ਬਹੁਤ ਹੀ ਕਮਜ਼ੋਰ ਅਤੇ ਅਸਥਿਰ ਸਾਬਤ ਹੋਈ ਹੈ ਚੰਨੀ ਸਰਕਾਰ- ਅਰਵਿੰਦ ਕੇਜਰੀਵਾਲ

0
28

 

-ਕਿਹਾ, ਬੇਹੱਦ ਦੁਖਦਾਇਕ ਅਤੇ ਮੰਦਭਾਗੀ ਘਟਨਾ ਹੈ ਲੁਧਿਆਣਾ ਬੰਬ ਧਮਾਕਾ

-ਜੇ ਬੇਅਦਬੀਆਂ ਪੁਰਾਣੇ ਕੇਸਾਂ ਅਤੇ ਮੌੜ ਬੰਬ ਬਲਾਸਟ ਦੇ ਦੋਸ਼ੀਆਂ ਅਤੇ ਮਾਸਟਰ ਮਾਇਡਾਂ ਨੂੰ ਮਿਸਾਲੀ ਸਜਾਵਾਂ ਦਿੱਤੀਆਂ ਹੁੰਦੀਆਂ ਤਾਂ ਇਹ ਘਟਨਾਵਾਂ ਵਾਰ-ਵਾਰ ਨਾ ਵਾਪਰਦੀਆਂ-‘ਆਪ’ ਸੁਪਰੀਮੋ

-ਨਸ਼ੇ ਦੇ ਮੁੱਦੇ ‘ਤੇ ਘੇਰੀ ਚੰਨੀ ਸਰਕਾਰ- ਜੇਕਰ ਡਰੱਗ ਮਾਫ਼ੀਆ ਨਾਲ ਨਾ ਰਲੇ ਹੁੰਦੇ ਤਾਂ 3-4 ਮਹੀਨੇ ਪਹਿਲਾਂ ਹੋ ਚੁੱਕੀ ਹੁੰਦੀ ਹੁਣ ਕੀਤੀ ਐਫਆਈਆਰ

ਅੰਮ੍ਰਿਤਸਰ, 24 ਦਸੰਬਰ (ਅਰਵਿੰਦਰ ਵੜੈਚ): ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ‘ਚ ਹੋਏ ਬੰਬ ਧਮਾਕੇ ਨੂੰ ਬੇਹੱਦ ਦੁਖਦਾਇਕ ਅਤੇ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਕਾਂਗਰਸ ਦੀ ਚੰਨੀ ਸਰਕਾਰ ਬਹੁਤ ਹੀ ਕਮਜ਼ੋਰ ਅਤੇ ਅਸਥਿਰ ਸਰਕਾਰ ਸਾਬਤ ਹੋਈ ਹੈ। ਆਪਣੇ ਪੰਜਾਬ ਦੌਰੇ ਲਈ ਅੱਜ (ਸ਼ੁੱਕਰਵਾਰ) ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਜੇ ਅਰਵਿੰਦ ਕੇਜਰੀਵਾਲ ਪੱਤਰਕਾਰਾਂ ਨੂੰ ਪ੍ਰਤੀਕਿਰਿਆ ਦੇ ਰਹੇ ਸਨ। ਕੇਜਰੀਵਾਲ ਨੇ ਲੁਧਿਆਣਾ ਬੰਬ ਧਮਾਕੇ ‘ਚ ਜ਼ਖਮੀ ਹੋਏ ਲੋਕਾਂ ਦੀ ਛੇਤੀ ਸਿਹਤਯਾਬੀ ਦੀ ਕਾਮਨਾ ਵੀ ਦੁਹਰਾਈ।
ਸੂਬੇ ਦੀ ਕਾਂਗਰਸ ਸਰਕਾਰ ‘ਤੇ ਵਰਦੀਆਂ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਰਾਂ ਹੀ ਚੰਨੀ ਸਰਕਾਰ ਵੀ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਕਰਨ ‘ਚ ਬੁਰੀ ਤਰਾਂ ਫ਼ੇਲ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ 2015 ‘ਚ ਹੋਈ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਅਤੇ ਮਾਸਟਰਮਾਇੰਡ ਤੱਤਾਂ ਨੂੰ ਮਿਸਾਲੀ ਸਜਾ ਅਤੇ ਸੰਗਤ ਨੂੰ ਇਨਸਾਫ਼ ਦਿੱਤਾ ਹੁੰਦਾ ਤਾਂ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਧਾਰਮਿਕ ਸਥਾਨਾਂ ਦੀ ਵਾਰ-ਵਾਰ ਬੇਅਦਬੀ ਕਰਨ ਦਾ ਹੌਸਲਾ ਨਾ ਕਰਦਾ।
ਇਸੇ ਤਰਾਂ ਜੇਕਰ 2017 ਦੀਆਂ ਚੋਣਾਂ ਤੋਂ ਪਹਿਲਾਂ ਹੋਏ ਮੌੜ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਸਜਾ ਅਤੇ ਪੀੜਤਾਂ ਨੂੰ ਇਨਸਾਫ਼ ਦਿੱਤਾ ਹੁੰਦਾ ਤਾਂ ਲੁਧਿਆਣਾ ਬੰਬ ਬਲਾਸਟ ਵਰਗੀਆਂ ਘਟਨਾਵਾਂ ਦੁਬਾਰਾ ਨਾ ਵਾਪਰਦੀਆਂ।
ਕੇਜਰੀਵਾਲ ਨੇ ਕਿਹਾ ਕਿ ਪਿਛਲੀ ਵਾਰ ਦੀ ਤਰਾਂ ਘਟਨ ਲੱਗੀਆਂ ਅਜਿਹੀਆਂ ਵਾਰਦਾਤਾਂ ਵੱਡਾ ਸਵਾਲ ਖੜਾ ਕਰਦੀਆਂ ਹਨ ਕਿ ਚੋਣਾਂ ਤੋਂ ਪਹਿਲਾਂ ਹੀ ਅਜਿਹਾ ਕਿਉਂ ਹੋਣ ਲੱਗ ਜਾਂਦਾ ਹੈ? ਇਹ ਵੱਡੀ ਸਾਜ਼ਿਸ਼ ਦਾ ਹਿੱਸਾ ਹਨ। ਪੰਜਾਬ ਦੀ ਜਨਤਾ ਨੂੰ ਬੇਹੱਦ ਸੁਚੇਤ ਰਹਿਣ ਦੀ ਜ਼ਰੂਰਤ ਹੈ ਤਾਂਕਿ ਕੋਈ ਵੀ ਮੌਕਾਪ੍ਰਸਤ ਅਤੇ ਦੇਸ਼ ਵਿਰੋਧੀ-ਸਮਾਜ ਵਿਰੋਧੀ ਤਾਕਤ ਆਪਣੇ ਨਾਪਾਕ ਮਨਸੂਬਿਆਂ ‘ਚ ਸਫਲ ਨਾ ਹੋ ਸਕੇ। ਕੇਜਰੀਵਾਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਾਜ਼ਿਸ਼ ਤਹਿਤ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਹਨ, ਪਰੰਤੂ ਪੰਜਾਬ ਦੀ ਜਨਤਾ ਆਪਸੀ ਸਾਂਝ ਅਤੇ ਸਦਭਾਵਨਾ ਨੂੰ ਕੋਈ ਆਂਚ ਨਹੀਂ ਆਉਣ ਦੇਵੇਗੀ।
ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ”ਨਸ਼ਿਆਂ ਦੇ ਮੁੱਦੇ ‘ਤੇ ਵੱਡੇ ਮਗਰ-ਮੱਛਾਂ ਵਿਰੁੱਧ ਕਾਂਗਰਸ ਸਰਕਾਰ ਨੇ ਹੁਣ ਤੱਕ ਸਿਰਫ਼ ਇੱਕ ਐਫਆਈਆਰ ਕੀਤੀ ਹੈ, ਜਿਸ ਨੂੰ ਇਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਹੈ, ਜਿਵੇਂ ਪੰਜਾਬ ‘ਚ ਡਰੱਗ ਮਾਫ਼ੀਆ ਦਾ ਮੁਕੰਮਲ ਸਫ਼ਾਇਆ ਕਰ ਦਿੱਤਾ ਹੋਵੇ, ਜਦਕਿ ਅਸਲੀਅਤ ‘ਚ ਕੋਈ ਫ਼ਰਕ ਨਹੀਂ ਪਿਆ। ਜਿਸ ਵਿਰੁੱਧ ਐਫਆਈਆਰ ਕੀਤੀ ਹੈ, ਉਸ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਗਿਆ। ਦਰਅਸਲ ਇਹ ਸਿਰਫ਼ ਚੋਣ ਸਟੰਟ ਹੈ। ਸਭ ਆਪਸ ‘ਚ ਰਲੇ-ਮਿਲੇ ਹੋਏ ਹਨ ਅਤੇ ਫਿਕਸ ਮੈਚ ਖੇਡ ਰਹੇ ਹਨ। ਜੇਕਰ ਚੰਨੀ ਸਰਕਾਰ ਦੀ ਨੀਅਤ ‘ਚ ਕੈਪਟਨ ਸਰਕਾਰ ਵਾਂਗ ਖ਼ਰਾਬੀ ਨਾ ਹੁੰਦੀ ਤਾਂ ਜੋ ਇਕਲੌਤੀ ਐਫਆਈਆਰ ਹੁਣ ਕੀਤੀ ਹੈ, ਤਾਂ ਇਹ 3-4 ਮਹੀਨੇ ਪਹਿਲਾਂ ਹੀ ਦਰਜ ਹੋ ਜਾਣੀ ਸੀ, ਪਰੰਤੂ ਨੀਅਤ ਸਾਫ਼ ਨਹੀਂ ਹੈ। ਹਾਲਾਂਕਿ ਇਹਨਾਂ ਕਾਂਗਰਸੀਆਂ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਇੱਕ ਮਹੀਨੇ ‘ਚ ਨਸ਼ਾ ਤਸਕਰਾਂ ਅਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਜੇਲਾਂ ‘ਚ ਸੁੱਟਣ ਦਾ ਵਾਅਦਾ ਕੀਤਾ ਸੀ। ਪਰ ਕੈਪਟਨ ਵਾਂਗ ਚੰਨੀ ਸਰਕਾਰ ਵੀ ਕਾਂਗਰਸ ਦੇ ਵਾਅਦਿਆਂ ‘ਤੇ ਖਰੇ ਨਹੀਂ ਉੱਤਰੇ। ਜਿਸ ਦਾ ਹਿਸਾਬ ਪੰਜਾਬ ਦੀ ਜਨਤਾ ਜ਼ਰੂਰ ਲਵੇਗੀ।”
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਅੱਜ ਇੱਕ ਇਮਾਨਦਾਰ, ਸਾਫ਼-ਸੁਥਰੀ, ਵਚਨਬੱਧ, ਦ੍ਰਿੜ, ਸਥਿਰ ਅਤੇ ਮਜ਼ਬੂਤ ਸਰਕਾਰ ਦੀ ਬੇਹੱਦ ਜ਼ਰੂਰਤ ਹੈ। ਇਹ ਸਭ ਕੁੱਝ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਦੇ ਸਕਦੀ ਹੈ।
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਬੇਅਦਬੀਆਂ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਖ਼ਰਾਬ ਕਰਨ ਵਾਲੇ ਤੱਤਾਂ ਅਤੇ ਸਾਜਿਸਕਰਤਾਵਾਂ ਨੂੰ ‘ਆਪ’ ਦੀ ਸਰਕਾਰ ਮਿਸਾਲੀ ਸਜਾ ਦੇਵੇਗੀ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਕੁੰਵਰ ਵਿਜੈ ਪ੍ਰਤਾਪ, ਜੀਵਨਜੋਤ ਕੌਰ, ਹਰਚੰਦ ਸਿੰਘ ਬਰਸਟ, ਪ੍ਰਭਜੀਤ ਸਿੰਘ ਬਰਾੜ, ਇਕਬਾਲ ਸਿੰਘ ਭੁੱਲਰ, ਡਾ. ਅਜੇ ਗੁਪਤਾ, ਅਸ਼ੋਕ ਤਲਵਾਰ ਹਰਬੰਤ ਸਿੰਘ ਗੁਲਜ਼ਾਰ ਸਿੰਘ ਬਿੱਟੂ ਕੇਜਰੀਵਾਲ ਦੇ ਨਿੱਘੇ ਸਵਾਗਤ ਲਈ ਏਅਰਪੋਰਟ ‘ਤੇ ਮੌਜੂਦ ਸਨ।

NO COMMENTS

LEAVE A REPLY