ਅੰਮ੍ਰਿਤਸਰ,14 ਦਸੰਬਰ (ਅਰਵਿੰਦਰ ਵੜੈਚ)- ਨੌਜਵਾਨ ਵਰਗ ਸਰੀਰਿਕ ਅਤੇ ਮਾਨਸਿਕ ਤੌਰ ਤੇ ਮਜਬੂਤ ਹੋਵੇਗਾ ਤਾਂ ਪੰਜਾਬ ਸਮੇਤ ਪੂਰਾ ਦੇਸ਼ ਸੁਰੱਖਿਅਤ ਤੇ ਖੁਸ਼ਹਾਲ ਹੋਵੇਗਾ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਨਾਰਥ ਦੇ ਐਮ.ਐਲ.ਏ ਸੁਨੀਲ ਦੱਤੀ ਵੱਲੋਂ ਕੀਤਾ ਗਿਆ। ਉਨ੍ਹਾਂ ਵੱਲੋਂ ਖੇਡਾਂ ਨੂੰ ਪ੍ਰਫੁਲਿਤ ਕਰਦੇ ਹੋਏ ਖਿਡਾਰੀਆਂ ਨੂੰ ਕ੍ਰਿਕਟ ਕਿੱਟਾਂ ਵੰਡੀਆਂ ਗਈਆਂ। ਉਹਨਾਂ ਦੇ ਨਾਲ ਯੁਵਾ ਕਾਂਗਰਸ ਦੇ ਪ੍ਰਧਾਨ ਅਦਿਤਯ ਦੱਤੀ,ਯੁਵਾ ਕਾਂਗਰਸੀ ਆਗੂ ਰਾਹੁਲ ਸ਼ਰਮਾ ਵੀ ਮੌਜੂਦ ਸਨ।
ਸੁਨੀਲ ਦੱਤੀ ਨੇ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਲਕਾ ਨਾਰਥ ਵਿਖੇ ਆਯੋਜਿਤ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਰਣਜੀਤ ਐਵੇਨਿਊ ਵਿਖੇ ਖੇਡ ਸਟੇਡੀਅਮ ਤਿਆਰ ਕਰਵਾਉਣ ਦਾ ਵੀ ਐਲਾਨ ਕੀਤਾ ਹੈ। ਖੇਡ ਸਟੇਡੀਅਮ ਤਿਆਰ ਹੋਣ ਦੇ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਨੌਜਵਾਨ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ। ਦੱਤੀ ਨੇ ਕਿਹਾ ਕਿ ਕ੍ਰਿਕਟ ਕਿੱਟਾ ਦੀ ਵੰਡ ਦੇ ਦੌਰਾਨ ਨੌਜਵਾਨਾਂ ਵੱਲੋਂ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਕਲਪ ਲਿਆ ਗਿਆ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੌਜਵਾਨਾਂ ਦੇ ਭਵਿੱਖ ਨੂੰ ਖੁਸ਼ਹਾਲ ਬਨਾਉਣ ਲਈ ਕੋਈ ਵੀ ਕਸਰ ਨਹੀਂ ਛੱਡੇਗੀ।