28 ਅਪਰੈਲ ਨੂੰ ਸੰਘਰਸ਼ ਦਾ ਹੋਵੇਗਾ ਐਲਾਨ
ਬੁਢਲਾਡਾ – 27 ਅਪ੍ਰੈਲ – (ਦਵਿੰਦਰ ਸਿੰਘ ਕੋਹਲੀ) – ਨਗਰ ਸੁਧਾਰ ਸਭਾ ਬੁਢਲਾਡਾ ਵੱਲੋਂ ਆਯੋਜਿਤ ਮਹਾਂ ਪੰਚਾਇਤ ਸ਼ਹਿਰ ਦੀ ਪੀ.ਐਨ.ਬੀ. ਰੋਡ ਉੱਪਰ ਨਜਾਇਜ ਉਸਾਰੀਆਂ ਨੂੰ ਹਟਾ ਕੇ ਚੌੜਾ ਨਾ ਕਰਨ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਸ਼ਹਿਰ ਦੇ ਪੁਰਾਣੇ ਨਕਸ਼ੇ ਮੁਤਾਬਕ ਨਜਾਇਜ਼ ਕਬਜਿਆਂ ਅਤੇ ਉਸਾਰੀਆਂ ਨਾ ਹਟਾਈਆਂ ਗੲੀਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਮਹਾਂ ਪੰਚਾਇਤ ਨੇ ਇਸ ਮਾਮਲੇ ‘ਤੇ ਸੰਘਰਸ਼ ਕਰਨ ਸਬੰਧੀ 21 ਮੈਂਬਰੀ ਪੀ.ਐਨ.ਬੀ.ਐਕਸ਼ਨ ਕਮੇਟੀ ਦਾ ਵੀ ਗਠਨ ਕੀਤਾ। ਇਸ ਮੌਕੇ ਨਗਰ ਸੁਧਾਰ ਸਭਾ ਦੇ ਸੀਨੀਅਰ ਆਗੂਆਂ ਪ੍ਰੇਮ ਸਿੰਘ ਦੋਦੜਾ , ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਸਤਪਾਲ ਸਿੰਘ ਕਟੌਦੀਆ , ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲਾ ਪ੍ਰਧਾਨ ਦਿਲਬਾਗ ਸਿੰਘ ਗੱਗੀ ਕਲੀਪੁਰ , ਕੌਂਸਲਰ ਨਰੇਸ਼ ਕੁਮਾਰ , ਤਰਜੀਤ ਸਿੰਘ ਚਹਿਲ , ਕੁਸ਼ ਸ਼ਰਮਾ , ਲਵਲੀ ਬੋੜਾਵਾਲੀਆ ਨੇ ਸਥਾਨਕ ਰਾਮਲੀਲਾ ਗਰਾਊਂਡ ਵਿੱਚ ਜੁੜੇ ਇਕੱਠ ਵਿੱਚ ਬੋਲਦਿਆਂ ਕਿਹਾ ਕਿ ਰੇਲਵੇ ਰੋਡ , ਰਾਮਲੀਲਾ ਗਰਾਊਂਡ ਨੇੜੇ ਗਲੀਆਂ ਅਤੇ ਸ਼ਹਿਰ ਵਿੱਚ ਹੋਰ ਥਾਵਾਂ ‘ਤੇ ਨਜਾਇਜ਼ ਕਬਜ਼ੇ ਅਤੇ ਉਸਾਰੀਆਂ ਬਿਨਾਂ ਪੱਖਪਾਤ ਹਟਾਈਆਂ ਗੲੀਆਂ ਸਨ ਪਰ ਪੀ.ਐਨ.ਬੀ.ਰੋਡ ਦੇ ਮਾਮਲੇ ਸੱਤਾਧਾਰੀ ਧਿਰ ਦੀ ਸ਼ਹਿ ‘ਤੇ ਸ਼ਰੇਆਮ ਪੱਖਪਾਤ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਨਜਾਇਜ਼ ਕਬਜ਼ੇ ਅਤੇ ਉਸਾਰੀਆਂ ਵਾਲੇ ਸਬੰਧਤ ਵਿਅਕਤੀਆਂ ਨੂੰ ਪਿਛਲੇ ਮਹੀਨੇ ਮਾਰਚ ਦੇ ਪਹਿਲੇ ਅਤੇ ਦੂਜੇ ਹਫਤੇ ਵਿੱਚ ਨੋਟਿਸ ਵੀ ਜਾਰੀ ਕੀਤੇ ਹੋਏ ਹਨ। ਪਰ ਬਿਨਾਂ ਕੋਈ ਕਾਰਵਾਈ ਕੀਤਿਆਂ ਕਥਿਤ ਤੌਰ ‘ਤੇ ਸਾਜਬਾਜ ਕਰਕੇ ਪੀ.ਐਨ.ਬੀ. ਰੋਡ ਦੇ ਨਿਰਮਾਣ ਦਾ ਕੰਮ ਆਰੰਭਿਆ ਹੋਇਆ ਹੈ। ਆਗੂਆਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਕਤ ਸਾਰਾ ਮਾਮਲਾ ਸੱਤਾਧਾਰੀ ਧਿਰ ਦੇ ਹਲਕਾ ਵਿਧਾਇਕ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਉਕਤ ਵਿਧਾਇਕ ਨੇ ਕਿਉਂ ਚੁੱਪ ਵੱਟੀ ਹੋਈ ਹੈ। ਆਗੂਆਂ ਨੇ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪੀ.ਐਨ.ਬੀ.ਰੋਡ ਦੇ ਮਾਮਲੇ ਵਿੱਚ ਇੰਨਸਾਫ ਨਾ ਦਿੱਤਾ ਗਿਆ ਤਾਂ 28 ਅਪਰੈਲ ਨੂੰ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਗਠਿਤ ਐਕਸ਼ਨ ਕਮੇਟੀ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਜਨਕ ਰਾਜ ਗੋਇਲ , ਤਰਜੀਤ ਸਿੰਘ ਚਹਿਲ , ਅਮਿਤ ਜਿੰਦਲ , ਹੈਪੀ ਗੋਇਲ , ਗੁਰਜੀਤ ਸਿੰਘ ਫੌਜੀ , ਕੌਂਸਲਰ ਸੁਭਾਸ਼ ਵਰਮਾ , ਹਰਦਿਆਲ ਸਿੰਘ ਦਾਤੇਵਾਸ , ਮਾ.ਰਘੁਨਾਥ ਸਿੰਗਲਾ , ਲਾਭ ਸਿੰਘ , ਦੀਪਾ ਸਿੰਗਲਾ ਆਦਿ ਦੀ ਚੋਣ ਕੀਤੀ ਗਈ।