ਨੇਕੀ ਫਾਉਂਡੇਸ਼ਨ ਨੇ ਲਗਾਇਆ ਵਣ ਮੇਲਾ

0
29

 

50 ਤੋਂ ਵੱਧ ਕਿਸਮਾਂ ਦੇ 12000 ਛਾਂਦਾਰ, ਫੁੱਲਦਾਰ, ਫ਼ਲਦਾਰ, ਸਜਾਵਟੀ, ਦਵਾਈਆਂ ਵਾਲੇ ਅਤੇ ਰਵਾਇਤੀ ਪੌਦੇ ਗੋਦ ਦੇਕੇ ਵੰਡੇ ਗਏ

ਅੰਮ੍ਰਿਤਸਰ/ਬੁਢਲਾਡਾ (ਦਵਿੰਦਰ ਸਿੰਘ ਕੋਹਲੀ) -ਜ਼ਿਲ੍ਹਾ ਮਾਨਸਾ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਅਨਾਜ਼ ਮੰਡੀ ਬੁਢਲਾਡਾ ਵਿਖੇ ਜ਼ਿਲ੍ਹਾ ਪੱਧਰ ਦਾ ਵਣ ਮੇਲਾ ਲਗਾਇਆ ਗਿਆ ਜਿੱਥੇ ਵੱਖ ਵੱਖ 50 ਤੋਂ ਵੱਧ ਕਿਸਮਾਂ ਦੇ ਛਾਂਦਾਰ, ਫੁੱਲਦਾਰ, ਫ਼ਲਦਾਰ, ਸਜਾਵਟੀ, ਦਵਾਈਆਂ ਵਾਲੇ ਅਤੇ ਰਵਾਇਤੀ ਪੌਦੇ ਸ਼ਾਮਿਲ ਕੀਤੇ ਗਏ। ਇਸ ਮੇਲੇ ਵਿੱਚ 7000 ਤੋਂ ਵੱਧ ਲੋਕਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਲੋਕਾਂ ਨੂੰ ਹਰ ਪੌਦੇ ਵਾਰੇ ਪੂਰੀ ਜਾਣਕਾਰੀ ਦੇਣ ਦੇ ਨਾਲ ਨਾਲ, ਨੇਕੀ ਫਾਉਂਡੇਸ਼ਨ ਵੱਲੋਂ ਇਹ ਪੌਦੇ ਉਹਨਾਂ ਨੂੰ ਗੋਦ ਦੇਕੇ ਵੰਡੇ ਵੀ ਗਏ। ਇਸਤੋਂ ਇਲਾਵਾ ਵਣ ਵਿਭਾਗ ਮਾਨਸਾ, ਵਣ ਮੰਡਲ ਵਿਸਥਾਰ ਬਠਿੰਡਾ, ਬਾਗਬਾਨੀ ਵਿਭਾਗ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਮਗਨਰੇਗਾ ਵਿਭਾਗ ਵੱਲੋਂ ਵੱਖ ਵੱਖ ਸਰਕਾਰੀ ਸਕੀਮਾਂ ਰਾਹੀਂ ਜੰਗਲ, ਬਾਗ ਅਤੇ ਪੌਦੇ ਲਗਾਉਣ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਵੱਛ ਭਾਰਤ ਟੀਮ ਬੁਢਲਾਡਾ ਵੱਲੋਂ ਨਾ ਵਰਤਣ ਯੋਗ ਚੀਜਾਂ ਤੋਂ ਵੱਖ ਵੱਖ ਕੰਮ ਦੀਆਂ ਵਸਤਾਂ ਬਣਾ ਕੇ ਪ੍ਰਦਰਸ਼ਨੀ ਲਗਾਈ ਗਈ। ਇਸ ਮੇਲੇ ਉੱਤੇ ਵੱਖ ਵੱਖ ਨਿਜੀ ਅਦਾਰਿਆਂ ਵੱਲੋਂ ਪੌਦਿਆਂ ਅਤੇ ਬਾਗਬਾਨੀ ਨਾਲ ਸੰਬੰਧਿਤ ਸਮਾਨ ਅਤੇ ਮਸ਼ੀਨਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜੋ ਲੋਕਾਂ ਦੇ ਖਿੱਚ ਦਾ ਕੇਂਦਰ ਬਣਿਆ। ਅੰਮ੍ਰਿਤ ਕੋਟਦੁੱਨਾ ਵੱਲੋਂ ਨੈਚੁਰਲ ਖੇਤੀ ਦੀ ਪ੍ਰਦਰਸ਼ਨੀ ਲਗਾਕੇ ਕਿਸਾਨਾਂ ਨੂੰ ਵੱਖ ਵੱਖ ਤਰ੍ਹਾਂ ਦੇ ਬੀਜਾਂ, ਖਾਦਾਂ ਆਦਿ ਵਾਰੇ ਜਾਣਕਾਰੀ ਦਿੱਤੀ ਗਈ। ਰਾਊਂਡ ਗਲਾਸ ਫਾਉਂਡੇਸ਼ਨ ਦੇ ਸੁਖਜੀਤ ਸਿੰਘ ਰਿੰਕਾ ਦੀ ਟੀਮ ਦੇ ਸਹਿਯੋਗ ਨਾਲ 20 ਤੋਂ ਵੱਧ ਮਿੰਨੀ ਜੰਗਲਾਂ ਦੀ ਰਜਿਸਟਰੇਸ਼ਨ ਕੀਤੀ ਗਈ, ਜੋ ਕਿ ਇੱਕ ਮਹੀਨੇ ਦੌਰਾਨ ਲਗਾਏ ਜਾਣਗੇ। ਸਹਿਬਦੀਪ ਪਬਲੀਕੇਸ਼ਨ ਭੀਖੀ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ। ਫਾਉਂਡੇਸ਼ਨ ਵੱਲੋਂ ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਦੁਵਾਰਾ ਵਰਤੋਂ ਕਰਨ ਬਣਾਉਣ ਲਈ ਖ਼ਾਲੀ ਬੋਤਲਾਂ ਇਕੱਠੀਆਂ ਕੀਤੀਆਂ ਗਈਆਂ ਅਤੇ ਹਰ ਵਿਅਕਤੀ ਨੂੰ ਉਸ ਬਦਲੇ ਪੌਦੇ ਦਿੱਤੇ ਗਏ। ਸੰਸਥਾ ਨੇ ਦੱਸਿਆ ਕਿ ਇਹਨਾਂ ਬੋਤਲਾਂ ਤੋਂ ਹੋਣ ਵਾਲੀ ਕਮਾਈ ਨੇਕੀ ਨਰਸਰੀ ਉੱਤੇ ਖ਼ਰਚ ਕੀਤੀ ਜਾਵੇਗੀ, ਜਿੱਥੇ ਹਰ ਸਾਲ 12000 ਤੋਂ ਵੱਧ ਪੌਦੇ ਤਿਆਰ ਕੀਤੇ ਜਾ ਰਹੇ ਹਨ। ਇਸ ਮੇਲੇ ਵਿੱਚ ਬੱਚੇ , ਬਜ਼ੁਰਗ, ਔਰਤਾਂ-ਮਰਦ, ਨੌਜਵਾਨਾਂ, ਸਭ ਵੱਲੋਂ ਭਾਗ ਲਿਆ ਗਿਆ ਅਤੇ ਉਹਨਾਂ ਵਿੱਚ ਮੇਲੇ ਪ੍ਰਤੀ ਬੜੀ ਉਤਸੁਕਤਾ ਦੇਖਣ ਨੂੰ ਮਿਲੀ। ਜਿੱਥੇ ਚਾਰੇ ਪਾਸੇ ਸੰਸਥਾ ਦੇ ਇਸ ਕੰਮ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਸੀ, ਉੱਥੇ ਹੀ ਸੰਸਥਾ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਇਸ ਤਰ੍ਹਾਂ ਦਾ ਮੇਲਾ ਜ਼ਿਲ੍ਹੇ ਵਿੱਚ ਪਹਿਲੀ ਵਾਰ ਲਗਾਇਆ ਗਿਆ ਹੈ ਅਤੇ ਉਹਨਾਂ ਨੂੰ ਉਮੀਦ ਤੋਂ ਵੱਧ ਹੁੰਗਾਰਾ ਮਿਲਿਆ ਹੈ। ਜੀ ਓ ਜੀ ਟੀਮ ਤਹਿਸੀਲ ਬੁਢਲਾਡਾ ਵੱਲੋਂ ਸਾਬਕਾ ਸੂਬੇਦਾਰ ਮੱਖਣ ਸਿੰਘ ਅਤੇ ਸਾਬਕਾ ਸੂਬੇਦਾਰ ਕੇਵਲ ਸਿੰਘ ਕਲੀਪੁਰ ਦੀ ਅਗਵਾਹੀ ਵਿੱਚ ਅਤੇ ਵਾਤਾਵਰਨ ਸੰਭਾਲੋ ਮੰਚ ਬੁਢਲਾਡਾ ਵੱਲੋਂ ਇਸ ਮੇਲੇ ਵਿੱਚ ਬੜੇ ਹੀ ਸੁਚੱਜੇ ਅਤੇ ਅਨੁਸ਼ਾਸ਼ਨਿਕ ਢੰਗ ਨਾਲ ਡਿਊਟੀ ਨਿਭਾਈ ਅਤੇ ਪੌਦਿਆਂ ਦੀ ਵੰਡ ਵੇਲੇ ਇੱਕ ਇੱਕ ਵਿਅਕਤੀ ਦੀ ਰਜਿਸਟਰੇਸ਼ਨ ਕੀਤੀ। ਸੰਸਥਾ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਰਾਉਂਡ ਗਲਾਸ ਫਾਉਂਡੇਸ਼ਨ ਮੌਹਾਲੀ, ਵਣ ਵਿਭਾਗ ਮਾਨਸਾ, ਵਣ ਮੰਡਲ ਵਿਸਥਾਰ ਬਠਿੰਡਾ, ਬਾਗਬਾਨੀ ਵਿਭਾਗ, ਜ਼ਿਲ੍ਹਾ ਪ੍ਰਸ਼ਾਸ਼ਨ, ਯੁਵਕ ਸੇਵਾਵਾਂ ਵਿਭਾਗ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਸੰਸਥਾ ਅਗਲੇ ਸਾਲ ਨੇਕੀ ਨਰਸਰੀ ਵਿੱਚ ਹੋਰ ਪੌਦੇ ਤਿਆਰ ਕਰਕੇ ਇਸਤੋਂ ਵੀ ਵੱਡਾ ਮੇਲਾ ਲਗਾਉਣ ਜਾ ਰਹੀ ਹੈ। ਇਸ ਮੌਕੇ ਵਣ ਮੰਡਲ ਵਿਸਥਾਰ ਬਠਿੰਡਾ ਤੋਂ ਡੀ ਐਫ ਓ ਦਲਜੀਤ ਸਿੰਘ ਅਤੇ ਯੁਵਕ ਸੇਵਾਵਾਂ ਤੋਂ ਸਹਾਇਕ ਡਰੈਕਟਰ ਰਘਵੀਰ ਮਾਨ ਉਚੇਚੇ ਤੌਰ ਉੱਤੇ ਪਹੁੰਚੇ। ਉਹਨਾਂ ਭਵਿੱਖ ਵਿੱਚ ਸੰਸਥਾ ਨਾਲ ਮਿਲਕੇ ਹੋਰ ਕੰਮ ਕਰਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ। ਅਖ਼ੀਰ ਸੰਸਥਾ ਵੱਲੋਂ ਉੱਥੇ ਪਹੁੰਚੇ ਸਾਰੇ ਲੋਕਾਂ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ ਗਿਆ।

NO COMMENTS

LEAVE A REPLY