ਰਾਜ ਸਭਾ ’ਚ ਪੰਜਾਬ ਤੋਂ ਬਾਹਰਲੇ ਅਤੇ ਧਨਾਢਾਂ ਨੇ ਭੇਜ ਕੇ ਕੇਜਰੀਵਾਲ ਨੇ ਸ਼ੁਰੂ ਕੀਤਾ ਪੰਜਾਬ ਨਾਲ ਧ੍ਰੋਹ ਕਮਾਉਣ ਦਾ ਸਿਲਸਿਲਾ
ਅਸਹਿ ਨਿਕਲਿਆ ਪਹਿਲਾ ਝਟਕਾ, ਟਰੇਲਰ ਇਹੋ ਜਿਹੀ ਭਿਆਨਕ ਹੈ ਤਾਂ ਫ਼ਿਲਮ ਕਿਹੋ ਜਿਹੀ ਹੋਵੇਗੀ?
ਅੰਮ੍ਰਿਤਸਰ 21 ਮਾਰਚ ( ਪਵਿੱਤਰ ਜੋਤ): ਪੰਜਾਬ ਤੋਂ ਰਾਜ ਸਭਾ ਚੋਣਾਂ ਲਈ ਗੈਰ ਸਿੱਖਾਂ ਅਤੇ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਉਮੀਦਵਾਰ ਵਜੋਂ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਨਾਮਜ਼ਦਗੀ ’ਤੇ ਸਖ਼ਤ ਟਿੱਪਣੀ ਕਰਦਿਆਂ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ’ਆਪ’ ਦੇ ਹੱਕ ’ਚ ਵੱਡਾ ਫ਼ਤਵਾ ਦੇਣ ਵਾਲੇ ਪੰਜਾਬ ਦੇ ਲੋਕਾਂ ਦੀਆਂ ਜਜ਼ਬਾਤਾਂ ਨਾਲ ਨਾ ਕੇਵਲ ਖੇਡ ਰਿਹਾ ਸਗੋਂ ਉਨ੍ਹਾਂ ਦੇ ਪਿੱਠ ’ਚ ਛੁਰਾ ਮਾਰਦਿਆਂ ਵੱਡਾ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿੱਖ ਚਿਹਰਿਆਂ ਨੂੰ ਅੱਗੇ ਲਿਆਉਣ ਪ੍ਰਤੀ ਗੰਭੀਰ ਯਤਨਸ਼ੀਲ ਹੈ ਉੱਥੇ ਕੇਜਰੀਵਾਲ ਅਹਿਮ ਸੰਵਿਧਾਨਕ ਸੰਸਥਾਵਾਂ ਤੋਂ ਸਿੱਖਾਂ ਅਤੇ ਦਸਤਾਰਾਂ ਨੂੰ ਗ਼ਾਇਬ ਕਰਨ ’ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 58 ਫ਼ੀਸਦੀ ਸਿੱਖ ਅਬਾਦੀ ਹੈ, ’ਆਪ’ ਬਹੁਗਿਣਤੀ ਸਿੱਖਾਂ ਦੀਆਂ ਵੋਟਾਂ ਲੈ ਕੇ ਵੀ ਇਕ ਵੀ ਸਿੱਖ ਨੂੰ ਰਾਜ ਸਭਾ ਵਿਚ ਨਾ ਭੇਜ ਕੇ ਸਿੱਖ ਵਿਰੋਧੀ ਹੋਣ ਦਾ ਇਕ ਵਾਰ ਫਿਰ ਸਬੂਤ ਦੇ ਦਿੱਤਾ ਹੈ। ਪੰਜਾਬ ਦੀ ਕਾਬਲੀਅਤ ਨੂੰ ਨਕਾਰਦਿਆਂ ਰਾਜ ਸਭਾ ਵਿਚ ਦਿਲੀ, ਬਿਹਾਰ ਤੇ ਗੁਜਰਾਤ ਦੇ ਲੋਕਾਂ ਨੂੰ ਭੇਜਿਆ ਦੀ ਤਿਆਰੀ ਪੰਜਾਬ ਨਾਲ ਬੇਇਨਸਾਫ਼ੀ ਹੈ। ਕੇਜਰੀਵਾਲ ਦੀ ਨੀਅਤ ਨੇ ਪੰਜਾਬੀਆਂ ਨੂੰ ਪੂਰੀ ਤਰਾਂ ਨਿਰਾਸ਼ ਕੀਤਾ ਹੈ। ਕੇਜਰੀਵਾਲ ਦਾ ਪਹਿਲਾ ਝਟਕਾ ਹੀ ਅਸਹਿ ਨਿਕਲਿਆ। ਟਰੇਲਰ ਦੇਖ ਫ਼ਿਲਮ ਕਿਹੋ ਜਿਹੀ ਹੋਵੇਗੀ ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ, ਇਸ ਲਈ ਪੰਜਾਬ ਦੇ ਲੋਕ ਅੱਜ ਆਪਣੇ ਆਪ ਨੂੰ ਠਗਿਆ ਗਿਆ ਮਹਿਸੂਸ ਕਰ ਰਹੇ ਹਨ। ਲੋਕ ਇਹ ਵੀ ਮਹਿਸੂਸ ਕਰ ਰਹੇ ਹਨ ਕਿ ਪੰਜਾਬ ਤੇ ਪੰਜਾਬੀਅਤ ’ਆਪ’ ਜਾਂ ਕੇਜਰੀਵਾਲ ਦੇ ਹੱਥਾਂ ’ਚ ਸੁਰੱਖਿਅਤ ਨਹੀਂ ਰਹਿ ਸਕਦਾ। ’ਆਪ’ ਦੇ ਫ਼ੈਸਲੇ ਕਾਰਨ ਪੰਜਾਬ ਦੇ ਇਤਿਹਾਸ ’ਚ ਅੱਜ ਦਾ ਦਿਨ ਪੰਜਾਬ ਲਈ ਕਾਲਾ ਦਿਨ ਸਾਬਤ ਹੋਇਆ ਹੈ। ਉਨ੍ਹਾਂ ਇਸ ਗਲ ਦੀ ਵੀ ਅਲੋਚਨਾ ਕੀਤੀ ਕਿ ਵੋਟਾਂ ਆਮ ਲੋਕਾਂ ਤੋਂ ਲਈਆਂ ਗਈਆਂ ਪਰ ਰਾਜ ਸਭਾ ਵਿਚ ਧਨਾਢ ਤੇ ਬਾਹਰਲੇ ਲੋਕਾਂ ਨੂੰ ਭੇਜਿਆ ਜਾ ਰਿਹਾ ਹੈ। ਪੰਜਾਬ ਤੋਂ ਬਾਹਰਲੇ ਲੋਕ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਤੇ ਮਸਲਿਆਂ ਨਾਲ ਕਿਵੇਂ ਇਨਸਾਫ਼ ਕਰ ਸਕਣਗੇ। ਜਿਨ੍ਹਾਂ ’ਚੋਂ ਬਹੁਤਿਆਂ ਨੂੰ ਤਾਂ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ, ਨਾ ਪੰਜਾਬੀ ਕਦਰਾਂ ਕੀਮਤਾਂ ਦਾ ਹੀ ਉਨ੍ਹਾਂ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਬਦ ਨੀਅਤ ਇੰਜ ਹੀ ਰਹੀ ਤਾਂ ਰਾਜ ਸਭਾ ਵਿਚ ਪੰਜਾਬ ਦਿਸਣਾ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਕੇਜਰੀਵਾਲ ਦੇ ਕਬਜ਼ੇ ਵਿਚ ਹੈ, ਅੱਜ ਦਾ ਪੰਜਾਬ ਵਿਰੋਧੀ ਵਰਤਾਰਾ ਸਾਫ਼ ਦਸ ਰਿਹਾ ਹੈ ਕਿ ਮੁੱਖ ਮੰਤਰੀ ਸ: ਮਾਨ ਕੇਵਲ ਮਖੌਟਾ ਬਣ ਕੇ ਰਹਿ ਗਿਆ ਹੈ। ਵਿਧਾਇਕਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਚੁਨੌਤੀ ਦਿੰਦਿਆਂ ਕੇਜਰੀਵਾਲ ਪੰਜਾਬ ਦੇ ਚੁਣੇ ਹੋਏ ਵਿਧਾਇਕਾਂ ਨੂੰ ਹੀ ਜ਼ਲੀਲ ਕਰਨ ਤੁਰਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ’ਚ ਰਾਜ ਸਭਾ ਇਕ ਅਹਿਮ ਹਾਊਸ ਹੈ। ਰਾਜ ਸਭਾ ਦੀਆਂ ਸੀਟਾਂ ਰਾਜਾਂ ਦੇ ਹੱਕਾਂ ਦੀ ਅਵਾਜ਼ ਉਠਾਉਣ ਲਈ ਹੁੰਦੀਆਂ ਹਨ, ਅਤੇ ਆਮ ਹਾਲਤਾਂ ਵਿਚ ਸੂਬਿਆਂ ਦੇ ਅਧਿਕਾਰਾਂ ਦੀ ਰੱਖਿਆ ਰਾਜ ਸਭਾ ਰਾਹੀਂ ਹੀ ਸੰਭਵ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰਲੇ ਅਤੇ ਧਨਾਢ ਲੋਕ ਪੰਜਾਬ ਦੇ ਹਿਤਾਂ ’ਤੇ ਪਹਿਰਾ ਨਹੀਂ ਦੇਣਗੇ, ਸਗੋਂ ਕੇਜਰੀਵਾਲ ਦੀ ਸਵਾਰਥੀ ਹਿਤਾਂ ਦੀ ਹੀ ਪੂਰਤੀ ਕਰਨਗੇ। ਜਦ ਕਿ ਪੰਜਾਬ ਨਾਲ ਪਾਕਿਸਤਾਨ ਵਰਗੇ ਭਾਰਤ ਵਿਰੋਧੀ ਦੇਸ਼ ਦਾ ਸਰਹੱਦ ਲੱਗਣਾ ਦੇਸ਼ ਦੀ ਸੁਰੱਖਿਆ ਲਈ ਇਕ ਸੰਵੇਦਨਸ਼ੀਲ ਮੁੱਦਾ ਰਿਹਾ ਹੈ। ਪੰਜਾਬ ਨਾਲ ਸਰੋਕਾਰ ਨਾ ਰੱਖਣ ਵਾਲਿਆਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਪੰਜਾਬ ਦੇ ਹੱਕਾਂ ’ਤੇ ਇੰਜ ਹੀ ਡਾਕਾ ਵੱਜਦਾ ਰਿਹਾ ਅਤੇ ਬਦਲਾਅ ਦੇ ਚੱਕਰਾਂ ’ਚ ਪੰਜਾਬ ਹੋਰ ਬਹੁਤ ਕੁਝ ਗਵਾ ਲਵੇਗਾ। ਸਮਾਂ ਰਹਿੰਦਿਆਂ ਪਹਿਰੇਦਾਰੀ ਨਾ ਕੀਤੀ ਗਈ ਤਾਂ ਪੰਜਾਬ ਹੀ ਪੰਜਾਬੀਆਂ ਦੇ ਹੱਥੋਂ ਨਿਕਲ ਜਾਵੇਗਾ।