ਭਾਜਪਾ ਨਸ਼ਿਆਂ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਏਗੀ: ਪੀ.ਐਸ ਗਿੱਲ

0
25

 

ਅੰਮ੍ਰਿਤਸਰ/ ਚੰਡੀਗੜ੍ਹ, 6 ਫਰਵਰੀ (ਪਵਿੱਤਰ ਜੋਤ ):  ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਿਆਂ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਂਦੇ ਹੋਏ ਪੰਜਾਬ ਵਿੱਚੋਂ ਵਗ ਰਹੇ ਨਸ਼ਿਆਂ ਦੇ ਸਰਾਪ ਰੂਪੀ ਦਰਿਆ ਨੂੰ ਖਤਮ ਕਰਨਾ ਭਾਜਪਾ ਦੀ ਮੁੱਖ ਤਰਜੀਹ ਹੋਵੇਗੀ। ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਪੀ.ਐਸ. ਗਿੱਲ ਨੇ ਅੱਜ ਚੰਡੀਗੜ੍ਹ ਭਾਜਪਾ ਹੈੱਡਕੁਆਰਟਰ ਵਿਖੇ ਉਲੀਕੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮੁੱਦੇ ‘ਤੇ ਬਹੁ-ਪੱਖੀ ਦ੍ਰਿਸ਼ਟੀਕੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚੋਂ ਕੋਈ ਵੀ ਹੁਣ ਤੱਕ ਇਸ ਖ਼ਤਰੇ ਨੂੰ ਠੱਲ੍ਹ ਨਹੀਂ ਪਾ ਸਕੀ ਹੈ, ਕਿਉਂਕਿ ਇਸ ਲਈ ਦ੍ਰਿੜ ਇੱਛਾ ਸ਼ਕਤੀ ਅਤੇ ਦ੍ਰਿੜ ਸੋਚ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਦੀ ਲੋੜ ਹੈ, ਉੱਥੇ ਦੂਜੇ ਪਾਸੇ ਜਿਹੜੇ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ, ਉਨ੍ਹਾਂ ਦਾ ਇਲਾਜ ਅਤੇ ਮੁੜ ਵਸੇਵੇਂ ਦੀ ਲੋੜ ਹੈ।
ਪੀ.ਐਸ ਗਿੱਲ ਨੇ ਕਿਹਾ ਕਿ ਜੇਕਰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਹਰ ਜ਼ਿਲ੍ਹੇ ਵਿੱਚ ਸਰਕਾਰੀ ਸਹੂਲਤਾਂ ਵਿੱਚ ਨਸ਼ਾ ਪੀੜਤਾਂ ਦਾ ਮੁਫ਼ਤ ਇਲਾਜ ਯਕੀਨੀ ਬਣਾਇਆ ਜਾਵੇਗਾ। ਨਸ਼ਿਆਂ ਦੀ ਤਸਕਰੀ ਦਾ ਜ਼ਿਕਰ ਕਰਦਿਆਂ, ਸਾਬਕਾ ਡੀਜੀਪੀ ਨੇ ਕਿਹਾ ਕਿ ਇਸਦੀ ਸਪਲਾਈ ਦੇ ਕਈ ਸਰੋਤ ਹਨ ਜਿਵੇਂ ਕਿ ਸਰਹੱਦ ਪਾਰ ਅਤੇ ਕੁਝ ਗੁਆਂਢੀ ਸੂਬੇ ਆਦਿ। ਉਨ੍ਹਾਂ ਕਿਹਾ ਕਿ ਕੁਝ ਗੈਰ-ਕਾਨੂੰਨੀ ਦਵਾਈਆਂ ਵਾਲੀਆਂ ਬਣਾਉਣ ਵਾਲੀਆਂ ਕੰਪਨੀਆਂ ਪੰਜਾਬ ਨੂੰ ਸਿੰਥੈਟਿਕ ਡਰੱਗਜ਼ ਵੀ ਸਪਲਾਈ ਕਰ ਰਹੀਆਂ ਹਨ, ਜਿਨ੍ਹਾਂ ਨੂੰ ਨੱਥ ਪਾਉਣ ਦੀ ਲੋੜ ਹੈ।
ਪੀ.ਐਸ. ਗਿੱਲ ਨੇ ਇਸ ਖਤਰੇ ਨਾਲ ਨਜਿੱਠਣ ਲਈ ਬਹੁ-ਪੱਖੀ ਅਤੇ ਏਕੀਕ੍ਰਿਤ ਪਹੁੰਚ ਦਾ ਸੁਝਾਅ ਦਿੰਦਿਆਂ ਕਿਹਾ ਕਿ ਸੀਮਾ ਸੁਰੱਖਿਆ ਬਲ ਇਸ ਵੱਲ ਪਹਿਲਾਂ ਹੀ ਕੰਮ ਕਰ ਰਹੇ ਹਨ ਅਤੇ ਨਵੀਆਂ ਤਕਨੀਕਾਂ ਕਾਰਨ ਉਨ੍ਹਾਂ ਦੀਆਂ ਚੁਣੌਤੀਆਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਡਰੋਨਾਂ ਰਾਹੀਂ ਵੀ ਨਸ਼ਿਆਂ ਦੀ ਤਸਕਰੀ ਕੀਤੀ ਜਾ ਰਹੀ ਹੈ। ਇਸ ਲਈ ਇਸ ਖਤਰੇ ਨੂੰ ਗੰਭੀਰਤਾ ਨਾਲ ਲੈਣ ਅਤੇ ਪ੍ਰਮੁੱਖ ਤਰਜੀਹ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਇਸ ਨੂੰ ਖਤਮ ਕਰਨ ਲਈ ਵਿਸਥਾਰਤ ਖਾਕਾ ਤਿਆਰ ਕਰਕੇ ਇਸ ‘ਤੇ ਕਾਰਵਾਈ ਕੀਤੀ ਜਾਵੇਗੀ।

 

NO COMMENTS

LEAVE A REPLY