ਜਥੇਦਾਰ ਪਟਨਾ ਸਾਹਿਬ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਵਿਚਾਰਿਆ ਜਾਵੇ: ਪ੍ਰੋ: ਸਰਚਾਂਦ ਸਿੰਘ ਖਿਆਲਾ

0
22

 

ਜਥੇਦਾਰ ਗਿ: ਹਰਪ੍ਰੀਤ ਸਿੰਘ ਨੂੰ ਸੰਵੇਦਨਸ਼ੀਲ ਅਤੇ ਸਿੱਖ ਭਾਵਨਾਵਾਂ ਨਾਲ ਸਬੰਧਿਤ ਮਾਮਲੇ ਦੀ ਹਰ ਪਹਿਲੂ ਨੂੰ ਡੂੰਘਾਈ ਨਾਲ ਜਾਂਚ ਕਰਾਉਣ ਦੀ ਅਪੀਲ
ਅੰਮ੍ਰਿਤਸਰ, 14 ਸਤੰਬਰ (ਰਾਜਿੰਦਰ ਧਾ ਨਿਕ)- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਨੀ ਰਣਜੀਤ ਸਿੰਘ ਗੌਹਰ-ਏ ਮਸਕੀਨ ਬਨਾਮ ਡਾ: ਗੁਰਵਿੰਦਰ ਸਿੰਘ ਸਮਰਾ ਵਿਵਾਦ ਨੂੰ ਸਿੱਖ ਪੰਥ ਲਈ ਮੰਦਭਾਗਾ ਕਰਾਰ ਦਿੰਦਿਆਂ ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਉਕਤ ਮਾਮਲੇ ਦੀ ਤਹਿ ਤੱਕ ਜਾ ਕੇ ਇਸ ਦੇ ਹਰ ਪਹਿਲੂ ਦੀ ਪੂਰੀ ਨਿਰਪੱਖ ਜਾਂਚ ਕਰਵਾ ਕੇ ਸਾਰੀ ਸਚਾਈ ਸੰਗਤਾਂ ਦੇ ਸਾਹਮਣੇ ਲਿਆਉਣ ਦੀ ਅਪੀਲ ਕੀਤੀ ਹੈ । ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਮਾਮਲਾ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਸਬੰਧਿਤ ਹੈ, ਇਸ ਲਈ ਇਹ ਸੰਵੇਦਨਸ਼ੀਲ ਹੋਣ ਤੋਂ ਇਲਾਵਾ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਅਤੇ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਭੇਟਾ ਵਿੱਚ ‘ਨਕਲੀ’ ਵਸਤੂਆਂ ਦਾ ਮਿਲਣਾ ਤਖ਼ਤ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾ ਰਿਹਾ ਹੈ ਅਤੇ ਸੰਗਤਾਂ ਵਿੱਚ ਸ਼ੰਕੇ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਤਾਕਤਾਂ ਸਿੱਖ ਪੰਥ ਦੀਆਂ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੂੰ ਬਦਨਾਮ ਕਰਨ ਵਿੱਚ ਲੱਗੀਆਂ ਹੋਈਆਂ ਹਨ। ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਨੂੰ ਪੰਜ ਪਿਆਰਿਆਂ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਤਖ਼ਤ ਸਾਹਿਬਾਨ ਦੇ ਮਾਮਲੇ ਤਾਂ ਤਖ਼ਤ ਸਾਹਿਬਾਨ ’ਤੇ ਵਿਚਾਰੇ ਜਾਂਦੇ ਹਨ, ਪਰ ਜਦੋਂ ਤਖ਼ਤ ਸਾਹਿਬ ਦੇ ਜਥੇਦਾਰ ‘ਤੇ ਲਾਏ ਗਏ ਸੰਗੀਨ ਦੋਸ਼ਾਂ ਦੀ ਗੱਲ ਆਉਂਦੀ ਹੈ ਤਾਂ ਅਜਿਹੇ ਗੰਭੀਰ ਮਾਮਲਿਆਂ ਦੇ ਹਰ ਪਹਿਲੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰਨ ਦੀ ਲੋੜ ਹੈ। ਜੇ ਜਥੇਦਾਰ ਗੌਹਰ ਏ ਮਸਕੀਨ ਦਾ ਪੱਖ ਨਾ ਸੁਣਿਆ ਗਿਆ ਤਾਂ ਇਹ ਇਨਸਾਫ਼ ਨਹੀਂ ਹੋਵੇਗਾ। ਸਚਾਈ ਸਾਹਮਣੇ ਆਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਨਾਲ ਭਵਿੱਖ ਵਿੱਚ ਕੋਈ ਵੀ ਸਿੱਖ ਸਿਧਾਂਤਾਂ, ਨੈਤਿਕਤਾ, ਮਾਣ ਮਰਿਆਦਾ ਅਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਹਿੰਮਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਬਰਤਾਨੀਆ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਕਈ ਸਿੱਖ ਜਥੇਬੰਦੀਆਂ ਨੇ ਵੀ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲੈਣ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸਚਾਈ ਸਾਹਮਣੇ ਆਉਣ ਤੋਂ ਬਾਅਦ ਹੀ ਸਿੱਖ ਸੰਗਤਾਂ ਵਿੱਚ ਪੈਦਾ ਹੋਈ ਨਿਰਾਸ਼ਾ ਨੂੰ ਦੂਰ ਕੀਤਾ ਜਾ ਸਕੇਗਾ।

NO COMMENTS

LEAVE A REPLY