ਬੁਢਲਾਡਾ, 15 ਮਈ (ਦਵਿੰਦਰ ਸਿੰਘ ਕੋਹਲੀ) : ਸ਼ਹਿਰ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਵਲੋਂ ਮਾਂ ਦਿਵਸ ਨੂੰ ਸਮਰਪਿਤ ਇਕ ਵਿਚਾਰ ਗੋਸ਼ਟੀ ਕਰਵਾਈ ਗਈ, ਜਿਸ ਵਿੱਚ ਸ਼ਹਿਰ ਦੀਆਂ ਨਾਮਵਰ ਮਹਿਲਾਵਾਂ ਸਮੇਤ ਐਸੋਸੀਏਸ਼ਨ ਦੀਆਂ ਮੈਂਬਰ ਮਹਿਲਾਵਾਂ ਨੇ ਹਿੱਸਾ ਲਿਆ। ਪੰਜਾਬ ਗਿੱਧਿਆਂ ਦੀ ਰਾਣੀ ਮੈਡਮ ਜਸਵੀਰ ਕੌਰ ਵਿਰਦੀ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ। ਉਹਨਾਂ ਦੇ ਗੀਤ* ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਤੁਰ ਜਾਣਾ* ਨੇ ਮਾਹੋਲ ਨੂੰ ਭਾਵੁਕ ਕਰ ਦਿੱਤਾ। ਐਸੋਸੀਏਸ਼ਨ ਦੀ ਮਹਿਲਾ ਕਨਵੀਨਰ ਮੈਡਮ ਪ੍ਰੋਮਿਲਾ ਬਾਲਾ ਦੇ ਗੀਤ* ਅੱਜ ਦੀ ਦਿਹਾੜੀ ਡੋਲੀ ਰੱਖ ਲੈ ਨੀ ਮਾਂ* ਨੇ ਮਾਹੋਲ ਨੂੰ ਹੋਰ ਗਮਗੀਨ ਕਰ ਦਿੱਤਾ। ਇਸੇ ਤਰ੍ਹਾਂ ਮੈਡਮ ਅਨੀਤਾ ਰਾਣੀ, ਮਨਪ੍ਰੀਤ ਕੌਰ ਅਤੇ ਸ਼ਸ਼ੀ ਬਾਲਾ ਸ਼ੂਦ ਨੇ ਆਪਣੇ ਗੀਤ * ਮਾਂ ਹੁੰਦੀ ਹੈ ਮਾਂ * ਅਤੇ ਭਜਨਾਂ ਨਾਲ਼ ਸਮਾਂ ਬੰਨ੍ਹ ਦਿੱਤਾ। ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਵਿਚਾਰ ਗੋਸ਼ਟੀ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਮਾਂ ਸ਼ਬਦ ਸਿਰਫ ਮਮਤਾ ਦਾ ਭੰਡਾਰ ਹੀ ਨਹੀਂ ਬਲਕਿ ਆਪਣੇ ਬੱਚਿਆਂ ਦੇ ਭਵਿੱਖ ਲਈ ਚਾਨਣ ਮੁਨਾਰਾ ਹੈ। ਮਾਂ ਪ੍ਰੀਵਾਰ ਦੀਆਂ ਚਾਰ ਪੀੜ੍ਹੀਆਂ ਦੀ ਦੇਖਭਾਲ ਕਰਦੀ ਹੈ ਅਤੇ ਬਚਿਆਂ ਦੇ ਬੋਧਿਕ , ਸਰੀਰਕ ਅਤੇ ਮਾਨਸਿਕ ਵਿਕਾਸ ਲਈ ਉਸਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਇਸੇ ਤਰ੍ਹਾਂ ਵੱਖ-ਵੱਖ ਬੁਲਾਰਿਆਂ ਨੇ ਮਾਂ ਦੀ ਭੂਮਿਕਾ ਦੇ ਮਹੱਤਵ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਤੋਂ ਬਾਅਦ ਐਸੋਸੀਏਸ਼ਨ ਵੱਲੋਂ ਮਹਿਲਾਵਾਂ ਲਈ ਇਕ ਤੰਬੋਲਾ ਖੇਡ ਦਾ ਆਯੋਜਨ ਕੀਤਾ ਗਿਆ।ਇਸ ਖੇਡ ਵਿੱਚ ਜੇਤੂ ਰਹੀਆਂ ਮੈਡਮ ਨਿਸ਼ਾ, ਤਹਿਜ਼ੀਬ ਕੌਰ, ਵੀਨਾ ਰਾਣੀ, ਸੁਖਜੀਤ ਕੌਰ,ਮੈਡਮ ਪ੍ਰੋਮਿਲਾ ਬਾਲਾ, ਰਾਣੀ, ਮਨਪ੍ਰੀਤ ਕੌਰ ਅਤੇ ਮੈਡਮ ਪ੍ਰਵੀਨ। ਇਹਨਾਂ ਜੇਤੂਆਂ ਨੂੰ ਐਸੋਸੀਏਸ਼ਨ ਵੱਲੋਂ ਸਨਮਾਨ ਚਿੰਨ ਅਤੇ ਸ਼ਾਲ ਭੇਂਟ ਕੀਤੀ ਗਈ।ਮੁਖ ਮਹਿਮਾਨ ਮੈਡਮ ਜਸਵੀਰ ਵਿਰਦੀ ਸਮੇਤ ਵਿਸ਼ੇਸ਼ ਮਹਿਮਾਨ ਭਾਵਨਾ, ਅਮਿਤ ਪਾਲ ਕੌਰ, ਸੂਬੇਦਾਰ ਸੁਖਦੇਵ ਸਿੰਘ ਅਤੇ ਅਸ਼ੋਕ ਸਿੰਗਲਾ ਭੀਖੀ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਸੱਭ ਤੋਂ ਜ਼ਿਆਦਾ ਤਾਲੀਆਂ ਖੱਟੀਆਂ ,9 ਸਾਲਾ ਨੰਨ੍ਹੀ ਬੱਚੀ,ਨਵਨਿਆ ਨੇ, ਜਦੋਂ ਉਸਨੂੰ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਬੱਚੀ ਨੇ ਸਾਰੀਆਂ ਮਹਿਲਾਵਾਂ ਨੂੰ ਤੰਬੋਲਾ ਦੀ ਗੇਮ ਖਿਡਾਈ ਸੀ।ਅੰਤ ਵਿਚ ਚਾਹ ਪਕੌੜਿਆਂ ਨਾਲ ਇਸ ਸਮਾਰੋਹ ਦਾ ਸਮਾਪਨ ਹੋਇਆ। ਸਮਾਰੋਹ ਵਿਚ ਐਸੋਸੀਏਸ਼ਨ ਦੀਆਂ ਮਹਿਲਾ ਮੈਂਬਰਾਂ, ਪ੍ਰੋਮਿਲਾ ਬਾਲਾ ਜਸਵੀਰ ਕੌਰ,ਸਰੋਜ ਬਾਲਾ, ਵੀਨਾ ਰਾਣੀ,ਲਤਾ ਸਿੰਗਲਾ ਅਤੇ ਸ਼ਸ਼ੀ ਕਾਂਤਾ ਸ਼ੂਦ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਖੇਤਰਾਂ ਨਾਲ ਸਬੰਧਤ ਨਾਮਵਰ ਮਹਿਲਾਵਾਂ ਮੋਜੂਦ ਸਨ।