- ਦੇਸ਼ ਭਰ’ਚੋ ਪਹੁੰਚ ਰਹੇ ਹਨ ਹਸਤਕਲਾ ਦੇ ਕਾਰੀਗਰ
ਅੰਮ੍ਰਿਤਸਰ 24 ਜੂਨ (ਰਾਜਿੰਦਰ ਧਾਨਿਕ) : ਪਾਇਟੈਕਸ ਮੈਦਾਨ ਰਣਜੀਤ ਐਵੀਨਿਊ ਅੰਮ੍ਰਿਤਸਰ ਵਿੱਚ 30 ਜੂਨ ਤੋਂ 10 ਜੁਲਾਈ ਤੱਕ ਕਰਾਫਟ ਬਾਜ਼ਾਰ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਤੋਂ ਵੱਖ-ਵੱਖ ਹਸਤਕਲਾ ਨਾਲ ਸਬੰਧਤ ਕਾਰੀਗਰ ਆਪਣੇ ਸਾਮਾਨ ਦੀ ਪ੍ਰਦਰਸ਼ਨੀ ਲਗਾਉਣਗੇ। ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਟੈਕਸਟਾਇਲ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਹ ਕਰਾਫ਼ਟ ਬਾਜ਼ਾਰ ਜੋ ਕਿ ਦੇਸ਼ ਦੇ ਵੱਖ-ਵੱਖ ਕਿੱਤਿਆਂ ਵਿੱਚ ਪ੍ਰਚਲਿਤ ਹਸਤਕਲਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਕਰਾਫ਼ਟ ਬਾਜ਼ਾਰ ਵਿੱਚ ਲੱਕੜੀ, ਕਪੜਾ, ਲੋਹਾ, ਪੱਥਰ, ਬਾਂਸ, ਜੂਟ, ਧਾਗਾ, ਕੱਚ ਆਦਿ ਦੀ ਵਰਤੋਂ ਨਾਲ ਕਾਰੀਗਰਾਂ ਦੁਆਰਾ ਹੱਥਾਂ ਨਾਲ ਤਿਆਰ ਕੀਤੇ ਗਏ ਬਹੁਮੁੱਲੇ ਸਾਮਾਨ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਲੋਕ ਇਸ ਦੀ ਖਰੀਦਦਾਰੀ ਵੀ ਕਰ ਸਕਣਗੇ। ਇਸ ਮੌਕੇ ਕਰਾਫ਼ਟ ਬਾਜ਼ਾਰ ਦੀਆਂ ਤਿਆਰੀਆਂ ਵਿੱਚ ਰੁੱਝੇ ਐਸ.ਡੀ.ਐਮ. ਅੰਮ੍ਰਿਤਸਰ-1 ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਰਾਫ਼ਟ ਬਾਜ਼ਾਰ ਲਈ ਦੇਸ਼ ਭਰ ਵਿਚੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਹੁਣ ਤੱਕ 100 ਦੇ ਕਰੀਬ ਸਟਾਲ ਕਾਰੀਗਾਰਾਂ ਵਲੋਂ ਲਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਕਰਾਫ਼ਟ ਬਾਜ਼ਾਰ ਵਿੱਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਪਾਰਕਿੰਗ, ਪੀਣ ਵਾਲੇ ਪਾਣੀ, ਖਾਣ ਪੀਣ ਦੇ ਸਟਾਲ, ਅਤੇ ਬੱਚਿਆਂ ਲਈ ਝੂਲਿਆਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਰੈੱਡ ਕਰਾਸ ਵਲੋਂ ਇਸਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੁਮ-ਹਮਾ ਕੇ ਇਸ ਬਾਜਾਰ ਵਿਚ ਪਹੁੰਚਣ ਅਤੇ ਆਪਣੀ ਇੱਛਾ ਅਤੇ ਸ਼ੌਂਕ ਮੁਤਾਬਿਕ ਉਤਪਾਦਾਂ ਦੀ ਖਰੀਦਦਾਰੀ ਕਰਨ।
ਇਸ ਮੌਕੇ ਪੰਜਾਬ ਸਟੇਟ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ ਜੋ ਕਿ ਪੰਜਾਬ ਸਰਕਾਰ ਦੀ ਤਰਫੋਂ ਕਰਾਫ਼ਟ ਬਾਜਾਰ ਦੇ ਪ੍ਰਬੰਧ ਦੇਖ ਰਹੀ ਹੈ ਦੇ ਸਲਾਹਕਾਰ ਸ੍ਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਬਾਜਾਰ ਵਿੱਚ ਭਾਰਤ ਭਰ ਵਿੱਚ ਪ੍ਰਚਚਿਤ ਹਰੇਕ ਹਸਤਕਲਾ ਦੇ ਸਟਾਲ ਮੌਜੂਦ ਹੋਣਗੇ ਅਤੇ ਲੋਕਾਂ ਨੂੰ ਇਕ ਹੀ ਥਾਂ ਤੋਂ ਉਨਾਂ ਦੀ ਰੁਚੀ ਅਨੁਸਾਰ ਸਾਜੋ ਸਾਮਾਨ ਮਿਲੇਗਾ। ਕਰਾਫ਼ਟ ਬਾਜ਼ਾਰ ਦੀ ਤਿਆਰੀ ਲਈ ਕੀਤੀ ਗਈ ਮੀਟਿੰਗ ਵਿੱਚ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਅਸੀਸਇੰਦਰ ਸਿੰਘ, ਸੈਕਟਰੀ ਰੈੱਡ ਕਰਾਸ ਸ੍ਰੀ ਤਜਿੰਦਰ ਰਾਜਾ ਅਤੇ ਹੋਰ ਵੀ ਹਾਜ਼ਰ ਸਨ।
===—-