ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਕਾਰਵਾਈ ਨੂੰ ਤੁਰੰਤ ਅਮਲ ਵਿੱਚ ਲਿਆਵੇ ਕੇਜਰੀਵਾਲ ਸਰਕਾਰ – ਢੋਟ

0
62

 

ਫੈਡਰੇਸ਼ਨ (ਮਹਿਤਾ) ਵੱਲੋਂ ਪੰਜਾਬ ਭਰ ਵਿੱਚ ਸਾੜੇ ਗਏ ਕੇਜਰੀਵਾਲ ਦੇ ਪੁੱਤਲੇ

ਅੰਮ੍ਰਿਤਸਰ 22 ਜਨਵਰੀ (ਪਵਿੱਤਰ ਜੋਤ) : ਭਾਰਤ ਵਿੱਚ ਵਸਦੀਆਂ ਘੱਟ-ਗਿਣਤੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਪਿਛਲੇ ਲੰਬੇ ਅਰਸੇ ਤੋਂ ਵੱਖ-ਵੱਖ ਸਰਕਾਰਾਂ ਅਤੇ ਹੁਕਮਰਾਨਾਂ ਵੱਲੋਂ ਆਪਣੇ ਹੀ ਦੇਸ਼ ਵਿਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਰਿਹਾ ਹੈ । ਵਰਤਮਾਨ ਕਾਲ ਦੌਰਾਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਹੋਰ ਬਹੁਤ ਸਾਰੇ ਸਿੱਖ ਬੰਦੀ ਸਿੰਘਾਂ ਨੂੰ ਆਪਣੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ । ਜਿਸ ਕਰਕੇ ਸਿੱਖ ਭਾਈਚਾਰੇ ਦੇ ਮਨਾਂ ਵਿਚ ਆਜ਼ਾਦ ਦੇਸ਼ ਵਿੱਚ ਰਹਿੰਦੇ ਹੋਏ ਗੁਲਾਮੀ ਦਾ ਅਹਿਸਾਸ ਪੱਕਾ ਹੁੰਦਾ ਜਾ ਰਿਹਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋਂ ਨੇ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ਉਹਨਾਂ ਦਾ ਪੁਤਲਾ ਸਾੜ ਕੇ ਕੀਤਾ, ਜੋ ਕਿ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿਚ ਰੁਕਾਵਟਾਂ ਪਾ ਰਿਹਾ ਹੈ।
ਫੈਡਰੇਸ਼ਨ ਆਗੂਆਂ ਨੇ ਅੱਗੇ ਕਿਹਾ ਕਿ ਬੀਤੇ ਸਮੇਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਅਵਤਾਰ ਪੁਰਬ ਮੌਕੇ ਭਾਰਤ ਸਰਕਾਰ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੂੰ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਫੈਸਲਾ ਕੀਤਾ ਗਿਆ ਸੀ, ਜਿਸ ਤਹਿਤ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਲੋੜੀਂਦੀਆਂ ਉਪਚਾਰਕਰਤਾਵਾਂ ਪੂਰੀਆਂ ਕਰ ਲਈਆਂ ਗਈਆਂ ਸਨ, ਜਿਸ ਵਿਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਂ ਵੀ ਸ਼ਾਮਲ ਸੀ, ਜੋ ਕਿ ਪਿਛਲੇ 27 ਸਾਲ ਤੋਂ ਜੇਲ੍ਹ ਵਿੱਚ ਬੰਦ ਹਨ। ਭੁੱਲਰ ਦਾ ਕੇਸ ਦਿੱਲੀ ਨਾਲ ਸਬੰਧਤ ਹੋਣ ਕਾਰਨ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਈ ਵਾਰ ਦਿੱਲੀ ਸਰਕਾਰ ਨੂੰ ਪ੍ਰੋਫੈਸਰ ਭੁੱਲਰ ਦੀ ਪੈਰੋਲ ਦੀ ਰਿਪੋਰਟ ਭੁੱਲਰ ਦੇ ਹੱਕ ਵਿੱਚ ਭੇਜ ਕੇ ਰਿਹਾਈ ਲਈ ਕਿਹਾ ਜਾ ਚੁੱਕਿਆ ਹੈ, ਪਰ ਦਿੱਲੀ ਦੀ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਮਾੜੀ ਮੰਸ਼ਾ ਨਾਲ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਰਲੀਜਿੰਗ ਵਰੰਟਾਂ ‘ਤੇ ਦਸਤਖ਼ਤ ਨਹੀਂ ਕੀਤੇ ਜਾ ਰਹੇ, ਜਿਸ ਨਾਲ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਟਕ ਰਹੀ ਹੈ। ਕੇਜਰੀਵਾਲ ਸਰਕਾਰ ਵੱਲੋਂ ਪਹਿਲਾਂ ਵੀ ਪ੍ਰੋਫੈਸਰ ਦੀ ਰਿਹਾਈ ਦੇ ਮਤੇ ਨੂੰ ਚਾਰ ਵਾਰ ਰੱਦ ਕਰਕੇ ਵੀ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਜਾ ਚੁੱਕਾ ਹੈ। ਫੈਡਰੇਸ਼ਨ (ਮਹਿਤਾ) ਦੇ ਆਗੂਆਂ ਨੇ ਅਖੀਰ ਵਿੱਚ ਅਰਵਿੰਦ ਕੇਜਰੀਵਾਲ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦਿਆਂ ਕਿਹਾ, ਕਿ ਜੇਕਰ ਦਿੱਲੀ ਸਰਕਾਰ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਕਾਰਵਾਈ ਨੂੰ ਤੁਰੰਤ ਅਮਲ ਵਿਚ ਨਾ ਲਿਆਂਦਾ ਗਿਆ ਤਾਂ ਪੰਜਾਬ ਦੀ ਸੱਤਾ ਦੇ ਸੁਪਨੇ ਵੇਖਣ ਵਾਲੇ ਕੇਜਰੀਵਾਲ ਦੇ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਵਿਦਰੋਹ ਇਨ੍ਹਾਂ ਪ੍ਰਚੰਡ ਕਰ ਦਿੱਤਾ ਜਾਵੇਗਾ, ਕਿ ਉਨ੍ਹਾਂ ਲਈ ਪੰਜਾਬ ਦੀ ਫਿਜ਼ਾ ਵਿੱਚ ਸਾਹ ਲੈਣਾ ਵੀ ਮੁਸ਼ਕਲ ਹੋ ਜਾਵੇਗਾ। ਇਸ ਮੌਕੇ ਮਨਜੀਤਸਿੰਘ ਬਾਠ ਬਲਵਿੰਦਰ ਸਿੰਘ ਰਾਜੋਕੇ, ਗੁਰਦੀਪ ਸਿੰਘ , ਸੁਰ ਸਿੰਘ, ਮਨਜੀਤ ਸਿੰਘ ਜੋੜਾ ਫਾਟਕ,ਸਤਿੰਦਰਪਾਲ ਸਿੰਘ ਜੌਹਨੀ, ਹਰਜੀਤ ਸਿੰਘ ਬਧਨੀ ਕਲਾਂ
, ਕੁਲਜੀਤ ਸਿੰਘ ਧੁੰਨਾਂ , ਸੁਰਿੰਦਰ ਸਿੰਘ, ਰਾਗੀ ਤਜਿੰਦਰ ਪਾਲ ਸਿੰਘ ਪ੍ਰਿੰਸ, ਕੰਵਰਦੀਪ ਸਿੰਘ ਬੇਦੀ, ਸਤਨਾਮ ਸਿੰਘ ਭਾਟੀਆ, ਕੁਲਵਿੰਦਰ ਸਿੰਘ ਢੋਟ, ਜਗਤਾਰ ਸਿੰਘ , ਰਾਜੂ ਸਿੰਘ , ਹਰਮੀਤ ਸਿੰਘ ਸਿੱਧੂ ਅਤੇ ਜਗਦੀਪ ਸਿੰਘ ਜੱਗਾ ਤੌ ਇਲਾਵਾ ਹੋਰ ਵੀ ਕਾਰਕੁੰਨ ਸ਼ਾਮਿਲ ਸਨ।

NO COMMENTS

LEAVE A REPLY