ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਮਨਾਇਆ ਜਾ ਰਿਹਾ ਹੈ ਪੌਸ਼ਣ ਮਾਹ

0
22

ਬੁਢਲਾਡਾ 14  ਸਤੰਬਰ (ਦਵਿੰਦਰ ਸਿੰਘ ਕੋਹਲੀ) :-ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਮਾਨਸਾ ਡਾ.ਹਰਿੰਦਰ ਕੁੁਮਾਰ ਸ਼ਰਮਾ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਜ਼ਿਲ੍ਹੇ ਦੇ ਸਬ-ਸੈਂਟਰ ਬੁਢਲਾਡਾ ਵਿਖੇ ਮਨਾਏ ਜਾ ਰਹੇ ਪੋਸ਼ਣ ਮਾਹ ਮੌਕੇ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਸ਼੍ਰੀ ਵਿਜੇ ਕੁਮਾਰ ਨੇ ਦੱਸਿਆ ਕਿ ਸੰਤੁਲਿਤ ਖੁਰਾਕ ਹੀ ਸਾਡੀ ਸਿਹਤ ਦਾ ਮੁੱਖ ਆਧਾਰ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਅਤੇ ਮਨੁੱਖ ਦੀ ਤਾਕਤ ਵਧਦੀ ਹੈ।
ਉਨ੍ਹਾਂ ਦੱਸਿਆ ਕਿ ਹਰ ਵਿਅਕਤੀ ਨੂੰ ਉਮਰ ਦੇ ਹਿਸਾਬ ਨਾਲ ਆਪਣੀ ਖੁਰਾਕ ਵਿੱਚ ਢੁੱਕਵੀਂ ਮਾਤਰਾ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟਸ, ਫੈਟਸ, ਵਿਟਾਮਿਨ ਅਤੇ ਖਣਿਜ ਪਦਾਰਥ ਸ਼ਾਮਿਲ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਬੇਸ਼ੱਕ ਹਰ ਵਰਗ ਦੇ ਵਿਅਕਤੀਆਂ ਲਈ ਸੰਤੁਲਿਤ ਖ਼ੁਰਾਕ ਜ਼ਰੂਰੀ ਹੈ ਪ੍ਰੰਤੂ ਗਰਭਵਤੀ ਔਰਤਾਂ, ਦੁੱਧ ਚੁਘਾਉਂਦੀਆਂ ਮਾਵਾਂ, ਛੋਟੀਆਂ ਬੱਚੀਆਂ ਅਤੇ ਕਿਸ਼ੋਰ ਅਵਸਥਾ ਵਾਲੇ ਲੜਕੇ-ਲੜਕੀਆਂ ਲਈ ਉਚਿੱਤ ਖੁਰਾਕ ਮਹੱਤਵਪੂਰਨ ਹੈ।
ਕਿਸ਼ੋਰਾਂ ਲਈ ਢੁੱਕਵੀਂ ਖੁਰਾਕ ਦੀ ਮਹੱਤਤਾ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਸੀ.ਐਚ.ਓ. ਡਾ. ਸੁੁਨੀਧੀ ਨੇ ਦੱਸਿਆ ਕਿ ਕਿਸ਼ੋਰ ਕੁੜੀਆਂ ਪ੍ਰੋਟੀਨ, ਵਿਟਾਮਿਨ ਅਤੇ ਆਇਰਨ ਭਰਪੂਰ ਖੁਰਾਕ ਲੈਣ। ਇਸ ਨਾਲ ਮਹਾਂਮਾਰੀ ਦੌਰਾਨ ਹੋਈ ਆਇਰਨ ਦੀ ਕਮੀ ਦੀ ਭਰਪਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਕਿਸ਼ੋਰਾਂ ਲਈ ਪੌਸ਼ਟਿਕ ਭਰਪੂਰ ਦੁੱਧ, ਤੇਲ, ਆਇਓਡੀਨ ਯੁਕਤ ਨਮਕ ਲਾਹੇਵੰਦ ਹੁੰਦਾ ਹੈ। ਹਫ਼ਤੇ ਵਿੱਚ ਇੱਕ ਵਾਰ ਆਇਰਨ ਦੀ ਗੋਲੀ ਅਤੇ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਛੇ ਮਹੀਨਿਆਂ ਪਿੱਛੋਂ ਅਲਬੈਂਡਾਜੋਲ ਦੀ ਇੱਕ ਗੋਲੀ ਵੀ ਕਿਸ਼ੋਰਾਂ ਲਈ ਜਰੂਰੀ ਹੈ।

NO COMMENTS

LEAVE A REPLY