ਪੰਜਾਬ ਸਰਕਾਰ ਵੱਲੋਂ 15 ਦਿਨਾਂ ‘ਚ 3500 ਕਰੋੜ ਰੁਪਏ ਦਾ ਕਰਜ਼ਾ ਲੈਣ ‘ਤੇ ਅਸ਼ਵਨੀ ਸ਼ਰਮਾ ਨੇ ਖੜ੍ਹੇ ਕੀਤੇ ਸਵਾਲ
ਅੰਮ੍ਰਿਤਸਰ / ਚੰਡੀਗੜ੍ਹ, 31 ਮਾਰਚ ( ਪਵਿੱਤਰ ਜੋਤ ) : ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਸਰਕਾਰ ਬਣੀ ਨੂੰ ਅਜੇ 15 ਦਿਨ ਹੀ ਹੋਏ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ 30 ਮਾਰਚ ਤੱਕ ਬਾਜ਼ਾਰ ‘ਚੋ ਹੁਣ ਤੱਕ 3500 ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਹੈ। ਸ਼ਰਮਾ ਨੇ ਕਿਹਾ ਕਿ ਕੀ ਇਹ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਦਿੱਲੀ ਮਾਡਲ ਹੈ? ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਆਰਥਿਕ ਹਾਲਤ ਇੰਨੀ ਤਰਸਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿ ਕਰੇ? ਜਦੋਂ ਭਗਵੰਤ ਮਾਨ ਵਿਰੋਧੀ ਧਿਰ ਵਿੱਚ ਸਨ ਤਾਂ ਉਹ ਅਕਸਰ ਕਿਹਾ ਕਰਦੇ ਸਨ ਕਿ ਖਜ਼ਾਨਾ ਖਾਲੀ ਨਹੀਂ ਹੁੰਦਾ, ਸਿਰਫ ਪੀਪਾ ਖਾਲੀ ਹੁੰਦਾ ਹੈ। ਸ਼ਰਮਾ ਨੇ ਸਵਾਲ ਕੀਤਾ ਕਿ ਭਗਵੰਤ ਮਾਨ ਹੁਣ ਖਾਲੀ ਖ਼ਜ਼ਾਨੇ ਨੂੰ ਭਰਨ ਦੀ ਬਜਾਏ ਮੰਡੀ ਤੋਂ ਕਰਜ਼ਾ ਕਿਉਂ ਲੈ ਰਹੇ ਹਨ?
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਇਸ ਸਮੇਂ 3 ਲੱਖ ਕਰੋੜ ਰੁਪਏ ਦਾ ਕਰਜ਼ਾਈ ਹੈ। ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਖਰਚੇ ਪੂਰੇ ਕਰਨ ਲਈ ਹੁਣ ਤੱਕ 3500 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਮੌਜੂਦਾ ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ 16 ਮਾਰਚ ਨੂੰ ਬਾਜ਼ਾਰ ‘ਚੋ 1500 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਉਸ ਤੋਂ ਬਾਅਦ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਭਗਵੰਤ ਮਾਨ ਸਰਕਾਰ ਨੇ 1000 ਕਰੋੜ ਰੁਪਏ ਦਾ ਕਰਜ਼ਾ 7.19 ਫੀਸਦੀ ਵਿਆਜ ਦਰ ‘ਤੇ 20 ਸਾਲਾਂ ਲਈ ਲਿਆ ਹੈ। ਉਸੇ ਦਿਨ, 1000 ਕਰੋੜ ਰੁਪਏ ਦਾ ਹੋਰ ਕਰਜ਼ਾ 7.41 ਪ੍ਰਤੀਸ਼ਤ ਦੀ ਵੱਖਰੀ ਵਿਆਜ ਦਰ ‘ਤੇ ਉਸੇ 20 ਸਾਲਾਂ ਲਈ ਲਿਆ ਹੈ। ਸਰਕਾਰ ਨੇ ਇਹ ਕਰਜ਼ਾ 2042 ਤੱਕ ਵਾਪਸ ਮੋੜਨਾ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਅਤੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਮੁਫ਼ਤ ਦੇ ਕਈ ਵੱਡੇ-ਵੱਡੇ ਵਾਅਦੇ ਕੀਤੇ ਸਨ। ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਸਰਕਾਰ ਨੂੰ ਚਲਾਉਣ ਲਈ ਕਰਜ਼ਾ ਲੈਣ ਦੀ ਬਜਾਏ ਦਿੱਲੀ ਮਾਡਲ ਨੂੰ ਲਾਗੂ ਕਿਉਂ ਨਹੀਂ ਕਰਦੇ? ਜਿਸ ਨੂੰ ਕੇਜਰੀਵਾਲ ਅਤੇ ਭਗਵੰਤ ਮਾਨ ਵਾਰ ਵਾਰ ਪੰਜਾਬ ਵਿੱਚ ਲਾਗੂ ਕਰਨ ਦੀ ਗੱਲ ਕਰਦੇ ਸਨ! ਜਿਸ ਰਫ਼ਤਾਰ ਨਾਲ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਰਜ਼ਾ ਚੁੱਕ ਰਹੀ ਹੈ, ਉਸ ਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ ਵਿਚ ਪੰਜਾਬ ਲਈ ਬਹੁਤ ਵੱਡੀਆਂ ਮੁਸ਼ਕਿਲਾਂ ਖੜੀਆਂ ਹੋਣ ਵਾਲਿਆਂ ਹਨ।
ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਪਿਛਲੀ ਪੰਜਾਬ ਸਰਕਾਰ ਨੇ ਫਰਵਰੀ 2022 ਤੱਕ ਪਹਿਲੇ ਕਰਜ਼ੇ ‘ਤੇ 12,722 ਕਰੋੜ ਰੁਪਏ ਦਾ ਵਿਆਜ ਦਿੱਤਾ ਸੀ। ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿਸ ਤਰ੍ਹਾਂ ਬਾਜ਼ਾਰ ‘ਚੋ ਕਰਜ਼ਾ ਲੈ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਜਲਦੀ ਹੀ ਪੰਜਾਬ ਦੀਵਾਲੀਏਪਣ ਦੀ ਕਗਾਰ ‘ਤੇ ਪੁੱਜ ਜਾਵੇਗਾ।