ਅੰਮ੍ਰਿਤਸਰ, 4 ਮਾਰਚ (ਰਾਜਿੰਦਰ ਧਾਨਿਕ)- ਪੰਜਾਬ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਮੰਗਲੌਰ ਦੇ ਇੱਕ ਸਕੂਲ ਵੱਲੋਂ ਛੇ ਸਾਲਾ ਸਿੱਖ ਲੜਕੇ ਨੂੰ ਦਸਤਾਰ ਸਜਾਉਣ ਕਾਰਨ ਦਾਖ਼ਲਾ ਦੇਣ ਤੋਂ ਇਨਕਾਰ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ। ਦਸਤਾਰ ਸਿੱਖ ਧਰਮ ਅਤੇ ਸਭਿਆਚਾਰਕ ਪਹਿਰਾਵੇ ਦਾ ਅਨਿੱਖੜਵਾਂ ਅੰਗ ਹੈ। ਦਸਤਾਰ ਦੇ ਮੁੱਦੇ ਨੂੰ ਲੈ ਕੇ ਸਿੱਖ ਕੌਮ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪ੍ਰੋ: ਖਿਆਲਾ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਹਿਰਦ ਯਤਨਾਂ ਸਦਕਾ ਜਿੱਤੇ ਗਏ ਸਿੱਖਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਸਿੱਖ ਮਾਨਸਿਕਤਾ ਨੂੰ ਠੇਸ ਪਹੁੰਚਾਉਣ ਵਰਗਾ ਕੋਈ ਵੀ ਬੇਲੋੜਾ ਵਿਵਾਦ ਪੈਦਾ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਮੁੱਖ ਮੰਤਰੀ ਬੋਮਾਈ ਨੂੰ ਸੂਬੇ ਦੇ ਕਿਸੇ ਵਿੱਦਿਅਕ ਅਦਾਰੇ ਵਿੱਚ ਅੰਮ੍ਰਿਤਧਾਰੀ ਲੜਕੀ ਨੂੰ ਦਸਤਾਰ ਸਜਾਉਣ ਤੋਂ ਰੋਕਣ ਅਤੇ ਸਕੂਲਾਂ ਵਿੱਚ ਦਸਤਾਰ ਦੇ ਮੁੱਦੇ ਨੂੰ ਹੱਲ ਕਰਨ ਲਈ ਨਿੱਜੀ ਦਿਲਚਸਪੀ ਲੈਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਖਾਤਰ ਆਪਣਾ ਸੀਸ ਕੁਰਬਾਨ ਕਰ ਦਿੱਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਸ਼ਾਸਕ ਔਰੰਗਜ਼ੇਬ ਵੱਲੋਂ ਕਿਸੇ ਵੀ ਹਿੰਦੂ ਨੂੰ ਘੋੜੇ ‘ਤੇ ਸਵਾਰ ਹੋਣ, ਕੇਸ (ਬੋਦੀ) ਰੱਖਣ ਅਤੇ ਪੱਗ ਬੰਨ੍ਹਣ ਤੋਂ ਰੋਕਣ ਦੇ ਹੁਕਮਾਂ ਦੇ ਵਿਰੁੱਧ ਖ਼ਾਲਸਾ ਸਾਜਣ ਸਮੇਂ ਸਿੱਖ ਕੌਮ ਲਈ ਹਥਿਆਰਬੰਦ ਹੋਣਾ ਅਤੇ ਕੇਸ ਸਮੇਤ ਪੰਜ ਕਕਾਰ ਅਤੇ ਸਿਰ ‘ਤੇ ਦਸਤਾਰ ਸਜਾਉਣੀ ਜ਼ਰੂਰੀ ਕਰਦਿਆਂ ਸਿੱਖ ਕੌਮ ਵੱਲੋਂ ਸਰਕਾਰ ਨੂੰ ਕਰਾਰਾ ਜਵਾਬ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਅਤੇ ਸੰਤਾਂ ਭਗਤਾਂ ਵੱਲੋਂ ਦਸਤਾਰ ਅਤੇ ਦਸਤਾਰ ਦੇ ਵਿਸ਼ੇ ਨੂੰ ਦਰਸਾਉਂਦੇ ਪਾਵਨ ਬਚਨ “ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ!’’ ‘ਹਉ ਗੋਸਾਈ ਦਾ ਪਹਿਲਵਾਨੜਾ!! ਮੈ ਗੁਰ ਮਿਲਿ ਉੱਚ ਦੁਮਾਲੜਾ!!’ ‘ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ!!ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ!!’’ ਆਦਿ ਦਸਤਾਰ ਦੇ ਸੁੰਦਰ ਰੂਪ ਵਿੱਚ ਪਰਮਾਤਮਾ ਦੀ ਉਸਤਤਿ ਕਰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਦੀ ਧਰਤੀ ’ਤੇ ਸੁੰਦਰ ਦਸਤਾਰਾਂ ਸਜਾਉਣ ਵਾਲਿਆਂ ਦਾ ਵੀ ਸਨਮਾਨ ਕਰਦੇ ਸਨ। ਸਿੱਖ ਧਰਮ ਵਿੱਚ ਹਰ ਸਿੱਖ ਮਰਦ ਅਤੇ ਔਰਤ ਨੂੰ ਆਪਣੇ ਕੇਸ ਰੱਖਣ ਅਤੇ ਇਸ ਨੂੰ ਢੱਕਣ ਦੀ ਹਦਾਇਤ ਹੈ। ਸਿੱਖਾਂ ਦਾ ਦਸਤਾਰ ਲਈ ਕੁਰਬਾਨੀਆਂ ਭਰਿਆ ਇਤਿਹਾਸ ਰਿਹਾ ਹੈ। ਸਿੱਖ ਧਰਮ ਵਿਚ ਦਸਤਾਰ ਲਾਜ਼ਮੀ ਅਤੇ ਟੋਪੀ ਪਹਿਨਣ ਦੀ ਮਨਾਹੀ ਦਾ ਸਬੂਤ ਦੂਜੇ ਵਿਸ਼ਵ ਯੁੱਧ ਦੌਰਾਨ ਅੰਗਰੇਜ਼ ਫ਼ੌਜ ਲਈ ਲੜਦਿਆਂ ਸਿੰਘਾਂ ਵੱਲੋਂ ਲੋਹੇ ਦਾ ਟੋਪ ਪਹਿਨਣ ਤੋਂ ਇਨਕਾਰ ਕਰਨ ਤੋਂ ਵੀ ਮਿਲਦਾ ਹੈ। ਬਰਤਾਨਵੀ ਸਰਕਾਰ ਵੱਲੋਂ ਜਾਨੀ ਨੁਕਸਾਨ ਦੀ ਸੂਰਤ ਵਿੱਚ ਕੋਈ ਸਹਾਇਤਾ ਨਾ ਦੇਣ ਦੇ ਫ਼ੈਸਲੇ ਦੇ ਬਾਵਜੂਦ ਸਿੱਖ ਫ਼ੌਜੀਆਂ ਨੇ ਸਿਰਫ਼ ਪੱਗਾਂ ਬੰਨ੍ਹ ਕੇ ਜੰਗ ਲੜੀ। ਉਨ੍ਹਾਂ ਕਿਹਾ ਕਿ ਸਿੱਖਾਂ ਵਿੱਚ ਦਸਤਾਰ ਦੀ ਮਹੱਤਤਾ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਆਜ਼ਾਦੀ ਦੀ ਮੁਹਿੰਮ ਦੌਰਾਨ ‘ਪੱਗੜੀ ਸੰਭਾਲ ਜੱਟਾ’ ਲਹਿਰ ਨੇ ਕੌਮੀ ਜਾਗ੍ਰਿਤੀ ਲਈ ਇੱਕ ਚੁਨੌਤੀ ਵਜੋਂ ਕੰਮ ਕੀਤਾ ਸੀ। ਅੱਜ ਵੀ ਦੋਪਹੀਆ ਵਾਹਨ ਚਲਾਉਣ ਵਾਲੇ ਸਿੱਖਾਂ ਨੂੰ ਭਾਰਤੀ ਟਰੈਫ਼ਿਕ ਨਿਯਮਾਂ ਵਿੱਚ ਹੈਲਮਟ ਪਾਉਣ ਤੋਂ ਛੋਟ ਹੈ। ਕਈ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਨੌਕਰੀਆਂ ਵਿੱਚ ਦਸਤਾਰ ਸਜਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਦੀ ਖ਼ੂਬਸੂਰਤੀ ‘ਅਨੇਕਤਾ ਵਿੱਚ ਏਕਤਾ’ ਹੈ। ਪ੍ਰਧਾਨ ਮੰਤਰੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 26 ਦਸੰਬਰ ਨੂੰ ਨੈਸ਼ਨਲ ਡੇਅ ਵਜੋਂ ਵੀਰ ਬਾਲ ਦਿਵਸ ਮਨਾਉਣਾ ਵੀ ਸਿੱਖ ਧਰਮ ਅਤੇ ਸਭਿਆਚਾਰ ਅਤੇ ਦੇਸ਼ ਲਈ ਸਿੱਖਾਂ ਦੇ ਯੋਗਦਾਨ ਨੂੰ ਉਜਾਗਰ ਕਰਨਾ ਹੈ। ਉਨ੍ਹਾਂ ਕਰਨਾਟਕ ਦੇ ਮੁੱਖ ਮੰਤਰੀ ਨੂੰ ਦਸਤਾਰ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਅਪੀਲ ਕੀਤੀ।