ਅੰਮ੍ਰਿਤਸਰ ਹਲਕਾ ਨਾਰਥ ਕਾਂਗਰਸੀ ਉਮੀਦਵਾਰ ਬਣਨ ਲਈ ਪੋਣੀ ਦਰਜਨ ਨੇਤਾ ਮੈਦਾਨ ਵਿੱਚ
ਇੱਕ ਦੂਸਰੇ ਨੂੰ ਪਛਾੜਨ ਲਈ ਹਾਈ ਕਮਾਂਡ ਦੀ ਹੋ ਰਹੀ ਹੈ ਜੀ ਹਜ਼ੂਰੀ
ਅੰਮ੍ਰਿਤਸਰ 27 ਦਸੰਬਰ (ਅਰਵਿੰਦਰ ਵੜੈਚ)- ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਅਤੇ ਨੇਤਾਵਾਂ ਵੱਲੋਂ ਜਿੱਤ ਪ੍ਰਾਪਤ ਕਰਨ ਤੋਂ ਪਹਿਲਾਂ ਪਾਰਟੀ ਉਮੀਦਵਾਰ ਦੀ ਟਿਕਟ ਲੈਣ ਲਈ ਦੌੜ ਲੱਗੀ ਹੋਈ ਹੈ। ਜਿਸ ਨੂੰ ਲੈ ਕੇ ਕਈ ਹਲਕਿਆਂ ਦੇ ਵਿੱਚ ਕਈ ਕਈ ਉਮੀਦਵਾਰ ਆਪਣਿਆਂ ਨੂੰ ਹੀ ਠਿੱਬੀ ਲਗਾਉਣ ਵਿਚ ਲੱਗੇ ਹੋਏ ਹਨ। ਇਸੇ ਤਰ੍ਹਾਂ ਹਲਕਾ ਨਾਰਥ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਪੋਣੀ ਦਰਜਨ ਨੇਤਾ ਟਿਕਟ ਪ੍ਰਾਪਤ ਕਰਨ ਲਈ ਜੋਰ-ਆਜ਼ਮਾਇਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਦੋ ਚਾਰ ਛੋਟੇ ਮੋਟੇ ਨੇਤਾ ਅੰਦਰਖਾਤੇ ਵੀ ਉਮੀਦਵਾਰ ਬਣਨ ਦੇ ਸੁਪਨੇ ਸਜਾ ਰਹੇ ਹਨ।
ਟਿਕਟ ਉਮੀਦਵਾਰ ਦੀ ਮੋਹਰੀ ਕਤਾਰ ਵਿਚ ਹਨ ਐਮ ਐਲ ਏ ਸੁਨੀਲ ਦੱਤੀ
________
ਵਿਧਾਨ ਸਭਾ ਚੋਣਾਂ-2017 ਦੋਰਾਨ ਦੋ ਹਫਤੇ ਪਹਿਲਾਂ ਚੁਣਾਂਵੀ ਮੈਦਾਨ ਵਿੱਚ ਉਤਾਰੇ ਗਏ ਐਮ ਐਲ ਏ ਸੁਨੀਲ ਦੱਤੀ ਇਸ ਵਾਰੀ ਵੀ ਉਮੀਦਵਾਰ ਬਣਨ ਦੇ ਮੋਹਰੀ ਕਤਾਰ ਵਿਚ ਹਨ। ਪਿਛਲੀਆਂ ਚੋਣਾਂ ਦੇ ਦੋਰਾਂਨ ਉਨਾਂ ਨੇ ਨਾਮਵਰ ਤੇ ਵੱਡੇ ਨੇਤਾ ਮੰਨੇ ਜਾਣ ਵਾਲੇ ਨੇਤਾ ਅਨਿਲ ਜੋਸ਼ੀ ਨੂੰ 59212 ਵੋਟਾਂ ਪ੍ਰਾਪਤ ਕਰਕੇ 14236 ਦੀ ਲੀਡ ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਜਦ ਕਿ ਸਥਾਨਕ ਲੋਕਲ ਬਾਡੀ ਮੰਤਰੀ ਰਹੇ ਅਨਿਲ ਜੋਸ਼ੀ ਦੇ ਸਾਹਮਣੇ ਚੋਣ ਲੜਨ ਤੋਂ ਕਈ ਵੱਡੇ ਨੇਤਾਵਾਂ ਵੀ ਆਪਣੇ ਪੈਰ ਪਿੱਛੇ ਖਿੱਚਦੇ ਦੇਖੇ ਗਏ। ਸਾਲ 1997 ਤੋਂ ਲੈ ਕੇ 2012 ਤੱਕ ਲਗਾਤਾਰ ਤਿੰਨ ਵਾਰੀ ਸੁਨੀਲ ਦੱਤੀ ਕੌਂਸਲਰ ਦੀ ਚੋਣ ਵੀ ਜਿੱਤੇ। ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਕਾਂਗਰਸ ਹਾਈਕਮਾਂਡ ਵੱਲੋਂ ਇੱਕ ਵਾਰੀ ਮੇਅਰ ਵੀ ਬਣਾਇਆ ਗਿਆ। ਸੁਨੀਲ ਦੱਤੀ ਦੇ ਪੁੱਤਰ ਅਦਿਤਯ ਦੱਤੀ ਯੁਵਾ ਮੋਰਚਾ ਦੇ ਪ੍ਰਧਾਨ ਅਤੇ ਭਰਾ ਸੋਨੂ ਦੱਤਾ, ਭਰਜਾਈ ਮਮਤਾ ਦੱਤਾ ਕੌਂਸਲਰ ਵੀ ਹਨ।
ਕੁਝ ਹੀ ਦਿਨਾਂ ਵਿੱਚ ਦੂਸਰੇ ਹਲਕੇ ਤੋਂ ਨਾਰਥ ਵਿਚ ਆ ਕੇ ਅਨਿਲ ਜੋਸ਼ੀ ਨੂੰ ਹਰਾਉਣ ਵਾਲੇ ਸੁਨੀਲ ਦੱਤੀ ਇਸ ਵਾਰੀ ਵੀ ਉਮੀਦਵਾਰ ਦੀ ਮੋਹਰਲੀ ਕਤਾਰ ਵਿੱਚ ਹਨ।
ਵਿਰੋਧੀਆਂ ਨੂੰ ਮਾਤ ਦੇਣ ਵਿੱਚ ਸ਼ਾਤਿਰ ਹਨ ਕਰਮਜੀਤ ਸਿੰਘ ਰਿੰਟੂ
_______
ਮਹਾਂਨਗਰ ਦੇ ਮੇਅਰ ਦੀ ਕੁਰਸੀ ਤੇ ਬਿਰਾਜਮਾਨ ਕਰਮਜੀਤ ਸਿੰਘ ਰਿੰਟੂ ਵੀ ਵਿਧਾਨ ਸਭਾ ਚੋਣਾਂ ਦੀ ਉਮੀਦਵਾਰੀ ਦੀ ਦੌੜ ਵਿੱਚ ਸ਼ਾਮਲ ਹਨ। ਆਪਣੇ ਮਾਤਾ ਉਂਕਾਰ ਕੌਰ ਦੀ ਨਗਰ ਨਿਗਮ ਦੀ ਟਿਕਟ,ਸਾਲ 2012 ਵਿੱਚ ਵਿਧਾਨ ਸਭਾ ਉਮੀਦਵਾਰ ਦੀ ਟਿਕਟ, ਅਤੇ 2017 ਵਿੱਚ ਮੇਅਰ ਦੀ ਕੁਰਸੀ ਨੂੰ ਹਾਸਲ ਕਰਨ ਵਿੱਚ ਆਪਣਿਆ ਅਤੇ ਵਿਰੋਧੀ ਪਾਰਟੀਆਂ ਦੇ ਲੋਕਾਂ ਨੂੰ ਪਛਾੜਨ ਵਿੱਚ ਸੂਝਵਾਨ ਅਤੇ ਸ਼ਾਤਿਰ ਨਜ਼ਰ ਆਏ। ਮੇਅਰ ਦੀ ਕੁਰਸੀ ਸੰਭਾਲਣ ਸਮੇਂ ਕਾਂਗਰਸ ਦੇ ਕਈ ਨੇਤਾ ਦੰਦਾਂ ਥੱਲੇ ਉਂਗਲੀ ਦਬਾਉਂਦੇ ਰਹੇ, ਪਰ ਰਿੰਟੂ ਆਪਣੀ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇ। ਰਾਜਨੀਤੀ ਦੇ ਵਿੱਚ ਆਉਣ ਸਮੇਂ ਉਹ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਵੀ ਰਹੇ। ਆਲ ਇੰਡੀਆ ਕੌਂਸਲ ਆਫ ਮੇਅਰ ਦੇ ਵਾਈਸ ਚੇਅਰਮੈਨ ਵੀ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਮੰਨੇ ਜਾਂਦੇ ਕਰਮਜੀਤ ਸਿੰਘ ਰਿੰਟੂ ਨੂੰ ਕੈਪਟਨ ਧੜੇ ਵੱਲੋਂ ਵੀ ਉਮੀਦਵਾਰ ਐਲਾਨੇ ਜਾਣ ਦੇ ਚਰਚੇ ਜਨਤਾ ਵਿੱਚ ਹਨ।
ਹਲਕਾ ਨਾਰਥ ਵਿਚ ਲੱਕੀ ਦਾ ਵੀ ਖਾਸ ਸਥਾਨ
_______
ਹਲਕਾ ਨਾਰਥ ਵਿੱਚ ਲਗਾਤਾਰ ਤਿੰਨ ਵਾਰੀ ਕੌਂਸਲਰ ਜਿੱਤ ਚੁੱਕੇ ਅਤੇ ਜਿਲ੍ਹਾ ਯੋਜਨਾ ਕਮੇਟੀ ਦੇ ਮੌਜੂਦਾ ਚੇਅਰਮੈਨ ਰਾਜ ਕੰਵਲ ਪ੍ਰੀਤਪਾਲ ਸਿੰਘ ਲੱਕੀ ਦਾ ਹਲਕਾ ਨਾਰਥ ਵਿੱਚ ਖਾਸ ਸਥਾਨ ਹੈ। ਅਕਾਲੀ-ਭਾਜਪਾ ਗਠਜੋੜ ਦੇ ਦੌਰਾਨ ਜਦੋਂ ਅਨਿਲ ਜੋਸ਼ੀ ਦੀ ਰਹਿਨੁਮਾਈ ਹੇਠ ਜਦੋਂ ਭਾਜਪਾ ਕੌਂਸਲਰ ਜਿੱਤੇ ਸਨ ਉਸ ਵੇਲੇ ਵੀ ਪੂਰਾ ਜ਼ੋਰ ਲਗਾਉਣ ਦੇ ਬਾਵਜੂਦ ਲੱਕੀ ਆਪਣੀ ਵਾਰਡ ਤੋਂ ਜੇਤੂ ਰਹਿੰਦੇ ਰਹੇ। ਪਾਰਟੀ ਵੱਲੋਂ ਉਨ੍ਹਾਂ ਨੂੰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ ਚੰਡੀਗੜ ਦਾ ਸੀਨੀਅਰ ਵਾਈਸ ਚੇਅਰਮੈਨ ਲਗਾਇਆ ਗਿਆ। ਗਠਬੰਧਨ ਨਗਰ ਨਿਗਮ ਹਾਊਸ ਦੇ ਵਿੱਚ ਵਿਰੋਧੀ ਪਾਰਟੀ ਦੇ ਲੀਡਰ ਹੋਣ ਦੇ ਚਲਦਿਆਂ ਅਕਸਰ ਚਰਚਾ ਵਿੱਚ ਰਹਿੰਦੇ ਰਹੇ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਮੈਂਬਰ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਵੀ ਰਹੇ। ਲੋਕਾਂ ਦੇ ਵਿੱਚ ਵਿਚਰਨ ਅਤੇ ਚੋਣਾਂ ਦੀ ਰਾਜਨੀਤੀ ਨੂੰ ਲੈ ਕੇ ਕਾਫ਼ੀ ਤਜ਼ਰਬਾ ਹਾਸਲ ਕਰ ਚੁੱਕੇ ਹਨ।
ਨਵਜੋਤ ਸਿੰਘ ਸਿੱਧੂ ਦੇ ਕਰੀਬੀ ਅਸ਼ਵਨੀ ਪੱਪੂ ਵੀ ਮਜ਼ਬੂਤ ਚਿਹਰਾ
________
ਕੁਝ ਹੀ ਦਿਨ ਪਹਿਲਾਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਕੁਰਸੀ ਸੰਭਾਲਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਤੇਜ਼-ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਅਸ਼ਵਨੀ ਪੱਪੂ ਵੀ ਹਲਕਾ ਉੱਤਰੀ ਤੋਂ ਮਜਬੂਤ ਚਿਹਰੇ ਵਾਲੇ ਨੇਤਾ ਮੰਨੇ ਜਾ ਰਹੇ ਹਨ। ਰਾਜਨੀਤਿਕ ਸਫ਼ਰ ਦੇ ਦੌਰਾਨ ਤਿੰਨ ਵਾਰੀ ਕੌਂਸਲਰ ਵੀ ਰਹਿ ਚੁੱਕੇ ਹਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਸਨਮਾਨ ਜਨਕ ਓਹਦੇ ਤੇ ਬਿਰਾਜਮਾਨ ਵੀ ਰਹੇ। ਪਿਛਲੇ ਦਿਨੀਂ ਪ੍ਰਕਾਸ਼ਿਤ ਖਬਰਾਂ ਮੁਤਾਬਿਕ ਹਲਕਾ ਨਾਰਥ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਵੱਲੋਂ ਵੀ ਉਮੀਦਵਾਰ ਦੀ ਆਫਰ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ ਸਾਲ 2012 ਵਿੱਚ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਪਰ ਕਰੀਬ 10 ਦਿਨ ਦੇ ਬਾਅਦ ਉਨ੍ਹਾਂ ਦੀ ਟਿਕਟ ਕੱਟ ਕੇ ਮੌਜੂਦਾ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਸੀ। ਅਸ਼ਵਨੀ ਪੱਪੂ ਅਪਣੀਆਂ ਮਜ਼ਬੂਤ ਰਾਜਨੀਤਿਕ ਜੜਾਂ ਹੋਣ ਦੇ ਚੱਲਦੇ ਹਲਕਾ ਨਾਰਥ ਤੋਂ ਉਮੀਦਵਾਰ ਬਣ ਸਕਦੇ ਹਨ।
ਜੋਗਿੰਦਰਪਾਲ ਢੀਂਗਰਾ ਵੀ ਉਮੀਦਵਾਰ ਬਣਨ ਦੇ ਚਾਹਵਾਨ
_______
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਜੁਗਿੰਦਰਪਾਲ ਢੀਂਗਰਾ ਵੀ ਹਲਕਾ ਨਾਰਥ ਦਾ ਉਮੀਦਵਾਰ ਬਣਨ ਦੇ ਚਾਹਵਾਨ ਹਨ। ਪਾਰਟੀ ਦੀ ਸੁਪ੍ਰੀਮੋ ਸੋਨੀਆ ਗਾਂਧੀ ਵੱਲੋਂ ਕਾਂਗਰਸ ਦਾ ਜਨਰਲ ਸੈਕਟਰੀ ਬਣਾਇਆ ਗਿਆ। ਪਰ ਨਵਜੋਤ ਸਿੰਘ ਸਿੱਧੂ ਦੇ ਅਸਤੀਫਾ ਦੇਣ ਦੇ ਨਾਲ ਢੀਂਗਰਾ ਵੱਲੋਂ ਵੀ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ। ਢੀਂਗਰਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਕੌਂਸਲਰ ਵੀ ਰਹਿ ਚੁੱਕੇ ਹਨ। ਸਾਲ 2007 ਦੇ ਵਿੱਚ ਕਾਂਗਰਸ ਦੇ ਉਮੀਦਵਾਰ ਬਣਨ ਦੇ ਚਾਹਵਾਨ ਢੀਂਗਰਾ ਨੂੰ ਟਿਕਟ ਨਾ ਮਿਲਣ ਤੋਂ ਬਾਅਦ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ। ਕਾਂਗਰਸ ਨੇਤਾਵਾਂ ਵਿੱਚ ਚੰਗਾ ਮੇਲ ਮਿਲਾਪ ਹੋਣ ਦੇ ਚੱਲਦਿਆਂ ਢੀਂਗਰਾ ਵੀ ਹਲਕਾ ਨਾਰਥ ਟਿਕਟ ਮਿਲਣ ਲਈ ਜੋਰ-ਆਜ਼ਮਾਇਸ਼ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਮਹਿਲਾ ਕਾਂਗਰਸੀ ਨੇਤਾ ਸੁਰਭੀ ਵਰਮਾ ਅਤੇ ਸੀਨੀਅਰ ਕਾਂਗਰਸੀ ਭਾਰਤ ਭੂਸ਼ਨ ਵੀ ਹਲਕਾ ਉੱਤਰੀ ਤੋਂ ਕਾਂਗਰਸੀ ਉਮੀਦਵਾਰ ਬਨਾਉਣ ਲਈ ਆਪਣੇ ਦਾਅਵੇ ਕਰ ਰਹੇ ਹਨ।