ਅੰਮ੍ਰਿਤਸਰ, 23 ਦਸੰਬਰ (ਰਾਜਿੰਦਰ ਧਾਨਿਕ ) :ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਦੇ ਸਨਅਤਕਾਰਾਂ ਵੱਲੋਂ ਗੁਆਂਢੀ ਸੂਬਿਆਂ ਵਿੱਚ ਹਿਜਰਤ ਕੀਤੇ ਜਾਣ ‘ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਨੂੰ ਇਸ ਵਲ ਵਿਸ਼ੇਸ਼ ਤਵੱਜੋ ਦੇਣ ਲਈ ਕਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੈਦਰਾਬਾਦ ਦੇ ਕਾਰੋਬਾਰੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਸਦਾ ਦੇਣ ਅਤੇ ਦੂਜੇ ਪਾਸੇ ਪੰਜਾਬ ਦੇ ਉੱਦਮੀਆਂ ਦਾ ਯੂ ਪੀ ਦੇ ਮੁੱਖ ਮੰਤਰੀ ਨਾਲ ਮੁਲਾਕਾਤ ’ਤੇ ਟਿੱਪਣੀ ਕਰਦਿਆਂ ਪੰਜਾਬ ਦੇ ਉਦਯੋਗ ਮਾਡਲ ਨੂੰ ’ਅੱਗਾ ਦੌੜ ਪਿੱਛਾ ਚੌੜ’ ਗਰਦਾਨਦਿਆਂ ਹੈ।
ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਖੇਤੀ ਸੈਕਟਰ ਪਹਿਲਾਂ ਹੀ ਆਬਾਦ ਨਹੀਂ ਹੋ ਰਿਹਾ ਉੱਥੇ ਹੀ ਹੁਣ ਪੰਜਾਬ ਦੀ ਰਹਿੰਦ ਖੂੰਹਦ ਸਨਅਤਾਂ ਦਾ ਵੀ ਪੰਜਾਬ ਨੂੰ ਛੱਡਣ ਲਈ ਮਜਬੂਰ ਹੋਣਾ ਅਤੇ ਕਾਰੋਬਾਰੀਆਂ ਦਾ ਯੂ ਪੀ ਵਰਗੇ ਸੂਬਿਆਂ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾਉਣਾ ਪੰਜਾਬ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਕਾਰੋਬਾਰੀਆਂ ਲਈ ਮਾਹੌਲ ਉਸਾਰਨ ਵਿਚ ਨਾਕਾਮ ਰਹੀ ਹੈ। ਪੰਜਾਬ ਦੀ ਅਮਨ ਕਾਨੂੰਨ ਦੀ ਖ਼ਰਾਬ ਸਥਿਤੀ, ਨੌਜਵਾਨਾਂ ਦਾ ਨਸ਼ਿਆਂ ਵਿਚ ਗ਼ਲਤਾਨ ਹੋਣਾ ਅਤੇ ਪੰਜਾਬ ’ਚ ਕਾਰੋਬਾਰ ਪੱਖੀ ਨੀਤੀਆਂ ਦਾ ਨਾ ਹੋਣਾ ਕਾਰੋਬਾਰੀਆਂ ਨੂੰ ਪੰਜਾਬ ਤੋਂ ਹਿਜਰਤ ਲਈ ਮਜਬੂਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਤੋਂ ਦੁਖੀ ਵਪਾਰੀ ਵਰਗ ਨੂੰ ਪੁਲੀਸ ਪਨਾਹ ਅਤੇ ਸੁਰੱਖਿਆ ਦੇਣ ’ਚ ਫ਼ੇਲ੍ਹ ਹੋ ਰਹੀ ਹੈ। ਪੁਲਿਸ ਦੀ ਹਾਜ਼ਰੀ ਵਿੱਚ ਸ਼ਰੇਆਮ ਹੋ ਰਹੇ ਕਤਲਾਂ ਨੇ ਪੰਜਾਬ ਦੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਹੈ। ਸਹਿਮ ਦੇ ਸਾਏ ਹੇਠ ਪੰਜਾਬ ਵਿੱਚ ਕੋਈ ਨਵਾਂ ਨਿਵੇਸ਼ ਨਹੀਂ ਹੋ ਰਿਹਾ ਉੱਥੇ ਹੀ ਪਹਿਲਾਂ ਤੋਂ ਸਥਾਪਿਤ ਨਿਵੇਸ਼ਕ ਪਲਾਇਨ ਕਰ ਜਾਣ ’ਤੇ ਪੰਜਾਬ ਦੀ ਮਾਲੀ ਹਾਲਤ ਹੋਰ ਖ਼ਰਾਬ ਹੋ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸੋਚਣਾ ਪਵੇਗਾ ਕਿ ਪੰਜਾਬ ਦੇ ਉਦਯੋਗਪਤੀ ਯੂ ਪੀ ਵਿਚ ਯੋਗੀ ਨੂੰ ਮਿਲਣ ਲਈ ਮਜਬੂਰ ਕਿਉਂ ਹੋਏ ਹਨ? ਸਰਕਾਰੀ ਦਾਅਵੇ ਦੇ ਉਲਟ ਪੰਜਾਬ ਕਾਰੋਬਾਰੀਆਂ ਦੇ ਵਿਸਥਾਰ ਲਈ ਅਨੁਕੂਲ ਮਾਹੌਲ ਅਤੇ ਵਿਵਸਥਾ ਦੇਣ ’ਚ ਸਰਕਾਰ ਨੂੰ ਆਪਣੀ ਨਾਕਾਮੀ ਕਬੂਲਣੀ ਹੋਵੇਗੀ। ਅਤੇ ਆਪਣੀਆਂ ਖ਼ਾਮੀਆਂ ਨੂੰ ਦੂਰ ਕਰਦਿਆਂ ਉਦਯੋਗ ਤੇ ਕਾਰੋਬਾਰੀਆਂ ਨੂੰ ਇਕ ਚੰਗਾ ਮਾਹੌਲ ਤੇ ਵਿਵਸਥਾ ਦੇਣਾ ਹੋਵੇਗਾ। ਮੂਕ ਦਰਸ਼ਕ ਬਣਨ ਦੀ ਥਾਂ ਪੂੰਜੀ ਨਿਵੇਸ਼ ਲਈ ਉਤਸ਼ਾਹ ਪੈਦਾ ਕਰਨ ਪ੍ਰਤੀ ਉਦਯੋਗਪਤੀਆਂ ਦੇ ਹਿਤਾਂ ਦੀ ਰਾਖੀ ਦਾ ਦਮ ਭਰਨਾ ਹੁਣ ਹਕੀਕਤ ਵਿਚ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਬੇਵਜ੍ਹਾ ਸੈਰ ਕਰਨ ਦੀ ਥਾਂ ਪੰਜਾਬ ਵਿਚ ਰਹਿੰਦਿਆਂ ਪੰਜਾਬ ਦੀਆਂ ਸਮੱਸਿਆਵਾਂ ਨੂੰ ਘੋਖਣ ਅਤੇ ਹੱਲ ਤਲਾਸ਼ਣ ਦੀ ਲੋੜ ’ਤੇ ਜ਼ੋਰ ਦਿੱਤਾ।