ਪੰਜਾਬ ਵਿੱਚ ਜ਼ਿਲ੍ਹਾ ਦਫ਼ਤਰ ਦੇ ਸਾਹਮਣੇ ਖਾਲਿਸਤਾਨੀ ਝੰਡੇ ਲਹਿਰਾਉਣ ਦੀ ਘਟਨਾ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਦਾ ਨਤੀਜਾ

0
29

 

ਅਸ਼ਵਨੀ ਸ਼ਰਮਾ ਨੇ ਪਟਿਆਲਾ ਵਿਖੇ ਵਾਪਰੀ ਮੰਦਭਾਗੀ ਘਟਨਾ ਦਾ ਉਥੇ ਪਹੁੰਚ ਕੇ ਲਿਆ ਜਾਇਜ਼ਾ

ਸ਼ਰਮਾ ਨੇ ਇਸ ਮੰਦਭਾਗੀ ਘਟਨਾ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਕੀਤੀ ਮੰਗ

ਸੂਬਾ ਭਾਜਪਾ ਪ੍ਰਧਾਨ ਸਮੇਤ ਆਗੂਆਂ ਨੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿੱਚ ਟੇਕਿਆ ਮੱਥਾ ਅਤੇ ਸ਼ਾਂਤੀ ਲਈ ਕੀਤੀ ਅਰਦਾਸ

ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦਾ ਦਿੱਤਾ ਸੱਦਾ

ਅੰਮ੍ਰਿਤਸਰ/ ਚੰਡੀਗੜ੍ਹ, 30 ਅਪ੍ਰੈਲ (ਰਾਜਿੰਦਰ ਧਾਨਿਕ):  ਪਟਿਆਲਾ ‘ਚ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਸੂਬਾਈ ਭਾਜਪਾ ਆਗੂਆਂ ਨੇ ਪਟਿਆਲਾ ਪੁੱਜ ਕੇ ਜਿਥੇ ਪਤਵੰਤਿਆਂ ਨਾਲ ਮੁਲਾਕਾਤ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ, ਉਥੇ ਹੀ ਉਥੋਂ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕ ਕੇ ਮਾਤਾ ਜੀ ਦਾ ਆਸ਼ੀਰਵਾਦ ਲਿਆ। ਭਾਜਪਾ ਆਗੂਆਂ ਨੇ ਮਾਤਾ ਜੀ ਦੇ ਚਰਨਾਂ ਵਿੱਚ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਲਈ ਪ੍ਰਾਥਨਾ ਵੀ ਕੀਤੀ। ਅਸ਼ਵਨੀ ਸ਼ਰਮਾ ਦੇ ਨਾਲ ਸੂਬਾ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ, ਸਾਬਕਾ ਮੰਤਰੀ ਫਤਿਹਜੰਗ ਸਿੰਘ ਬਾਜਵਾ ਆਦਿ ਹਾਜ਼ਰ ਸਨI

ਅਸ਼ਵਨੀ ਸ਼ਰਮਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਟਿਆਲਾ ਵਿੱਚ ਵਾਪਰੀ ਇਹ ਅਤਿ ਨਿੰਦਣਯੋਗ ਘਟਨਾ ਆਮ ਆਦਮੀ ਪਾਰਟੀ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਆਮ ਆਦਮੀ ਪਾਰਟੀ ‘ਤੇ ਸ਼ੁਰੂ ਤੋਂ ਹੀ ਦੇਸ਼ ਵਿਰੋਧੀ ਅਨਸਰਾਂ ਨਾਲ ਮਿਲੀਭੁਗਤ ਦੇ ਦੋਸ਼ ਲੱਗਦੇ ਰਹੇ ਹਨ ਅਤੇ ਖਾਲਿਸਤਾਨੀ ਵਿਚਾਰਧਾਰਾ ਵਾਲੇ ਵਿਅਕਤੀ ਪੰਨੂੰ ਨੇ ਵੀ ਇਸ ਗੱਲ ਦੀ ਸਪੱਸ਼ਟ ਪੁਸ਼ਟੀ ਕੀਤੀ ਹੈ। ਜਿਕਰਯੋਗ ਹੈ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਕੁਝ ਦੇਸ਼ ਵਿਰੋਧੀ ਅਤੇ ਅਰਾਜਕਤਾ ਵਾਲੇ ਅਨਸਰਾਂ ਨੇ ਪੰਜਾਬ ਵਿੱਚ ਫਿਰ ਤੋਂ ਸਿਰ ਚੁੱਕ ਲਿਆ ਹੈ, ਜੋ ਕਿ ਪੰਜਾਬ ਲਈ ਇੱਕ ਸਰਹੱਦੀ ਸੂਬਾ ਹੋਣ ਵਜੋਂ ਬਹੁਤ ਹੀ ਗੰਭੀਰ ਚਿੰਤਾ ਦਾ ਕਾਰਨ ਹੈ। ਪਿਛਲੇ ਡੇਢ ਮਹੀਨੇ ਵਿੱਚ ਦੋ ਵਾਰ ਜ਼ਿਲ੍ਹਾ ਦਫ਼ਤਰਾਂ ਅੱਗੇ ਖਾਲਿਸਤਾਨੀ ਝੰਡੇ ਵੀ ਲਹਿਰਾਏ ਜਾ ਚੁੱਕੇ ਹਨ, ਜੋ ਇਸ ਗੱਲ ਦਾ ਸਪੱਸ਼ਟ ਸੰਕੇਤ ਹਨ ਕਿ ਪੰਜਾਬ ਵਿੱਚ ਖਾਲਿਸਤਾਨ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਪ੍ਰਸ਼ਾਸਨ ਦੀ ਨੱਕ ਹੇਠਾਂ ਪੰਜਾਬ ਵਿੱਚ ਅਪਰਾਧੀਆਂ ਵਲੋਂ ਕੀਤੀਆਂ ਜਾ ਰਹੀਆਂ ਲੁੱਟਾਂ-ਖੋਹਾਂ ਅਤੇ ਕਤਲ ਦੀਆਂ ਘਟਨਾਵਾਂ ਤੋਂ ਜਾਣੂ ਹੋਣ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ। ਇਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਐਨੀ ਵੱਡੀ ਘਟਨਾ ਨੂੰ ਵਾਪਰਨ ਦਿੱਤਾ ਗਿਆ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਜੋ ਅੱਤਵਾਦ ਦੇ ਲੰਮੇ ਕਾਲੇ ਦੌਰ ਵਿੱਚੋਂ ਗੁਜ਼ਰ ਚੁੱਕਾ ਹੈ, ਪੁਲਿਸ ਦੀਆਂ ਅੱਖਾਂ ਸਾਹਮਣੇ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਦੇਣਾ ਗੰਭੀਰ ਗੱਲ ਹੈ, ਇਹ ਸੋਚਾਂ ਦਾ ਗੰਭੀਰ ਮਾਮਲਾ ਹੈ, ਕਿ ਇਸ ਪਿੱਛੇ ਕੌਣ ਅਤੇ ਕਿ ਮਨੋਰਥ ਹੈ? ਪੰਜਾਬ ਦੀ ਸਦਭਾਵਨਾ ਨੂੰ ਭੰਗ ਕਰਨ ਦਾ ਖ਼ਤਰਾ ਮੁੱਲ ਨਹੀਂ ਲਿਆ ਜਾ ਸਕਦਾ। ਇਸ ਘਟਨਾ ਦੇ ਭਵਿੱਖ ਵਿੱਚ ਦੂਰਗਾਮੀ ਸਿੱਟੇ ਨਿਕਲ ਸਕਦੇ ਹਨ। ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰ ਲੋਕਾਂ ਦੇ ਨਾਲ ਅੱਤਵਾਦ ਦੇ ਉਸ ਭਿਆਨਕ ਦੌਰ ਵਿੱਚੋਂ ਲੰਘ ਚੁੱਕੇ ਹਨ ਅਤੇ ਹੁਣ ਪੰਜਾਬ ਦੇ ਲੋਕ ਅਤੇ ਭਾਜਪਾ ਪੰਜਾਬ ਜਾਂ ਦੇਸ਼ ‘ਚ ਕਿਸੇ ਵੀ ਦੇਸ਼ ਵਿਰੋਧੀ ਸ਼ਕਤੀ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।

NO COMMENTS

LEAVE A REPLY