-ਮਾਨ ਦਾ ਸਵਾਲ- ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਲਈ ਕੌਣ ਜ਼ਿੰਮੇਵਾਰ ਹੈ?
-ਲੋਕਾਂ ਨੂੰ ਕੀਤੀ ਅਪੀਲ, ਸੱਤਾ ਦੀ ਕਮਾਨ ਚੋਰਾਂ ਤੋਂ ਛੁਡਵਾ ਕੇ ਇਮਾਨਦਾਰ ਲੋਕਾਂ ਦੇ ਹੱਥ ਫੜਾ ਦੇਵੋ, ਤੁਰੰਤ ਬੰਦ ਹੋ ਜਾਵੇਗਾ ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ
-ਜੰਡਿਆਲਾ ਗੁਰੂ ‘ਚ ‘ਆਪ’ ਦੇ ਉਮੀਦਵਾਰ ਹਰਭਜਨ ਸਿੰਘ ਈਟੀਓ ਦੇ ਹੱਕ ਵਿਚ ਕੀਤੀ ਜਨਸਭਾ
ਅੰਮ੍ਰਿਤਸਰ 22 ਦਸੰਬਰ (ਰਾਜਿੰਦਰ ਧਾਨਿਕ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਰਕਾਰ ਨੂੰ ਅਕਾਲੀ ਆਗੂ ਬਿਕਰਮ ਸਿੰਘ ਮੀਜੀਠੀਆ ਖ਼ਿਲਾਫ਼ ਡਰੱਗ ਮਾਮਲੇ ਵਿੱਚ ਕੇਸ ਦਰਜ ਕਰਨ ਦੇ ਨਾਲ ਨਾਲ ਉਨਾਂ ਲੋਕਾਂ ਖ਼ਿਲਾਫ਼ ਕੇਸ ਦਰਜ ਕਰਨਾ ਚਾਹੀਦਾ ਜਿਨਾਂ ਨੇ ਪੌਣੇ ਪੰਜ ਸਾਲ ਮਜੀਠੀਆ ਖ਼ਿਲਾਫ਼ ਐਫ.ਆਈ.ਆਰ ਦਰਜ ਨਹੀਂ ਕੀਤੀ ਅਤੇ ਉਸ ਨੂੰ ਬਚਾਅ ਕੇ ਰੱਖਿਆ ਹੈ। ਮਾਨ ਮੰਗਲਵਾਰ ਨੂੰ ‘ਆਪ’ ਵੱਲੋਂ ਜੰਡਿਆਲਾ ਗੁਰੂ ਵਿਖੇ ਕਰਵਾਈ ਗਈ ਇੱਕ ਜਨ ਸਭਾ ਨੂੰ ਸੰਬੋਧਨ ਕਰ ਰਹੇ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਪੌਣੇ ਪੰਜ ਸਾਲ ਡਰੱਗ ਦੇ ਸੌਦਾਗਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਅਤੇ ਹੁਣ ਆਪਣੀ ਸਰਕਾਰ ਦੇ ਆਖਰੀ ਦਿਨਾਂ ਵਿੱਚ ਮਜੀਠੀਆ ਖਿਲਾਫ਼ ਕੇਸ ਦਰਜ ਕਰਕੇ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕੀਤਾ ਹੈ। ਇਸ ਮੌਕੇ ਕੇ ਜੰਡਿਆਲਾ ਗੁਰੂ ਤੋਂ ਪਾਰਟੀ ਦੇ ਉਮੀਦਵਾਰ ਹਰਭਜਨ ਸਿੰਘ ਈ.ਟੀ.ਓ, ਲੋਕ ਸਭਾ ਇੰਚਾਰਜ ਬਲਜੀਤ ਸਿੰਘ ਖਹਿਰਾ ਅਤੇ ਦਿਹਾਤੀ ਜ਼ਿਲਾ ਪ੍ਰਧਾਨ ਹਰਬੰਤ ਸਿੰਘ ਹੋਰ ਆਗੂਆਂ ਸਮੇਤ ਮੰਚ ‘ਤੇ ਬਿਰਾਜਮਾਨ ਸਨ।
ਭਗਵੰਤ ਮਾਨ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, ”ਅਕਾਲੀ ਭਾਜਪਾ ਸਰਕਾਰ ਵੇਲੇ ਲੱਖਾਂ ਨੌਜਵਾਨ ਨਸ਼ੇ ਦੀ ਭੇਟ ਚੜ ਕੇ ਮੌਤ ਦੇ ਮੂੰਹ ਵਿੱਚ ਗਏ ਸਨ ਅਤੇ ਇਹ ਵਰਤਾਰਾ ਕਾਂਗਰਸ ਸਰਕਾਰ ਦੇ ਵੇਲੇ ਵੀ ਜਾਰੀ ਰਿਹਾ। ਕਾਂਗਰਸ ਨੇ ਪੌਣੇ ਪੰਜ ਸਾਲ ਨਸ਼ੇ ਦੇ ਮਾਮਲੇ ‘ਚ ਬਿਕਰਮ ਮਜੀਠੀਆ ਖ਼ਿਲਾਫ਼ ਕੁੱਝ ਨਹੀਂ ਕੀਤਾ ਅਤੇ ਹੁਣ ਐਫ਼.ਆਈ.ਆਰ ਦਰਜ ਕੀਤੀ ਹੈ। ਪਰ ਪੰਜ ਸਾਲ ਨਸ਼ਿਆਂ ਨਾਲ ਹੋਈਆਂ ਮੌਤਾਂ ਕੌਣ ਜ਼ਿੰਮੇਵਾਰ ਹੈ? ਇਕੱਲਾ ਮਜੀਠੀਆ ਨਹੀਂ, ਸਗੋਂ ਉਹ ਵੀ ਬਰਾਬਰ ਦੇ ਜ਼ਿੰਮੇਵਾਰ ਹਨ, ਜਿਨਾਂ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।”
ਮਾਨ ਨੇ ਅੱਗੇ ਕਿਹਾ ਕਿ ਪੰਜਾਬ ਦੇ ਹਰ ਖ਼ੇਤਰ ਦੀਆਂ ਸਮੱਸਿਆਵਾਂ ਸਾਂਝੀਆਂ ਹਨ। ਭਾਵੇਂ ਮਾਝਾ ਹੋਵੇ, ਮਾਲਵਾ ਹੋਵੇ। ਨਸ਼ੇ, ਗਰੀਬੀ, ਮਹਿੰਗਾਈ, ਬੇਰੁਜ਼ਗਾਰੀ ਨਾਲ ਪੰਜਾਬ ਦੇ ਘਰਾਂ ਵਿੱਚ ਚੁੱਲੇ ਠੰਡੇ ਹੋ ਰਹੇ ਹਨ, ਪਰ ਸ਼ਿਵਿਆਂ ਦੀ ਅੱਗ ਮੱਚ ਰਹੀ ਹੈ ਕਿਉਂਕਿ ਪੰਜਾਬ ਦੀ ਸੱਤਾ ‘ਤੇ ਲੁੱਟਣ ਵਾਲੇ ਬੈਠੇ ਹਨ। ਉਨਾਂ ਕਿਹਾ ਕਿ 2017 ਦੀਆਂ ਚੋਣਾ ਵੇਲੇ ਪੰਜਾਬ ਵਾਸੀਆਂ ਨੇ ਜਿਹੜਾ ਫ਼ਤਵਾ ਦਿੱਤਾ ਸੀ, ਅਸੀਂ ਉਸ ਨੂੰ ਸਿਰ ਮੱਥੇ ਲਾਇਆ ਹੈ, ਪਰ ਹੁਣ ਲੋਕਾਂ ਨੂੰ ਸਰਕਾਰ ਬਣਾਉਣ ਵਾਲਿਆਂ ਤੋਂ ਹਿਸਾਬ ਜ਼ਰੂਰ ਮੰਗਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਿਬ ਦੀ ਸਹੁੰ ਚੱਕੀ ਸੀ ਕਿ ਉਹ ਨਸ਼ਾ ਦਾ ਲੱਕ ਤੋੜਗੇ ਅਤੇ ਘਰ ਘਰ ਨੌਕਰੀ ਦੇਵੇਗਾ। ਪਰ ਕੈਪਟਨ ਸਿਸਵਾਂ ਵਾਲੇ ਮਹੱਲ ਵਿੱਚ ਹੀ ਅਰਾਮ ਫਰਮਾਉਂਦਾ ਰਿਹਾ। ਨਾ ਨਸ਼ੇ ਦੇੇ ਸੁਦਾਗਰਾਂ ਦਾ ਲੱਕ ਟੁੱਟਿਆਂ ਅਤੇ ਨਾ ਹੀ ਨੌਜਵਾਨਾਂ ਨੂੰ ਕੋਈ ਨੌਕਰੀ ਮਿਲੀ। ਇਸੇ ਤਰਾਂ ਸ਼੍ਰੋਮਣੀ ਅਕਾਲੀ ਦਲ ਬਾਦਲ ‘ਤੇ ਤਿੱਖੇ ਹਮਲੇ ਕਰਦਿਆਂ ਮਾਨ ਨੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਨੇ ਬੇਅਦਬੀ ਕਰਵਾਈ। ਹੁਣ ਉਨਾਂ ਕੋਲ ਤਾਕੀ ਖੋਲਣ ਵਾਲਾ ਭਾਵ ਸਰਕਾਰੀ ਅਮਲਾ ਫੈਲਾ ਨਹੀਂ ਹੈ।
ਸੱਤਾਧਾਰੀ ਕਾਂਗਰਸ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ, ਨਵਜੋਤ ਸਿੱਧੂ ਅਤੇ ਹੋਰ ਆਗੂ ਆਪਸ ਵਿੱਚ ਲੜਦੇ ਰਹਿੰਦੇ ਹਨ। ਮੁੱਖ ਮੰਤਰੀ ਦਾਅਵੇ ਕਰਦੇ ਹਨ ਕਿ ਉਹ ਇਹ ਵੀ ਕਰ ਲੈਂਦੇ ਹਨ। ਇਹ ਹੀ ਕਰਦਾ ਹੁੰਦਾ ਸੀ। ਪੰਜਾਬ ਵਿੱਚ ਸਰਕਾਰ ਨਹੀਂ ਕਾਂਗਰਸ ਦੀ ਸਰਕਸ ਚੱਲ ਰਹੀ ਹੈ। ਉਨਾਂ ਕਿਹਾ ਮੁੱਖ ਮੰਤਰੀ ਕੋਲ ਆਪਣੇ ਲੋਕਾਂ ਲਈ ਦੂਰਦਰਸ਼ੀ ਵਿਜ਼ਿਨ ਜਾਂ ਕੋਈ ਨੀਤੀ ਹੋਣੀ ਚਾਹੀਦੀ ਹੈ, ਨਾ ਕਿ ਹਵਾਈ ਵਾਅਦੇ ਦਾਗਣੇ ਚਾਹੀਦੇ ਹਨ।
ਮਾਨ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਅਕਾਲੀ ਭਾਜਪਾ ਦੇ ਆਗੂਆਂ ਨੇ ਰਾਜ ਕਰਕੇ ਪੰਜਾਬ ਨੂੰ ਲੁੱਟਿਆ ਹੈ ਅਤੇ ਪੰਜਾਬ ਸਰਕਾਰ ਕਰਜ਼ੇ ਦੀ ਪੰਡ ਰੱਖੀ ਗਈ। ਉਨਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਗੀ ਤਾਂ ਖ਼ਜ਼ਾਨਾ ਭਰਨ ਦੇ ਨਾਲ ਨਾਲ ਲੋਕਾਂ ਦੀਆਂ ਜੇਬਾਂ ਵੀ ਭਰਾਂਗੇ ਕਿਉਂਕਿ ਖਜ਼ਾਨੇ ਦਾ ਪੈਸਾ ਵੀ ਆਮ ਲੋਕਾਂ ਦਾ ਹੀ ਪੈਸਾ ਹੈ।
‘ਆਪ’ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਅਣਪੜਤਾ, ਭ੍ਰਿਸ਼ਟਾਚਾਰ ਅਤੇ ਜ਼ੁਲਮ ਦਾ ਨਿਜ਼ਾਮ ਬਦਲਣਾ ਹੈ ਅਤੇ ਇਸ ਦੀ ਸ਼ੁਰੂਆਤ ‘ਆਪ’ ਦੇ ਸੁਪਰੀਮੋਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰ ਦਿੱਤੀ ਹੈ। ਕੇਜਰੀਵਾਲ ਨੇ ਸਿੱਧ ਕਰ ਦਿੱਤਾ ਕਿ ਜਦੋਂ ਆਮ ਲੋਕਾਂ ਕੋਲ ਸੱਤਾ ਆ ਜਾਂਦੀ ਹੈ ਤਾਂ ਸਭ ਕੁੱਝ ਸੁਧਾਰਿਆਂ ਜਾ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਚੰਗੇ ਸਕੂਲ, ਹਸਪਤਾਲ ਬਣਾਏ ਜਾਣਗੇ। ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਅਫ਼ਸਰ ਬਣਾਇਆ ਜਾਵੇਗਾ ਤਾਂ ਜੋ ਉਹ ਆਪਣੇ ਘਰਾਂ ਦੀ ਗਰੀਬੀ ਦੂਰ ਕਰ ਸਕਣ।
ਭਗਵੰਤ ਮਾਨ ਨੇ ਕਹਾਣੀ ਸੁਣਾ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਤਾ ਦੀ ਚਾਦਰ ਚੋਰਾਂ (ਕਾਂਗਰਸੀ, ਬਾਦਲਾਂ ਅਤੇ ਭਾਜਪਾਈਆਂ) ਤੋਂ ਛੁਡਵਾ ਕੇ ਇਮਾਨਦਾਰ ਲੋਕਾਂ ‘ਆਪ’ ਦੇ ਹੱਥ ਫੜਾ ਦੇਵੋ ਚੋਰੀਆਂ ਅਤੇ ਭ੍ਰਿਸ਼ਟਾਚਾਰ ਬੰਦ ਹੋ ਜਾਵੇਗਾ। ਕਾਂਗਰਸ ਅਤੇ ਅਕਾਲੀ ਦਲ- ਭਾਜਪਾ ਨੂੰ ਵਾਰ- ਵਾਰ ਪਰਖ਼ ਕੇ ਦੇਖ ਲਿਆ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਦੇ ਕੇ ਦੇਖੋ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ 70 ਸਾਲ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਰਾਜ ਕਰਨ ਦਾ ਮੌਕਾ ਦਿੱਤਾ, ਪਰ ਕਰਜ਼, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ੇ ਆਦਿ ਤੋਂ ਛੁਟਕਾਰਾ ਨਹੀਂ ਮਿਲਿਆ, ਇਸ ਲਈ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੋਵੋਂ ਅਤੇ ‘ਝਾੜੂ’ ਵਾਲਾ ਬਟਨ ਦੱਬ ਦਿਓ।
ਇਸ ਮੌਕੇ ‘ਆਪ’ ਦੇ ਸਵਰਨ ਸਿੰਘ, ਦਿਲਬਾਗ ਸਿੰਘ ਬਡਾਲਾ, ਅਜੇ ਗਾਂਧੀ, ਗੁਰਵਿੰਦਰ ਸਿੰਘ, ਸੀਮਾ ਸੋਢੀ, ਛਨਖ ਸਿੰਘ, ਸਰਬਜੀਤ ਸਿੰਘ ਡਿੰਪੀ, ਵਿਜੈ ਮੱਤੀ, ਸੁਨੈਨਾ ਰੰਧਾਵਾ, ਵੰਦਨਾ, ਨਰੇਸ਼ ਪਾਠਕ, ਓਮ ਪ੍ਰਕਾਸ਼ ਗੱਬਰ ਅਤੇ ਵਿਕਰਮਜੀਤ ਵਿੱਕੀ ਆਦਿ ਆਗੂ ਹਾਜ਼ਰ ਸਨ।