‘ਆਪ’ ਸਰਕਾਰ ਵੱਲੋਂ ਕੁਲੈਕਟਰੇਟ ਅਤੇ ਐਨਓਸੀ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਖ਼ਿਲਾਫ਼ ਭਾਜਪਾ ਨੇ ਕੀਤੀ ਨਿਖੇਧੀ
ਲੁਧਿਆਣਾ/ਅੰਮ੍ਰਿਤਸਰ 8 ਅਗਸਤ ( ਰਾਜਿੰਦਰ ਧਾਨਿਕ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੁਲੈਕਟਰੇਟ ਵਧਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਾਪਰਟੀ ਦਾ ਕਾਰੋਬਾਰ ਪਹਿਲਾਂ ਹੀ ਠੱਪ ਹੋ ਚੁੱਕਾ ਹੈ ਅਤੇ ਮਾਨਯੋਗ ਸਰਕਾਰ ਵੱਲੋਂ ਕੁਲੈਕਟਰੇਟ ਅਤੇ ਐਨ.ਓ.ਸੀ. ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਕਾਰਨ ਪ੍ਰਾਪਰਟੀ ਵਪਾਰੀਆਂ ਦਾ ਜਿਊਣਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪ੍ਰਾਪਰਟੀ ਵਪਾਰੀ ਆਪਣੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਇਸ ਮੰਦੀ ਦੇ ਦੌਰ ਵਿੱਚ ਆਮ ਲੋਕਾਂ ਦਾ ਘਾਣ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਝੂਠੇ ਵਾਅਦਿਆਂ ਦੀ ਬੈਸਾਖੀ ‘ਤੇ ਸੱਤਾ ‘ਚ ਆਈ ‘ਆਪ’ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ‘ਚੋਂ ਇਕ ਵੀ ਪੂਰਾ ਨਹੀਂ ਕੀਤਾ। ਇਸ ਦੇ ਉਲਟ ਜਨਤਾ ਨੂੰ ਲੁੱਟਣ ਦੇ ਨਵੇਂ-ਨਵੇਂ ਤਰੀਕੇ ਲੱਭੇ ਜਾ ਰਹੇ ਹਨ। ਪਹਿਲਾਂ ਬਿਜਲੀ ਦੇ ਬਿੱਲਾਂ ‘ਚ ਸਕਿਓਰਿਟੀ ਦੇ ਨਾਂ ‘ਤੇ ਪੈਸੇ ਵਸੂਲ ਕਰਨੇ ਸ਼ੁਰੂ ਕਰ ਦਿੱਤੇ ਅਤੇ ਹੁਣ ਪ੍ਰਾਪਰਟੀ ਕੁਲੈਕਟਰੇਟ 50 ਫੀਸਦੀ ਤੋਂ ਵਧਾ ਕੇ 300 ਫੀਸਦੀ ਕਰ ਕੇ ਆਮ ਲੋਕਾਂ ਦੇ ਆਪਣੇ ਘਰ ਦਾ ਸੁਪਨਾ ਚਕਨਾਚੂਰ ਕਰ ਦਿੱਤਾ ਹੈ। ਹੁਣ ਆਮ ਲੋਕਾਂ ਲਈ ਆਪਣੀ ਛੱਤ ਦਾ ਸੁਪਨਾ ਸੁਪਨਾ ਹੀ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਕੁਲੈਕਟਰੇਟ ਵਿੱਚ ਵਾਧਾ ਹੋਣ ਨਾਲ ਸਾਰੇ ਪ੍ਰਾਪਰਟੀ ਵਪਾਰੀ ਭੁੱਖੇ ਮਰਨ ਲਈ ਮਜਬੂਰ ਹੋਣਗੇ। ਜਿਵੇਂ ਕਿ ਪਹਿਲਾਂ ਹੀ ਚੱਲ ਰਹੀ ਮੰਦੀ ਕਾਰਨ ਪ੍ਰਾਪਰਟੀ ਦਾ ਕੰਮ ਠੱਪ ਹੈ, ਪੰਜਾਬ ਸਰਕਾਰ ਵੱਲੋਂ ਕਲੈਕਟੋਰੇਟ ਵਿੱਚ ਕੀਤਾ ਗਿਆ ਵਾਧਾ ਅੱਗ ’ਤੇ ਤੇਲ ਪਾਵੇਗਾ।
ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਨ.ਓ.ਸੀ. ਲੈਣ ਲਈ ਰੱਖੀ ਗਈ ਸ਼ਰਤ ਨੂੰ ਲੈ ਕੇ ਆਮ ਲੋਕਾਂ ਨੂੰ ਪਹਿਲਾਂ ਹੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਪਰੋਂ ਭਗਵੰਤ ਮਾਨ ਸਰਕਾਰ ਵੱਲੋਂ ਐਨ.ਓ.ਸੀ ਦੀ ਕੀਮਤ ਵਧਾ ਕੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ।
ਜੀਵਨ ਗੁਪਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਕੁਲੈਕਟਰੇਟ ਅਤੇ ਐਨ.ਓ.ਸੀ. ਦੀਆਂ ਵਧੀਆਂ ਕੀਮਤਾਂ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਆਪਣੀ ਵਧੀ ਹੋਈ ਕਲੈਕਟੋਰੇਟ ਅਤੇ ਐੱਨ.ਓ.ਸੀ. ਦੀ ਕੀਮਤ ਵਧਾਉਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਭਾਰਤੀ ਜਨਤਾ ਪਾਰਟੀ ਪ੍ਰਾਪਰਟੀ ਵਪਾਰੀਆਂ ਨੂੰ ਨਾਲ ਲੈ ਕੇ ਭਗਵੰਤ ਮਾਨ ਸਰਕਾਰ ਖਿਲਾਫ ਉਹਨਾਂ ਦੇ ਹੱਕ ਵਿਚ ਸੜਕਾਂ ‘ਤੇ ਉਤਰੇਗੀ ਅਤੇ ਰੋਸ ਪ੍ਰਦਰਸ਼ਨ ਕਰੇਗੀI