ਜਾਇੰਟ ਕਮਿਸ਼ਨਰ ਦੇ ਆਦੇਸ਼ਾਂ ਤੋਂ ਬਾਅਦ ਬੁਲਾਈ ਗਈ ਸੀ ਬੈਠਕ
_____________
ਵਰਕਸ਼ਾਪ ਦੀਆਂ ਮੁਸ਼ਕਲਾਂ ਨਹੀਂ ਹੋ ਰਹੀਆਂ ਟੱਸ ਤੋਂ ਮੱਸ
_________
ਚੇਅਰਮੈਨ ਵੱਲੋਂ ਰਿਕਾਰਡ ਮੰਨਣ ਤੇ ਸੈਕਟਰੀ ਨੇ ਕੀਤਾ ਇਨਕਾਰ
____________
ਕਮਿਸ਼ਨਰ ਨੂੰ ਹੀ ਦੇਵਾਂਗਾ ਰਿਕਾਰਡ ਦੀ ਰਿਪੋਰਟ-ਸੈਕਟਰੀ
___________
ਅੰਮ੍ਰਿਤਸਰ,26 ਮਈ (ਅਰਵਿੰਦਰ ਵੜੈਚ)- ਹਾਥੀ ਗੇਟ ਸਥਿਤ ਨਗਰ ਨਿਗਮ ਦੇ ਆਟੋ ਵਰਕਸ਼ਾਪ ਦੀਆਂ ਕਮੀਆਂ ਪੇਸ਼ੀਆਂ ਨੂੰ ਲੈ ਕੇ ਵਿਚਾਰ ਵਟਾਂਦਰੇ ਸੰਬੰਧੀ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਦੇ ਲਿਖਤੀ ਆਦੇਸ਼ ਤੋਂ ਬਾਅਦ ਬੈਠਕ ਬੁਲਾਈ ਗਈ। ਆਟੋ ਵਰਕਸ਼ਾਪ ਵਿੱਚ ਆਯੋਜਿਤ ਬੈਠਕ ਦੇ ਦੌਰਾਨ ਨਗਰ ਨਿਗਮ ਵਾਟਰ ਅਤੇ ਸੀਵਰੇਜ ਸਮੇਤ ਆਟੋ ਵਰਕਸ਼ਾਪ ਸਬ ਕਮੇਟੀ ਦੇ ਚੇਅਰਮੈਨ ਮੁਹੇਸ਼ ਖੰਨਾ ਵੱਲੋਂ ਮਸ਼ੀਨਰੀ ਦੀ ਰਿਪੇਅਰ ਦਾ ਰਿਕਾਰਡ ਮੰਗਣ ਤੇ ਸੈਕਟਰੀ ਸੁਸ਼ਾਂਤ ਭਾਟੀਆ ਵੱਲੋਂ ਉਨ੍ਹਾਂ ਨੂੰ ਰਿਕਾਰਡ ਦੇਣ ਤੋਂ ਨਾ ਕਰਦਿਆਂ ਰਿਕਾਰਡ ਦੀ ਰਿਪੋਰਟ ਸੰਯੁਕਤ ਕਮਿਸ਼ਨਰ ਨੂੰ ਹੀ ਦੇਣ ਲਈ ਕਹਿ ਦਿੱਤਾ ਗਿਆ। ਜਿਸ ਨਾਲ ਉਨ੍ਹਾਂ ਵਿੱਚ ਕੁਝ ਸਮੇਂ ਲਈ ਗਰਮਾ-ਗਰਮੀ ਦਾ ਮਾਹੌਲ ਵੀ ਬਣ ਗਿਆ। ਯਾਦ ਰਹੇ ਕਿ ਨਿਗਮ ਮੁਲਾਜ਼ਮਾਂ ਦੀਆਂ ਕਾਫੀ ਮੁਸ਼ਕਿਲਾਂ ਦੇ ਚਲਦਿਆਂ ਚਰਚਾ ਵਿੱਚ ਰਹਿੰਦੀ ਹੈ। ਜਿਸ ਤਹਿਤ ਕਈ ਵਾਰੀ ਨਿਗਮ ਦੇ ਵਾਹਨਾਂ ਨੂੰ ਸਮੇਂ ਸਿਰ ਤੇਲ ਨਾ ਮਿਲਣ ਕਰਕੇ ਉਨ੍ਹਾਂ ਨੂੰ ਨਿਜੀ ਤੌਰ ਤੇ ਮਹਿੰਗਾ ਤੇਲ ਪਵਾਉਣਾ ਪੈ ਜਾਂਦਾ ਹੈ। ਕਈ ਡਰਾਈਵਰਾਂ ਦੀ ਮੰਨੀਏ ਤਾਂ ਵਰਕਸ਼ਾਪ ਦੇ ਵਿਚ ਵਾਹਨਾਂ ਦੀ ਰਿਪੇਅਰ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਉਨ੍ਹਾਂ ਨੂੰ ਆਪਣੀਆ ਜੇਬਾਂ ਵਿਚੋਂ ਪੈਸੇ ਖਰਚ ਕਰਕੇ ਵਾਹਨਾਂ ਦੀ ਛੋਟੀ ਮੋਟੀ ਰਿਪੇਅਰ ਅਤੇ ਟਿਉਬਾਂ ਨੂੰ ਪੈਂਚਰ ਖੁੱਦ ਲਗਾਉਣੇ ਪੈਂਦੇ ਹਨ। ਵਰਕਸ਼ਾਪ ਦੇ ਠੇਕੇਦਾਰ ਪਹਿਲਾਂ ਨਾਲੋਂ ਵੀ ਵੱਧਾ ਦਿੱਤੇ ਗਏ ਹਨ ਪਰ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ ਹੈ। ਉਧਰ ਦੇਖਿਆ ਜਾਵੇ ਤਾਂ ਵਰਕਸ਼ਾਪ ਇੰਚਾਰਜ ਦੀ ਸੀਟ ਟੈਕਨੀਕਲ ਅਤੇ ਮੈਡੀਕਲ ਨਾਲ ਸਬੰਧਤ ਹੈ। ਫਾਇਰ ਬ੍ਰਗੇਡ ਅਤੇ ਫੋਗਿੰਗ ਮਸ਼ੀਨ ਵਾਲੇ ਵਾਹਨਾਂ ਨੂੰ ਸਮੇਂ ਸਿਰ ਤੇਲ ਨਾ ਮਿਲਣਾ ਚਿੰਤਾ ਦਾ ਵਿਸ਼ਾ ਵੀ ਹੈ। ਉਧਰ ਜਾਣਕਾਰੀ ਦੇ ਮੁਤਾਬਕ ਅਧਿਕਾਰੀਆਂ ਦੇ ਆਦੇਸ਼ਾਂ ਤੋਂ ਬਾਅਦ ਤੈਨਾਤ ਜੇ.ਈ ਕੁਲਵਿੰਦਰ ਸਿੰਘ ਦੇ ਕੋਲ ਰਿਕਾਰਡ ਰਜਿਸਟਰ ਹੋਣਾ ਬਣਦਾ ਹੈ,ਜੋ ਕਿ ਉਨ੍ਹਾਂ ਕੋਲ ਨਹੀਂ ਸੀ। ਰਜਿਸਟਰ ਉਨ੍ਹਾਂ ਕੋਲੋਂ ਲੈ ਕੇ ਕਰਮਚਾਰੀ ਦਵਿੰਦਰ ਭੱਟੀ ਨੂੰ ਦੇ ਦਿੱਤਾ ਗਿਆ ਸੀ।
ਹਾਊਸ ਵਿੱਚ ਬਣਾਈ ਸਬ ਕਮੇਟੀ ਦਾ ਚੇਅਰਮੈਨ ਹਾਂ-ਮਹੇਸ਼ ਖੰਨਾ
________
ਸਬ ਕਮੇਟੀ ਦੇ ਚੇਅਰਮੈਨ ਮਹੇਸ਼ ਖੰਨਾ ਨੇ ਕਿਹਾ ਕਿ ਨਗਰ ਨਿਗਮ ਹਾਊਸ ਦੀ ਸਹਿਮਤੀ ਦੇ ਨਾਲ ਵੱਖ ਵੱਖ ਬਣਾਇਆ ਸਬ ਕਮੇਟੀਆਂ ਵਿਚੋਂ ਵਰਕਸ਼ਾਪ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਜਿਸ ਦੇ ਤਹਿਤ ਆਟੋ ਵਰਕਸ਼ਾਪ ਦੀ ਬੈਠਕ ਦੇ ਦੌਰਾਨ ਸੈਕਟਰੀ ਸੁਸ਼ਾਂਤ ਭਾਟੀਆ ਵੱਲੋਂ ਸੰਤੁਸ਼ਟ ਜਵਾਬ ਨਹੀਂ ਦਿੱਤਾ ਗਿਆ। ਵਰਕਸ਼ਾਪ ਦੀਆਂ ਮੁਸ਼ਕਲਾਂ ਅਤੇ ਖ਼ਾਮੀਆਂ ਨੂੰ ਲੈ ਕੇ ਉਹ ਲੋਕਲ ਬਾਡੀ ਮੰਤਰੀ ਪੰਜਾਬ, ਵਿਭਾਗ ਦੇ ਪ੍ਰਿੰਸੀਪਲ ਸੈਕਟਰੀ, ਮੇਅਰ ਅਤੇ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਵੀ ਕਰਨਗੇ। ਖੰਨਾ ਨੇ ਕਿਹਾ ਕਿ ਵਰਕਸ਼ਾਪ ਦੇ ਦੌਰੇ ਅਤੇ ਬੈਠਕ ਦੇ ਦੌਰਾਨ ਖਾਮੀਆਂ ਵਿਚਾਰ ਵਟਾਂਦਰੇ ਦੌਰਾਨ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਮੇਅਰ ਨੇ ਕੀਤੀਆਂ ਸੀ ਕਮੇਟੀਆਂ ਭੰਗ
______
ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਜਾਣ ਵਾਲੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਨਗਰ ਨਿਗਮ ਹਾਊਸ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਬਣਾਈਆਂ ਗਈਆਂ ਸਬ ਕਮੇਟੀਆਂ ਨੂੰ ਭੰਗ ਕਰ ਦਿੱਤਾ ਗਿਆ ਹੈ। ਪਰ ਚੇਅਰਮੈਂਨ ਮਹੇਸ਼ ਖੰਨਾ ਵੱਲੋਂ ਅਦਾਲਤ ਵਿੱਚ ਸਬ-ਕਮੇਟੀਆਂ ਭੰਗ ਕੀਤੇ ਜਾਣ ਦੇ ਖਿਲਾਫ਼ ਸਟੇ ਲਿਆ ਹੋਇਆ ਹੈ। ਜਿਸ ਦੇ ਚਲਦਿਆਂ ਸੰਯੁਕਤ ਕਮਿਸ਼ਨਰ ਦੇ ਲਿਖਤੀ ਆਦੇਸ਼ਾਂ ਤੋਂ ਬਾਅਦ ਵਰਕਸ਼ਾਪ ਵਿਖੇ ਪਹੁੰਚੇ ਸਨ।
ਮੁਸ਼ਕਲਾਂ ਦੇ ਬਾਵਜੂਦ ਵੀ ਮੁਲਾਜ਼ਮ ਕੰਮ ਕਰਨ ਲਈ ਵਚਨਬੱਧ-ਆਸ਼ੂ ਨਾਹਰ
________
ਮਿਊਂਸੀਪਲ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਨੇ ਕਿਹਾ ਕਿ ਵਰਕਸ਼ਾਪ ਸਥਿਤ ਬੈਠਕ ਦੇ ਦੌਰਾਨ ਚੇਅਰਮੈਨ ਮਹੇਸ਼ ਖੰਨਾ ਨੂੰ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਕਈ ਮੁਸ਼ਕਲਾਂ ਹੋਣ ਦੇ ਬਾਵਜੂਦ ਵੀ ਕਰਮਚਾਰੀ ਗੁਰੂ ਨਗਰੀ ਨੂੰ ਖੂਬਸੂਰਤ ਬਣਾਉਣ ਲਈ ਵਚਨਬੱਧ ਹਨ। ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ, ਜਾਇੰਟ ਕਮਿਸ਼ਨਰ ਹਰਦੀਪ ਸਿੰਘ ਕਰਮਚਾਰੀਆਂ ਲਈ ਮੁੱਖ ਹਨ ਉਨ੍ਹਾਂ ਦੇ ਆਦੇਸ਼ਾਂ ਮੁਤਾਬਿਕ ਕਰਮਚਾਰੀ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਕੋਈ ਵੀ ਕਸਰ ਨਹੀਂ ਛੱਡਣਗੇ।
ਮਹੇਸ਼ ਖੰਨਾ ਵੱਡੇ ਭਰਾ ਦੀ ਤਰਾਂ ਹਨ-ਸੁਸ਼ਾਂਤ ਭਾਟੀਆ
ਸੈਕਟਰੀ ਸੁਸ਼ਾਂਤ ਭਾਟੀਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੀ ਉਹਨਾਂ ਦੀ ਚੇਅਰਮੈਨ ਮਹੇਸ਼ ਖੰਨਾ ਨਾਲ ਕੋਈ ਤਲ਼ਖ ਬਾਜ਼ੀ ਨਹੀਂ ਹੋਈ ਹੈ। ਉਹ ਉਨ੍ਹਾਂ ਲਈ ਵੱਡੇ ਭਰਾ ਦੀ ਤਰ੍ਹਾਂ ਹਨ। ਵਰਕਸ਼ਾਪਸ ਬੈਠਕ ਦੇ ਲਈ ਜਾਇੰਟ ਕਮਿਸ਼ਨਰ ਵੱਲੋਂ ਹੀ ਸੂਚਨਾ ਮਿਲੀ ਸੀ ਜਿਸ ਤੇ ਚਲਦਿਆਂ ਵਰਕਸ਼ਾਪ ਦੀ ਰਿਪੋਰਟ ਜਾਇੰਟ ਕਮਿਸ਼ਨਰ ਨੂੰ ਹੀ ਦੇਣੀ ਬਣਦੀ ਹੈ। ਉੱਚ ਅਧਿਕਾਰੀਆਂ ਦੇ ਨਾਲ ਬੈਠਕ ਕਰਕੇ ਵਰਕਸ਼ਾਪ ਦੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾਵੇਗਾ।