ ਤੇ ਜਨਤਕ ਆਵਾਜਾਈ ਪ੍ਰਣਾਲੀ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਟੋ-ਰਿਕਸ਼ਾ ਜਨਤਕ ਟਰਾਂਸਪੋਰਟ ਪ੍ਰਣਾਲੀ ਦਾ ਅਹਿਮ ਹਿੱਸਾ ਹੈ ਅਤੇ ਬਿਹਤਰ ਜਨਤਕ ਆਵਾਜਾਈ ਪ੍ਰਣਾਲੀ ਨਾਲ ਹੀ ਅਸੀਂ ਲੋਕਾਂ ਨੂੰ ਨਿੱਜੀ ਵਾਹਨਾਂ ਦੀ ਬਜਾਏ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰ ਸਕਦੇ ਹਾਂ। ਪ੍ਰਾਂਜਲੀ ਦੇਸ਼ਪਾਂਡੇ ਨੇ ਕਿਹਾ ਕਿ ਰਾਹੀ ਪ੍ਰੋਜੈਕਟ ਨਾਲ ਵਾਤਾਵਰਨ ਨੂੰ ਵੀ ਕਾਫੀ ਫਾਇਦਾ ਹੋਵੇਗਾ। ਕਿਉਂਕਿ ਇੱਕ ਡੀਜ਼ਲ ਆਟੋ (ਭਾਰਤ ਥ੍ਰੀ ਸਟੈਂਡਰਡ) ਪ੍ਰਤੀ ਕਿਲੋਮੀਟਰ 0.64 ਗ੍ਰਾਮ ਕਾਰਬਨ ਮੋਨੋਆਕਸਾਈਡ ਪੈਦਾ ਕਰਦਾ ਹੈ। ਇਸ ਅਨੁਸਾਰ, ਅੰਮ੍ਰਿਤਸਰ ਵਿੱਚ ਇੱਕ ਡੀਜ਼ਲ ਆਟੋ 45 ਗ੍ਰਾਮ ਪ੍ਰਤੀ ਦਿਨ (70 ਕਿਲੋਮੀਟਰ ਪ੍ਰਤੀ ਦਿਨ ਦੀ ਦੂਰੀ ਦੇ ਹਿਸਾਬ ਨਾਲ) ਅਤੇ 165 ਕਿਲੋਗ੍ਰਾਮ ਕਾਰਬਨ ਮੋਨੋਆਕਸਾਈਡ ਗੈਸ ਵਾਤਾਵਰਣ ਵਿੱਚ ਛੱਡਦਾ ਹੈ I ਪਰ ਈ-ਆਟੋ ਵਿੱਚ ਇਹ ਜ਼ੀਰੋ ਹੋਵੇਗਾ।

NO COMMENTS

LEAVE A REPLY