ਈ-ਆਟੋ ਚਾਲਕਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਮਿਲ ਰਿਹਾ ਹੈ ਭਰਪੂਰ ਫਾਇਦਾ
ਅੰਮ੍ਰਿਤਸਰ 3 ਅਪ੍ਰੈਲ (ਰਾਜਿੰਦਰ ਧਾਨਿਕ) : ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਰਕਾਰ ਦੇ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਚਲਾਏ ਜਾ ਰਹੇ “ਰਾਹੀ ਸਕੀਮ” ਤਹਿਤ ਪੁਰਾਣੇ ਡੀਜ਼ਲ ਆਟੋ ਦੀ ਥਾਂ ਤੇ ਈ-ਆਟੋਅਪਨਾਉਣ ਵਾਲੇ ਚਾਲਕਾਂ ਦੇ ਪਰਿਵਾਰ ਦੀ ਇਕ ਔਰਤ ਨੂੰ ਫ੍ਰੀ ਹੁਨਰ ਸਿਖਲਾਈ ਸਕੀਮ ਅਧੀਨ ਵੱਖ-ਵੱਖ ਕੋਰਸਾਂ ਦੀ ਫ੍ਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਦੀ ਸਿਖਲਾਈ ਉਪਰੰਤ ਘਰ ਦੀਆਂ ਔਰਤਾਂ ਵੀ ਆਪਣਾ ਕੰਮਕਾਜ਼ ਖੋਲ ਕੇ ਪਰਿਵਾਰ ਦੀ ਕਮਾਈ ਵਿਚ ਆਪਣਾ ਯੌਗਦਾਨ ਪਾ ਸਕਦੀਆਂ ਹਨ। ਉਹਨਾਂ ਦੱਸਿਆ ਕਿ ਰਾਹੀ ਸਕੀਮ ਅਧੀਨ ਆਟੋ ਰਿਕਸ਼ਾ ਚਾਲਕਾਂ ਦੇ ਪਰਿਵਾਰ ਦੀਆਂ ਮਹਿਲਾ ਮੈਂਬਰਾਂ ਲਈ ਹੁਨਰ ਵਿਕਾਸ ਦੇ ਕੋਰਸ ਵੀ ਚਲਾਏ ਜਾ ਰਹੇ ਹਨ। ਇਹ ਕੋਰਸ ਅੰਮ੍ਰਿਤਸਰ ਆਟੋ ਰਿਕਸ਼ਾ ਸਹਿਕਾਰੀ ਟਰਾਂਸਪੋਰਟ ਸੁਸਾਇਟੀ ਲਿਮਟਿਡ ਦੇ ਸਹਿਯੋਗ ਨਾਲ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਦੁਆਰਾ ਚਲਾਏ ਜਾ ਰਹੇ ਹਨ। ਇਹ ਕੋਰਸ ਬੱਸ ਅੱਡੇ ਦੇ ਨੇੜੇ ਸਥਿਤ “ਆਲ ਇੰਡੀਆ ਵੁਮੈਨ ਕਾਨਫਰੰਸ” ਦੀ ਸ਼ਾਖਾ ਤੋਂ ਕੀਤੇ ਜਾ ਸਕਦੇ ਹਨ I ਜਿਸ ਦੇ ਲਈ ਲਾਭਪਾਤਰੀ ਨੂੰ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਦੇਣੀ ਪਵੇਗੀ। ਕੋਰਸ ਦੀਆਂ ਸਾਰੀਆਂ ਫੀਸਾਂ ਰਾਹੀ ਸਕੀਮ ਅਧੀਨ ਅੰਮ੍ਰਿਤਸਰ ਸਮਾਰਟ ਸਿਟੀ ਵੱਲੋਂ ਦਿੱਤੀਆਂ ਜਾਣਗੀਆਂ।
ਹੁਨਰ ਵਿਕਾਸ ਦੇ ਅਧੀਨ ਕੁੱਲ 4 ਕੋਰਸ ਕੀਤੇ ਜਾ ਸਕਦੇ ਹਨ ਜਿੰਨਾ ਵਿਚ ਕਟਿੰਗ ਐਂਡ ਟੇਲਰਿੰਗ, ਕੰਪਿਊਟਰ ਆਪਰੇਟਰ,ਬਿਊਟੀ ਪਾਰਲਰ , ਫੂਡ ਐਂਡ ਫਰੂਟ ਪ੍ਰੈਜ਼ੇਰਵੇਸ਼ਨ ਸ਼ਾਮਿਲ ਹਨ।
ਸਰਕਾਰ ਦੀ ਇਸ ਸਕੀਮ ਦਾ ਲੋਕਾਂ ਵੱਲੋਂ ਭਰਪੂਰ ਫਾਇਦਾ ਲਿਆ ਜਾ ਰਿਹਾ ਹੈ ਅਤੇ ਰੋਜਾਨਾ ਭਾਰੀ ਗਿਣਤੀ ਵਿਚ ਡੀਜ਼ਲ ਆਟੋ ਚਾਲਕ ਇਸ “ਰਾਹੀ ਸਕੀਮ” ਤਹਿਤ ਆਪਣੇ ਆਪ ਨੂੰ ਰਜਿਸਟਰਡ ਕਰਵਾ ਰਹੇ ਹਨ ਅਤੇ ਪੁਰਾਣੇ ਡੀਜ਼ਲ ਆਟੋ ਦੇ ਕੇ ਨਵੇਂ ਈ-ਆਟੋ ਅਪਨਾ ਰਹੇ ਹਨ ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਜਿਵੇਂਕਿ ਪ੍ਰਧਾਨਮੰਤਰੀ ਆਵਾਸ ਯੋਜਨਾ, ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਆਟਾ-ਦਾਲ ਸਕੀਮ, ਸਰਬਤ ਆਯੂਸ਼ਮਾਨ ਬੀਮਾ ਯੌਜਨਾ ਆਦਿ ਦਾ ਲਾਭ ਲੈ ਰਹੇ ਹਨ ਅਤੇ ਇਸੇ ਤਰ੍ਹਾਂ ਘਰ ਦੀ ਇਕ ਔਰਤ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਹੁਨਰ ਸਿਖਲਾਈ ਸਕੀਮ ਵਿਚ ਵੱਖ-ਵੱਖ ਤਰ੍ਹਾਂ ਦੇ ਫ੍ਰੀ ਕੋਰਸ ਕਰਕੇ ਆਪਣੇ ਪਰਿਵਾਰ ਦੀ ਆਮਦਨ ਵਿਚ ਯੋਗਦਾਨ ਪਾ ਰਹੀਆਂ ਹਨ ਜਿਸ ਦਾ ਸਾਰਾ ਖਰਚਾ ਸਮਾਰਟ ਸਿਟੀ ਵੱਲੋਂ ਦਿੱਤਾ ਜਾ ਰਿਹਾ ਹੈ ਜਦਕਿ ਇਹਨਾਂ ਕੋਰਸਾਂ ਨੂੰ ਕਰਨ ਲਈ ਬਾਜਾਰ ਵਿਚ ਹਜ਼ਾਰਾਂ ਰੁਪਏ ਫੀਸ ਦੇਣੀ ਪੈਂਦੀ ਹੈ।