ਮੁਸਤਫਾ ਦੇ ਹਿੰਦੂ ਵਿਰੋਧੀ ਬਿਆਨ ਨੇ ਕਾਂਗਰਸ ਦਾ ਹਿੰਦੂ ਅਤੇ ਦੇਸ਼ ਵਿਰੋਧੀ ਚਿਹਰਾ ਫਿਰ ਕੀਤਾ ਬੇਨਕਾਬ : ਇਲਮੀ
ਅੰਮ੍ਰਿਤਸਰ/ਚੰਡੀਗੜ੍ਹ: 22 ਜਨਵਰੀ ( ਪਵਿੱਤਰ ਜੋਤ) : ਭਾਰਤੀ ਜਨਤਾ ਪਾਰਟੀ ਦੀ ਕੌਮੀ ਬੁਲਾਰਾਣ ਸ਼ਾਜ਼ੀਆ ਇਲਮੀ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਵੱਲੋਂ ਚੋਣ ਪ੍ਰਚਾਰ ਦੌਰਾਨ ਹਿੰਦੂਆਂ ਬਾਰੇ ਕੀਤੀ ਗਈ ਨਫਰਤ ਭਰੀ ਅਤੇ ਭੜਕਾਊ ਟਿੱਪਣੀ ‘ਹਿੰਦੂਆਂ ਨੂੰ ਮੇਰੇ ਵਿਰੁੱਧ ਜਲਸਾ ਕਰਨ ਦੀ ਇਜਾਜ਼ਤ ਦੇਣ ਦੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ’ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਇਸ ਨਾਲ ਕਾਂਗਰਸ ਦਾ ਹਿੰਦੂ-ਵਿਰੋਧੀ ਅਤੇ ਦੇਸ਼-ਵਿਰੋਧੀ ਸੋਚ ਦਾ ਚਿਹਰਾ ਇੱਕ ਵਾਰ ਫਿਰ ਨੰਗਾ ਹੋ ਗਿਆ ਹੈ। ਸ਼ਾਜ਼ੀਆ ਅੱਜ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸਨ। ਇਸ ਮੌਕੇ ਉਨ੍ਹਾਂ ਨਾਲ ਸ਼ਿਵਮ ਛਾਬੜਾ, ਮਨਜੀਤ ਸਿੰਘ ਕੋਹਲੀ, ਸੁਰਜੀਤ ਰਾਏ ਆਦਿ ਵੀ ਹਾਜ਼ਰ ਸਨ। ਸ਼ਾਜ਼ੀਆ ਨੇ ਕਿਹਾ ਕਿ ਮੁਸਤਫਾ ਪੰਜਾਬ ਵਿੱਚ ਦੰਗੇ ਭੜਕਾ ਕੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਾਜ਼ੀਆ ਨੇ ਕਿਹਾ ਕਿ ਮੁਸਤਫਾ ਦੇ ਵਿਵਾਦਿਤ ਬਿਆਨ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦਾ ਮਾਹੌਲ ਤਣਾਅਪੂਰਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁਸਤਫਾ ਦੇ ਇਸ ਬਿਆਨ ‘ਤੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਚੰਨੀ, ਸਿੱਧੂ ਸਮੇਤ ਸਾਰੀ ਕਾਂਗਰਸ ਨੂੰ ਜਵਾਬ ਦੇਣਾ ਪਵੇਗਾ। ਸ਼ਾਜ਼ੀਆ ਨੇ ਕਿਹਾ ਕਿ ਕਾਂਗਰਸ ਦੇਸ਼ ਵਾਂਗ ਪੰਜਾਬ ਨੂੰ ਵੀ ਵੰਡਣ ਅਤੇ ਖੂਨੀ ਹੋਲੀ ਖੇਡਣ ਦੀ ਗੰਦੀ ਰਾਜਨੀਤੀ ਕਰ ਰਹੀ ਹੈ।
ਸ਼ਾਜ਼ੀਆ ਇਲਮੀ ਨੇ ਕਿਹਾ ਕਿ ਮੁਹੰਮਦ ਮੁਸਤਫਾ ਦਾ ਹਿੰਦੂ ਵਿਰੋਧੀ ਬਿਆਨ ਕਿ ਕਾਂਗਰਸ ਦੀ ਧਰਮ ਨਿਰਪੱਖਤਾ ਹੈ? ਨਵਜੋਤ ਸਿੱਧੂ ਦੇ ਚਹੇਤੇ ਮੁਸਤਫਾ ਨੇ ਜਾਣਬੁੱਝ ਕੇ ਮੁਸਲਿਮ ਬਹੁਲ ਖੇਤਰ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਕੇ ਚੋਣਾਂ ਦੌਰਾਨ ਪੰਜਾਬ ਦੀ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਦੀ ਕੋਝੀ ਸਾਜ਼ਿਸ਼ ਰਚੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਅਤੇ ਮੁਸਤਫਾ ਪਾਕਿਸਤਾਨ ਦੀ ਆਈ.ਐਸ.ਆਈ. ਦੇ ਹੱਥ ਖੇਡ ਰਹੇ ਹਨI ਸ਼ਾਜ਼ੀਆ ਨੇ ਕਿਹਾ ਕਿ ਪਾਕਿਸਤਾਨ ਦੀ ਭਾਸ਼ਾ ਬੋਲਣ ਵਾਲੇ ਅਜਿਹੇ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਪਾਕਿਸਤਾਨ ਅਤੇ ਇਮਰਾਨ ਖਾਨ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਪਾਰਟੀ ਨੂੰ ਇਸ ਮਾਮਲੇ ਵਿੱਚ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ।
ਸ਼ਾਜ਼ੀਆ ਇਲਮੀ ਨੇ ਕਿਹਾ ਕਿ ਇਹ ਨਫਰਤ ਭਰਿਆ ਭਾਸ਼ਣ ਕਾਂਗਰਸ ਅਤੇ ਮੁਸਤਫਾ ਦੀ ਹਿੰਦੂਆਂ ਪ੍ਰਤੀ ਨੀਚ ਅਤੇ ਘਟਿਆ ਸੋਚ ਹੈ। ਸ਼ਾਜ਼ੀਆ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਮੁਸਤਫਾ ਦੇ ਇਸ ਬਿਆਨ ਦਾ ਤੁਰੰਤ ਨੋਟਿਸ ਲੈਂਦਿਆਂ ਮਲੇਰਕੋਟਲਾ ਤੋਂ ਉਸ ਦੀ ਪਤਨੀ ਰਜ਼ੀਆ ਸੁਲਤਾਨਾ ਦੀ ਨਾਮਜ਼ਦਗੀ ਰੱਦ ਕੀਤੀ ਜਾਵੇ। ਕਿਉਂਕਿ ਉਸਦਾ ਪਤੀ ਮੁਹੰਮਦ ਮੁਸਤਫਾ ਉਹਨਾਂ ਦੀ ਚੋਣ ਮੁਹਿੰਮ ਦੌਰਾਨ ਪੰਜਾਬ ਵਿੱਚ ਹਿੰਦੂ-ਮੁਸਲਿਮ ਦੰਗੇ ਕਰਵਾ ਕੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਪਹਿਲਾਂ ਹੀ ਅੱਤਵਾਦ ਦੇ ਕਾਲੇ ਦੌਰ ਦੇ ਕਦੇ ਨਾ ਭਰਨ ਵਾਲੇ ਜ਼ਖਮ ਝੱਲ ਚੁੱਕਾ ਹੈ। ਭਾਜਪਾ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨ ਦੇਵੇਗੀ।
ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਆਪਣੀ ਨਾਕਾਮ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਪੰਜਾਬ ਵਿੱਚ 1984 ਤੋਂ ਪਹਿਲਾਂ ਵਾਲੇ ਕਾਲੇ ਦੌਰ ਨੂੰ ਦੁਹਰਾਉਣ ਲਈ ਸਾਜ਼ਿਸ਼ਾਂ ਰਚ ਰਹੀ ਹੈ, ਪਰ ਭਾਜਪਾ ਅਤੇ ਪੰਜਾਬ ਦੇ ਲੋਕ ਕਾਂਗਰਸ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਸਿੱਧੂ ਅਤੇ ਮੁਸਤਫਾ ਦੋਵਾਂ ਦੀ ਸੋਚ ਇੱਕੋ ਜਿਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਚੋਣ ਕਮਿਸ਼ਨ ਕੋਲ ਮੁਸਤਫਾ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾ ਰਹੀ ਹੈ।