ਪ੍ਰਧਾਨ ਮੰਤਰੀ ਮੋਦੀ ਸਿੱਖ ਕੌਮ ਦੀ ਸੇਵਾ ਬਦਲੇ ਸ਼੍ਰੋਮਣੀ ਕਮੇਟੀ ਵੱਲੋਂ ’’ਕੌਮੀ ਸੇਵਾ ਅਵਾਰਡ’’ ਨਾਲ ਨਿਵਾਜੇ ਜਾ ਚੁੱਕੇ ਹਨ
ਅੰਮ੍ਰਿਤਸਰ 9 ਫਰਵਰੀ (ਰਾਜਿੰਦਰ ਧਾਨਿਕ) : ਪੰਜਾਬ ਚੋਣਾਂ ਲਈ ਪੋਲਿੰਗ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਸਿੱਖ ਬਹੁਗਿਣਤੀ ਸੂਬਾ ਹੈ, ਇਹੀ ਕਾਰਨ ਹੈ ਕਿ ਪੰਜਾਬ ਦੀ ਰਾਜਨੀਤੀ ਨੂੰ ਸਿੱਖ ਸਮਾਜ ਦੇ ਅਤੀਤ ਵਰਤਮਾਨ ਅਤੇ ਭਵਿੱਖ ਨਾਲੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਇਕ ਸਰਹੱਦੀ ਸੂਬਾ ਹੋਣ ਨਾਤੇ ਪੰਜਾਬ ਨੇ ਕਈ ਰਾਜਨੀਤਿਕ ਉਤਰਾਅ ਚੜ੍ਹਾਅ ਵੀ ਵੇਖੇ ਹਨ। ਇਹ ਹਿੰਦੁਸਤਾਨ ਦਾ ਖੜਕ ਭੁਜਾ ਵੀ ਹੈ। ਦੱਰਾ ਖ਼ੈਬਰ ਦੀ ਤਰਫ਼ੋਂ ਆਉਣ ਵਾਲੇ ਵਿਦੇਸ਼ੀ ਹਮਲਾਵਰਾਂ ਨੂੰ ਇਸ ਸਰਜ਼ਮੀਨ ਦੇ ਬਹਾਦਰ ਬਾਸ਼ਿੰਦਿਆਂ ਨੇ ਕਈ ਵਾਰ ਧੂੜ ਚਟਾਈ ਹੈ। ਇਕ ਘਟ ਗਿਣਤੀ ਭਾਈਚਾਰਾ ਜਿਸ ਦੀ ਅਬਾਦੀ ਕੇਵਲ 2 ਫ਼ੀਸਦੀ ਹੋਣ ਦੇ ਬਾਵਜੂਦ ਦੇਸ਼ ਦੀ ਅਜ਼ਾਦੀ ਲਈ 80 ਫ਼ੀਸਦੀ ਕੁਰਬਾਨੀ ਦਰਜ ਹੈ ਨੂੰ, ਆਪਣਿਆਂ ਹੱਥੋਂ ਨਾ ਕੇਵਲ ਕਈ ਵਾਰ ਜ਼ਲੀਲ ਹੋਣਾ ਪਿਆ ਸਗੋਂ ਬਹੁਤ ਸਾਰੇ ਜਖਮ ਵੀ ਦਿੱਤੇ ਗਏ। ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀਆਂ ਅਨੇਕਾਂ ਸਰਕਾਰਾਂ ਆਈਆਂ, ਹਰ ਵਾਰ ਪੰਜਾਬ ਨਾਲ ਧੱਕਾ ਕੀਤਾ ਅਤੇ ਆਪਣੇ ਸਿਆਸੀ ਏਜੰਡੇ ਲਈ ਜਾਂ ਫਿਰ ਨਿੱਜੀ ਮੁਫ਼ਾਦ ਲਈ ਕੰਮ ਕੀਤਾ। ਦੇਸ਼ ’ਤੇ ਲੰਮਾ ਸਮਾਂ ਰਾਜ ਕਰਨ ਵਾਲੇ ਗਾਂਧੀ ਪਰਿਵਾਰ ਨੇ ਪੰਜਾਬ ਦੇ ਕੁਦਰਤੀ ਸਾਧਨਾਂ ਨੂੰ ਲੁੱਟਿਆ, ਲੋਕਾਂ ਨੂੰ ਕੁੱਟਿਆ ਹੀ ਨਹੀਂ ਸਿੱਖ ਕੌਮ ਦੀ ਜਿੰਦ ਜਾਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਦਿਆਂ ਅਤੇ ਦਿਲੀ ਸਮੇਤ ਅਨੇਕਾਂ ਸ਼ਹਿਰਾਂ ਵਿਚ ਸਿੱਖਾਂ ਦਾ ਯੋਜਨਾਬੱਧ ਕਤਲੇਆਮ ਕਰਦਿਆਂ ਸਿੱਖੀ ਦੀ ਹਸਤੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਨਵੰਬਰ ’84 ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਥਾਂ ਰਾਜੀਵ ਗਾਂਧੀ ਦੀ ਸਰਕਾਰ ਨੇ ਦੋਸ਼ੀਆਂ ਨੂੰ ਉੱਚੇ ਸਿਆਸੀ ਮੁਕਾਮ ’ਤੇ ਬਿਠਾ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਤੋਂ ਗੁਰੇਜ਼ ਨਹੀਂ ਕੀਤਾ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਦੀ ਨਬਜ਼ ਨੂੰ ਪਛਾਣਦਿਆਂ ਅਤੇ ਕਾਂਗਰਸ ਵੱਲੋਂ ਕੀਤੇ ਗਏ ਵਿਤਕਰਿਆਂ ਕਾਰਨ ਸਿੱਖਾਂ ਅੰਦਰ ਪਨਪ ਰਹੀ ਬੇਗਾਨਗੀ ਦੇ ਅਹਿਸਾਸ ਨੂੰ ਦੂਰ ਕਰਨ ਦਾ ਕਿਸੇ ਨੇ ਠੋਸ ਉਪਰਾਲਾ ਕੀਤਾ ਹੈ ਤਾਂ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੀਤਾ। 2014 ’ਚ ਕੇਂਦਰੀ ਸਤਾ ਵਿਚ ਆਉਂਦਿਆਂ ਹੀ ਸ੍ਰੀ ਮੋਦੀ ਨੇ ਸਿੱਖਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਦਿਆਂ ਉਨ੍ਹਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਾਉਣ ਦੀ ਕਵਾਇਦ ਸ਼ੁਰੂ ਕੀਤੀ। ਪੰਜਾਬ ਅਤੇ ਸਿੱਖ ਪੰਥ ਦੀਆਂ ਚਿਰੋਕਣੀਆਂ ਮੰਗਾਂ ਮਸਲਿਆਂ ਨੂੰ ਹੱਲ ਕਰਨ ਵਿਚ ਨਿੱਜੀ ਦਿਲਚਸਪੀ ਦਿਖਾਈ। ਅੱਜ ਪੰਜਾਬ ਵਿਚ ਚੋਣਾਂ ਹੋ ਰਹੀਆਂ ਹਨ ਤਾਂ ਪੰਜਾਬ ਅਤੇ ਪੰਥ ਪ੍ਰਤੀ ਕਾਂਗਰਸ ਸਰਕਾਰਾਂ ਦੇ ਸਲੂਕ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਰਤਾਰਿਆਂ ਬਾਰੇ ਲੇਖਾ ਚੋਖਾ ਕੀਤਾ ਜਹੁਤ ਜਰੂਰੀ ਹੈ । ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਮੋਦੀ ਨੇ ਜੋ ਪਿਛਲੇ ਸਤ – ਅੱਠ ਸਾਲਾਂ ਦੌਰਾਨ ਸਿੱਖਾਂ ਲਈ ਕੀਤਾ ਉਹ ਪਿਛਲੇ 70 ਸਾਲਾਂ ਦੌਰਾਨ ਕਿਸੇ ਹਕੂਮਤ ਦੇ ਹਿੱਸੇ ਨਹੀਂ ਆਇਆ। ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਖੁੱਲ੍ਹੇ ਦਰਸ਼ਨਾਂ ਲਈ ਅੰਤਰਰਾਸ਼ਟਰੀ ਲਾਂਘਾ ਖੋਲ੍ਹਦਿਆਂ ਸਿੱਖਾਂ ਦੀ ਸਤ ਦਹਾਕਿਆਂ ਦੀ ਮੰਗ ਪੂਰੀ ਕੀਤੀ ਗਈ। ਨਵੰਬਰ ’84 ’ਚ 7 ਹਜ਼ਾਰ ਤੋਂ ਵੱਧ ਸਿੱਖਾਂ ਦਾ ਯੋਜਨਾਬੱਧ ਕਤਲੇਆਮ ਕੀਤਾ ਜਾਣਾ ਕਾਂਗਰਸ ਦੇ ਮੱਥੇ ਲਗ ਹੋਇਆ ਇਕ ਅਜਿਹਾ ਕਲੰਕ ਹੈ ਜਿਸ ਨੂੰ ਧੋ ਸਕਣਾ ਕਾਂਗਰਸ ਦੇ ਵਸੋ ਅੱਜ ਵੀ ਬਾਹਰ ਹੈ। ਉਕਤ ਸੰਤਾਪ ਦੇ ਤਿੰਨ ਦਿਨਾਂ ਦੌਰਾਨ ਸਿੱਖ ਹੋਣ ਦਾ ਅਰਥ ਹੀ ਮੌਤ ਸੀ। ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਸਿੱਖਾਂ ਨੂੰ ਆਪਣੇ ਹੀ ਦੇਸ਼ ਵਿਚ ਬੇ ਆਬਰੂ ਹੋਣ ਦਾ ਦਰਦ ਵੀ ਸਹਿਣਾ ਪਵੇਗਾ। ਕਾਂਗਰਸ ਸਰਕਾਰਾਂ ਨੇ ਅੱਠ ਤੋਂ ਵਧ ਕਮਿਸ਼ਨ ਬਣਾਏ ਪਰ ਨਤੀਜਾ ਸਿਫ਼ਰ ਹੀ ਰਹਿਣਾ ਸੀ। ਕੇਂਦਰੀ ਸਤਾ ਵਿਚ ਆਉਂਦਿਆਂ ਹੀ ਸ੍ਰੀ ਮੋਦੀ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਉਣ ਲਈ ਵਿਸ਼ੇਸ਼ ਜਾਂਚ ਟੀਮ ਗਠਨ ਕੀਤੀ ਅਤੇ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਦਾ ਉਪਰਾਲਾ ਕੀਤਾ। ਜਿਸ ਕਾਰਨ ਸਜਣ ਕੁਮਾਰ ਵਰਗੇ ਕਾਂਗਰਸੀ ਆਗੂ 36 ਸਾਲ ਬਾਅਦ ਵੀ ਸਲਾਖ਼ਾਂ ਪਿੱਛੇ ਭੇਜੇ ਗਏ ਹਨ । ਜਗਦੀਸ਼ ਟਾਈਟਲਰ, ਅਜੈ ਮਾਕਨ ਤੇ ਐਚ ਕੇ ਆਲ ਭਗਤ ਵਰਗੇ ਕਟਹਿਰੇ ’ਚ ਖੜੇ ਕੀਤੇ ਗਏ ਅਤੇ ਅੱਜ 80 ਹੋਰ ਮਾਮਲੇ ਖੋਲੇ ਜਾ ਚੁੱਕੇ ਹਨ। ਇਨ੍ਹਾਂ 35 ਸੌ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਰਾਹਤ ਦਿੱਤੀ ਗਈ, ਬੇਸ਼ੱਕ ਇਹ ਬੇ ਰਹਿਮੀ ਨਾਲ ਮੌਤ ਦੇ ਘਾਟ ਉਤਾਰੇ ਗਏ ਨਿਰਦੋਸ਼ ਲੋਕਾਂ ਦੀ ਕਿਸੇ ਤਰਾਂ ਵੀ ਪੂਰਤੀ ਨਹੀਂ ਕਰਦੀ। ਇਸੇ ਪ੍ਰਕਾਰ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ 8 ਸਿੱਖ ਸਿਆਸੀ ਕੈਦੀ ਰਿਹਾਅ ਕੀਤੇ ਗਏ। ਜਿਨ੍ਹਾਂ ਵਿਚੋਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਿਲੀ ਦੀ ਕੇਜਰੀਵਾਲ ਸਰਕਾਰ ਦੀ ਅੜੀ ਕਾਰਨ ਹਾਲੇ ਤਕ ਰੁਕੀ ਹੋਈ ਹੈ। ਵਿਦੇਸ਼ਾਂ ਵਿਚ ਗਏ ਸਿੱਖਾਂ ਦੀ ਕਾਲੀ ਸੂਚੀ ਜੋ ਕਾਂਗਰਸ ਸਰਕਾਰਾਂ ਸਮੇਂ ਬਣਾਈ ਗਈ ਨੂੰ ਖ਼ਤਮ ਕਰਦਿਆਂ ਸ਼ਰਨਾਰਥੀ ਜੀਵਨ ਹੰਢਾਅ ਰਹੇ ਸਿੱਖਾਂ ਨੂੰ ਸਮਾਜ ਤੇ ਪਰਿਵਾਰਾਂ ਨਾਲ ਜੋੜਨ ਦਾ ਕੰਮ ਕੀਤਾ ਗਿਆ। ਇਸੇ ਤਰਾਂ ਵਿਦੇਸ਼ਾਂ ਵਿਚ ਸ਼ਰਨਾਰਥੀ ਹੋਏ 50 ਹਜ਼ਾਰ ਤੋਂ ਵੱਧ ਸਿੱਖ ਨੌਜਵਾਨਾਂ ਦੇ ਪਾਸਪੋਰਟ ਬਣਾ ਕੇ ਦਿੱਤੇ ਗਏ। ਜੂਨ ’84 ਦੌਰਾਨ ਸ੍ਰੀ ਦਰਬਾਰ ਸਾਹਿਬ ਤੋਂ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਮੁੜ ਵਸੇਬੇ ਲਈ. ਕਰੋੜਾਂ ਦਾ ਮੁਆਵਜ਼ਾ ਦੇਣ ਦੀ ਪਹਿਲ ਕਦਮੀ ਕੀਤੀ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਸ਼ਤਾਬਦੀ, ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਸ਼ਤਾਬਦੀ ਅਵਤਾਰ ਪੁਰਬ ਅਤੇ ਗੁਰੂ ਤੇਗ਼ ਬਹਾਦਰ ਜੀ ਦੀਆਂ 400 ਸਾਲਾ ਪ੍ਰਕਾਸ਼ ਸ਼ਤਾਬਦੀਆਂ ਦੇਸ਼ ਪੱਧਰ ’ਤੇ ਮਨਾਉਂਦਿਆਂ ਗੁਰੂ ਸਾਹਿਬਾਨ ਦਾ ਸੰਦੇਸ਼ ਵਿਦੇਸ਼ਾਂ ਤਕ ਪਹੁੰਚਾਇਆ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਇਸ ਵਰ੍ਹੇ ਤੋਂ 26 ਦਸੰਬਰ ਨੂੰ ਵੀਰ ਬਾਲ ਦਿਵਸ ਰਾਸ਼ਟਰੀ ਪੱਧਰ ’ਤੇ ਮਨਾਉਣ ਦਾ ਐਲਾਨ ਕੀਤਾ। ਉਨ੍ਹਾਂ ਦੀ ਵੱਡੀ ਭੂਮਿਕਾ ਨੂੰ ਵਿਸ਼ਵ ਸਾਹਮਣੇ ਦ੍ਰਿਸ਼ਟੀਗੋਚਰ ਕਰਦਿਆਂ ਉਨ੍ਹਾਂ ਬਾਲ ਸ਼ਹੀਦਾਂ ਨੂੰ ਪਹਿਲੀ ਵਾਰ ਢੁਕਵੀਂ ਸ਼ਰਧਾਂਜਲੀ ਦਿੱਤੀ ਗਈ। ਵਿਵਾਦਿਤ ਖੇਤੀ ਕਾਨੂੰਨ ਭਾਵੇਂ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਬਣਾਏ ਗਏ ਸਨ ਪਰ ਇਸ ਦੇ ਮੰਤਵ ਕਿਸਾਨਾਂ ਨੂੰ ਸਮਝਾ ਸਕਣ ’ਚ ਵਿਫਲ ਰਹਿਣ ’ਤੇ ਉਸ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰੱਦ ਕਰਨ ਦਾ ਐਲਾਨ ਕਰਦਿਆਂ ਗੁਰੂ ਸਾਹਿਬਾਨ ਪ੍ਰਤੀ ਸਤਿਕਾਰ ਦੀ ਭਾਵਨਾ ਅਤੇ ਸਿੱਖ ਭਾਈਚਾਰੇ ਨਾਲ ਡੂੰਘੀ ਸਨੇਹ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਹੋਰਨਾਂ ਵਲੋਂ ਗੁਰਪੁਰਬ ਦੇ ਅਵਸਰਾਂ ਮੌਕੇ ਆਪਣੀ ਰਿਹਾਇਸ਼ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਜਾ ਕੇ ਸੁਸੋਭਿਤ ਕਰਾਇਆ ਜਾਂਦਾ ਰਿਹਾ ਪਰ ਇਸ ਦੇ ਉਲਟ ਗੁਰਪੁਰਬ ਦਿਹਾੜਿਆਂ ’ਤੇ ਸ੍ਰੀ ਨਰਿੰਦਰ ਮੋਦੀ ਬਤੌਰ ਪ੍ਰਧਾਨ ਮੰਤਰੀ ਗੁਰੂ ਘਰਾਂ ’ਚ ਨੰਗੇ ਪੈਰੀਂ ਜਾ ਕੇ ਹਾਜਰੀ ਲਵਾਉਦੇ ਆ ਰਹੇ ਹਨ। ਨਾਗਰਿਕਤਾ ਸੋਧ ਕਾਨੂੰਨ ਰਾਹੀਂ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਸ਼ਰਨਾਰਥੀ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦੇਣ ਅਤੇ ਅਫ਼ਗ਼ਾਨਿਸਤਾਨ ਵਿਚ ਸੰਤਾਪ ਹੰਢਾ ਰਹੇ 350 ਸਿੱਖਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪਾਂ ਨੂੰ ਸਤਿਕਾਰ ਸਹਿਤ ਭਾਰਤ ਲਿਆਂਦਾ ਗਿਆ। ਕਸ਼ਮੀਰ ਦਾ ਧਾਰਾ 370 ਦਾ ਦਰਜਾ ਖ਼ਤਮ ਕਰਦਿਆਂ ਉੱਥੋਂ ਦੇ ਸਿੱਖਾਂ ਨੂੰ ਬਰਾਬਰ ਦਾ ਦਰਜਾ ਦਿਵਾਇਆ ਗਿਆ। ਸ੍ਰੀ ਦਰਬਾਰ ਸਾਹਿਬ ਲਈ ਵਿਦੇਸ਼ੀ ਸੰਗਤ ਵੱਲੋਂ ਆਉਣ ਵਾਲੇ ਦਾਨ ’ਤੇ ਰੈਗੂਲੇਸ਼ਨ ਐਕਟ ਰਜਿਸਟਰੇਸ਼ਨ ਦੀ ਸਹੂਲਤ ਅਤੇ ਲੰਗਰ ਟੈਕਸ ਮੁਕਤ ਕੀਤਾ ਗਿਆ। ਸ੍ਰੀ ਮੋਦੀ ਦੀ ਅਪੀਲ ’ਤੇ ਯੂਨੈਸਕੋ ਵੱਲੋਂ ਗੁਰਬਾਣੀ ਨੂੰ ਵਿਸ਼ਵ ਦੀਆਂ ਭਾਸ਼ਾਵਾਂ ਵਿਚ ਪ੍ਰਚਾਰਨ ਦਾ ਉਪਰਾਲਾ ਕੀਤਾ ਗਿਆ। ਦੇਸ਼ ਦੇ ਪੰਜ ਵੱਡੇ ਸ਼ਹਿਰਾਂ ਨੂੰ ਧਾਰਮਿਕ ਨਜ਼ਰੀਏ ਤੋਂ ਆਧੁਨਿਕ ਬਣਾਉਣ ਦੀ ਯੋਜਨਾ ਵਿਚ ਸ੍ਰੀ ਮੋਦੀ ਨੇ ਨਿੱਜੀ ਦਿਲਚਸਪੀ ਦਿਖਾਉਂਦਿਆਂ ਅੰਮ੍ਰਿਤਸਰ ਨੂੰ ਵੀ ਸੂਚੀਬੱਧ ਕੀਤਾ ਗਿਆ। ਸ੍ਰੀ ਹੇਮਕੁੰਟ ਸਾਹਿਬ ਲਈ ਰੇਪਵੇ ਦੀ ਤਿਆਰੀ, ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਦਾ ਦਰਜਾ ਅਤੇ ਇਸ ਨੂੰ ਰੇਲ ਮਾਰਗ ਨਾਲ ਜੋੜਨ ਤੋਂ ਇਲਾਵਾ ਪੰਜ ਤਖ਼ਤਾਂ ਨੂੰ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਐਲਾਨ ਕੀਤਾ। 67 ਕਰੋੜ ਦੀ ਲਾਗਤ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੈਸ਼ਨਲ ਇੰਸਟੀਚਿਊਟ ਆਫ਼ ਇੰਟਰ ਫੇਥ ਦੀ ਸਥਾਪਨਾ ਕੀਤੀ ਗਈ। ਭੁਚਾਲ ਦੌਰਾਨ ਨੁਕਸਾਨੇ ਗਏ ਗੁਜਰਾਤ ਦੇ ਲਖਪਤ ਗੁਰਦੁਆਰੇ ਨੂੰ ਮੁੜ ਤਾਮੀਰ ਕਰਾਇਆ ਜਾਣਾ ਮੋਦੀ ਦੀ ਸਿੱਖ ਧਰਮ ਪ੍ਰਤੀ ਡੂੰਘੀ ਸ਼ਰਧਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਲੈ ਕੇ ਸ੍ਰੀ ਮੋਦੀ ਨੇ ਅੱਜ ਤਕ ਪੰਜਾਬ ਅਤੇ ਸਿੱਖ ਭਾਈਚਾਰੇ ਲਈ ਕੰਮ ਕਰਨ ਦੇ ਕਿਸੇ ਵੀ ਅਵਸਰ ਨੂੰ ਹੱਥੋਂ ਨਹੀਂ ਜਾਣ ਦਿਤਾ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਸਿੱਖ ਕੌਮ ਦੀ ਆਨ ਸ਼ਾਨ ਲਈ ਕੀਤੇ ਗਏ ਅਹਿਮ ਯਤਨਾਂ ਲਈ ਖ਼ਾਲਸਾ ਪੰਥ ਦੀ ਸਿਰਮੌਰ ਜਥੇਬੰਦੀ ਅਤੇ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਨੂੰ ’’ਕੌਮੀ ਸੇਵਾ ਅਵਾਰਡ’’ ਵਰਗੇ ਵਕਾਰੀ ਸਨਮਾਨ ਨਾਲ ਨਿਵਾਜਿਆ ਜਾ ਚੁਕਾ ਹੈ।