ਜਲਦ ਅਗਲੇ ਪੜ੍ਹਾਹ ਦੀ ਹੋਵੇਗੀ ਸ਼ੁਰੂਆਤ : ਪ੍ਰਧਾਨ ਮੱਟੂ
ਅੰਮ੍ਰਿਤਸਰ 22 ਅਗਸਤ (ਰਾਜਿੰਦਰ ਧਾਨਿਕ) ਅੰਮ੍ਰਿਤਸਰ ਦੇ ਸਕੂਲ ਮੁੱਖੀਆਂ,ਸਮਾਜ ਸੇਵੀਂਆ ਅਤੇ ਪ੍ਰਮੁੱਖ ਸਖ਼ਸੀਅਤਾ ਨੂੰ ਇੱਕ ਮੰਚ ਤੇ ਖੜ੍ਹੇ ਕਰਕੇ ਸਮਾਜ ਸੇਵਾ ਦੇ ਖੇਤਰ ‘ਚ ਵਿਲੱਖਣ ਪਛਾਣ ਬਣਾ ਚੁੱਕੀ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ‘ਤੇ ਸਮਾਜ ਭਲਾਈ ਸੰਸਥਾ (ਰਜਿ.) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਨੇ ਅੱਜ ਬੀਤੇ ਵਰ੍ਹਿਆਂ ਦੀਆਂ ਪ੍ਰਾਪਤੀਆਂ ‘ਤੇ ਭਵਿੱਖ ‘ਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ‘ਤੇ ਰੌਸ਼ਨੀ ਪਾਉਂਦੀ ਇਕ ਵਿਸ਼ੇਸ਼ ਦਸਤਾਵੇਜ਼ੀ ਰਿਪੋਰਟ ਜ਼ਿਲਾ ਸਿੱਖਿਆ ਅਫਸਰ (ਸ) ਅੰਮ੍ਰਿਤਸਰ ਨੂੰ ਸੌਂਪੀ , ਜਿਸ ਨੂੰ ਡੀ.ਈ.ਓ. ਜੁਗਰਾਜ ਸਿੰਘ ਰੰਧਾਵਾ ਨੇ ਬੜੀ ਸੰਜੀਦਗੀ ਅਤੇ ਸੁਹਿਰਦਤਾ ਦੇ ਨਾਲ ਦੇਖਦਿਆ ਖੁਸ਼ੀ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਮੱਟੂ ਨੂੰ ਇੰਡੀਆ ਬੁੱਕ ਆਫ ਰਿਕਾਰਡ ਅਤੇ ਭਾਰਤ ਦੇ 100 ਟਾਪਰ ਭਾਰਤੀਆਂ ‘ਚ 51ਵਾਂ ਸਥਾਨ ਪ੍ਰਾਪਤ ਕਰਨ ‘ਤੇ ਵਧਾਈ ਦਿੰਦਿਆਂ ਪਿੱਠ ਥਾਪੜਾ ਅਤੇ ਅਗਾਂਹ ਇਸ ਬੁਰਾਈ ਦਾ ਡਟ ਕੇ ਸਾਹਮਣਾ ਕਰਨ ਦਾ ਹੌਸਲਾ ਵੀ ਦਿੱਤਾ । ਰਿਪੋਰਟ ‘ਚ ਪ੍ਰਧਾਨ ਮੱਟੂ ਨੇ ਭਰੂਣ ਹੱਤਿਆ ਖਿਲਾਫ “ਬੇਟੀ ਬਚਾਓ,ਬੇਟੀ ਪੜ੍ਹਾਓ” ਮੁਹਿੰਮ ਤਹਿਤ ਸਕੂਲ ਪੱਧਰ ‘ਤੇ ਜਾਗਰੂਕਤਾ ਪੈਦਾ ਕਰਨ ਲਈ ਸ਼ੁਰੂ ਕੀਤੀ ਹਸਤਾਖਰ ਮੁਹਿੰਮ ‘ਚ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ/ ਕਾਲਜਾਂ ਦੇ ਨੌਜਵਾਨ ਲੜਕੇ-ਲੜਕੀਆਂ ਵੱਲੋਂ ਕੀਤੇ ਗਏ ਇੱਕ ਲੱਖ ਚਾਰ ਹਜ਼ਾਰ ਹਸਤਾਖਰਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਨਾਲ ਨੌਜਵਾਨ ਪੀੜ੍ਹੀ ‘ਚ ਔਰਤਾਂ ਖਿਲਾਫ ਸਮਾਜ ‘ਚ ਫੈਲੀਆਂ ਕੁਰੀਤੀਆਂ ‘ਤੇ ਮੁਕੰਮਲ ਰੋਕ ਲਾਉਣ ਨਾਲ ਭਰੂਣ ਹੱਤਿਆ ਖਿਲਾਫ ਜਾਗਰੂਕਤਾ ਪੈਦਾ ਹੋਵੇਗੀ ਅਤੇ “ਬੇਟੀ ਬਚਾਓ,ਬੇਟੀ ਪੜ੍ਹਾਓ” ਮੁਹਿੰਮ ਨਾਲ ਬੇਟੀਆਂ ਨੂੰ ਪੜ੍ਹਾਉਣ ‘ਚ ਵੀ ਲਾਹਾ ਮਿਲੇਗਾ । ਅਖੀਰ ‘ਚ ਡੀ.ਈ.ਓ ਰੰਧਾਵਾ ਨੇ ਮੱਟੂ ਦੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਪੜ੍ਹਾਈ ਤੇ ਖੇਡਾਂ ‘ਚ ਉਤਸ਼ਾਹਿਤ ਕਰਨਾ ਇਕ ਵਧੀਆ ਉਪਰਾਲਾ ਹੈ । ਇਸ ਵਿਚ ਵਿੱਦਿਅਕ ਸੰਸਥਾਵਾਂ ਤੋਂ ਇਲਾਵਾ ਸਰਕਾਰੀ ਤੇ ਗੈਰ ਸਰਕਾਰੀ ਸਮਾਜ ਸੇਵੀ ਸੰਗਠਨ ਤੇ ਸਭਾ ਸੋਸਾਇਟੀਆਂ ਵੀ ਆਪਣਾ ਯੋਗਦਾਨ ਪਾਉਣ । ਆਖ਼ਿਰ ‘ਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕੇ ਸਾਲ 2013 ਤੋਂ ਚੱਲ ਰਹੀ ਹਸਤਾਖਰ ਮੁਹਿੰਮ “ਕਰੋਨਾ ਮਹਾਂਮਾਰੀ” ਕਰਕੇ ਰੁੱਕੀ ਪਈ ਸੀ, ਜਲਦ ਹੀ ਦੋਬਾਰਾ ਸ਼ੁਰੂਆਤ ਕੀਤੀ ਜਾਵੇਗੀ l ਇਸ ਮੌਂਕੇ ਡੀ.ਈ.ਓ. ਜੁਗਰਾਜ ਸਿੰਘ ਰੰਧਾਵਾ, ਪ੍ਰਧਾਨ ਗੁਰਿੰਦਰ ਸਿੰਘ ਮੱਟੂ,ਪ੍ਰਿੰਸੀਪਲ ਵਿਨੋਦ ਕਾਲੀਆ, ਪ੍ਰਿੰਸੀਪਲ ਪਰਮਿੰਦਰ ਸਿੰਘ,ਧਰਮਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਮੱਟੂ ਮੌਜੂਦ ਸੀ l