ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਤੋਂ ਇੱਕ ਲੱਖ ਕਰੋੜ ਦੀ ਮੰਗ ਨੇ ‘ਆਪ’ ਦੇ ਲੋਕਾਂ ਨਾਲ ਕੀਤੇ ਖੋਖਲੇ ਵਾਅਦਿਆਂ ਦੇ ਪਲਾਨ ਦਾ ਕੀਤਾ ਪਰਦਾਫਾਸ਼: ਜੀਵਨ ਗੁਪਤਾ
ਅੰਮ੍ਰਿਤਸਰ/ ਚੰਡੀਗੜ੍ਹ, 24 ਮਾਰਚ (ਪਵਿੱਤਰ ਜੋਤ ) : ਕੁਝ ਦਿਨ ਪਹਿਲਾਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਖ਼ਾਲੀ ਖ਼ਜ਼ਾਨੇ ਨੂੰ ਲੈ ਕੇ ਉਨ੍ਹਾਂ ਤੋਂ ਇੱਕ ਲੱਖ ਕਰੋੜ ਰੁਪਏ ਦੀ ਮੰਗ ਕਰਨ ‘ਤੇ ਵਿਅੰਗ ਕਰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਅਤੇ ਹੁਣ ਤੋਂ ਹੀ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ‘ਚ ਦਾ ਦਮ ਫੁੱਲਣ ਲੱਗਾ ਹੈ ਅਤੇ ਉਹ ਵਿੱਤੀ ਮਦਦ ਲਈ ਪ੍ਰਧਾਨ ਮੰਤਰੀ ਮੋਦੀ ਕੋਲ ਜਾ ਪੁੱਜੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਅਤੇ ਪੰਜਾਬ ‘ਚ ਨਵੀਆਂ ਯੋਜਨਾਵਾਂ ਨੂੰ ਪੰਜਾਬ ਵਿੱਚ ਲਾਗੂ ਕਰਨ ਦੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸਨ। ਪਰ ਚੋਣ ਜਿੱਤਣ ਤੋਂ ਬਾਅਦ ਕੁਝ ਹੀ ਦਿਨਾਂ ਵਿੱਚ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਬੇਨਕਾਬ ਹੋਣ ਲੱਗਾ ਹੈ। ਗੁਪਤਾ ਨੇ ਸਵਾਲ ਕੀਤਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਚੋਣਾਂ ਤੋਂ ਪਹਿਲਾਂ ਦੀਆਂ ਯੋਜਨਾਵਾਂ ਕਿੱਥੇ ਗਈਆਂ? ਜੇਕਰ ਉਹਨਾਂ ਕੋਲ ਅਜਿਹੀ ਕੋਈ ਯੋਜਨਾ ਨਹੀਂ ਸੀ ਅਤੇ ਉਹ ਇਸ ਲਈ ਕੇਂਦਰ ਸਰਕਾਰ ‘ਤੇ ਨਿਰਭਰ ਸਨ ਤਾਂ ਫਿਰ ਉਹਨਾਂ ਨੇ ਜਨਤਾ ਨਾਲ ਝੂਠੇ ਵਾਅਦੇ ਕਿਉਂ ਕੀਤੇ?
ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ‘ਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ‘ਤੇ ਆਧਾਰਿਤ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਹੁਣ ਜਦੋਂ ਵਾਅਦਿਆਂ ਨੂੰ ਪੂਰਾ ਕਰਨ ਦਾ ਸਮਾਂ ਆਉਣ ਲੱਗਾ ਹੈ ਤਾਂ ਉਨ੍ਹਾਂ ਨੇ ਇੱਕ ਵਾਰ ਫਿਰ ਜਨਤਾ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਹੈ। ਗੁਪਤਾ ਨੇ ਕਿਹਾ ਕਿ ਜਦੋਂ ਵੀ ਕਿਸੇ ਸੂਬੇ ਨੂੰ ਮਦਦ ਦੀ ਲੋੜ ਹੁੰਦੀ ਹੈ ਤਾਂ ਕੇਂਦਰ ਸਰਕਾਰ ਹਮੇਸ਼ਾ ਤਿਆਰ ਰਹਿੰਦੀ ਹੈ। ਭਗਵੰਤ ਮਾਨ ਪੰਜਾਬ ਦੇ ਖਾਲੀ ਖਜ਼ਾਨੇ ਦੀ ਗੱਲ ਕਰਕੇ ਕੇਂਦਰ ਸਰਕਾਰ ਤੋਂ ਪੈਸੇ ਦੀ ਮੰਗ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗੁਪਤਾ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਰੌਲਾ ਪਾਵੇਗੀ ਕਿ ਕੇਂਦਰ ਸਰਕਾਰ ਸਾਨੂੰ ਪੈਸੇ ਨਹੀਂ ਦੇ ਰਹੀ। ਅਸੀਂ ਜੋ ਵਾਅਦੇ ਕੀਤੇ ਸੀ ਜਿੰਵੇਂ ਕਿ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ, ਮੁਫ਼ਤ ਬਿਜਲੀ ਦੇਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਆਦਿ ਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਦਾ ਸਮਾਂ ਆਇਆ ਹੈ, ਤਾਂ ਹੁਣ ਇਹ ਲੋਕ ਕੇਂਦਰ ਸਰਕਾਰ ਦਾ ਦਰਵਾਜ਼ਾ ਖੜਕਾਉਣ ਲੱਗੇ ਹਨI
ਜੀਵਨ ਗੁਪਤਾ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਵਿੱਚ ਸੀਮਾ ਸੁਰੱਖਿਆ ਬਲ ਦਾ ਘੇਰਾ ਵਧਾ ਦਿੱਤਾ ਸੀ ਤਾਂ ਆਮ ਆਦਮੀ ਪਾਰਟੀ ਅਤੇ ਭਗਵੰਤ ਸਿੰਘ ਮਾਨ ਨੇ ਇਸ ਦਾ ਵਿਰੋਧ ਕੀਤਾ ਸੀ। ਹੁਣ ਨਾ ਤਾਂ ਸਰਹੱਦ ਬਦਲੀ ਹੈ ਅਤੇ ਨਾ ਹੀ ਰਾਜ ਬਦਲਿਆ ਹੈ। ਸਿਰਫ਼ ਆਮ ਆਦਮੀ ਪਾਰਟੀ ਦਾ ਚਿਹਰਾ ਹੀ ਬਦਲਿਆ ਹੈ। ਹੁਣੇ ਤੋਂ ਹੀ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦਾ ਦਮ ਫੁੱਲਣ ਲੱਗਾ ਹੈI ਇਨ੍ਹਾਂ ਲੋਕਾਂ ਨੇ ਜਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਹੈ, ਉਸ ਨਾਲ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦਾ ਝੂਠਾ ਚਿਹਰਾ ਦਿਨ-ਬ-ਦਿਨ ਸਭ ਦੇ ਸਾਹਮਣੇ ਆ ਜਾਵੇਗਾ।