ਜਨਤਾ ਦੀ ਕਾਨਾਫੂਸੀ…..
ਆਪ ਦੇ ਟਕਸਾਲੀ ਵਲੰਟੀਅਰ ਨਹੀਂ ਸਨ ਚਾਹੁੰਦੇ,ਕੋਈ ਉਨਾਂ ਦੇ ਹੱਕਾਂ ਤੇ ਡਾਕਾ ਮਾਰੇ
_________
ਅੰਮ੍ਰਿਤਸਰ,10 ਮਾਰਚ (ਪਵਿੱਤਰ ਜੋਤ)- ਦਿੱਲੀ ਦੀ ਸ਼ਰਾਬ ਨੀਤੀ ਵਿੱਚ ਪਾਈਆਂ ਜਾਣ ਵਾਲੀਆ ਕਮੀਆਂ ਪੇਸ਼ੀਆਂ ਦੇ ਸਖਤ ਅਰੋਪਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਕਈ ਰਾਜਨੀਤਿਕ ਭੂੰ ਮਾਰ ਪਟਾਕੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਵੀ ਚੱਲਣੇ ਸ਼ੁਰੂ ਹੋ ਚੁੱਕੇ ਹਨ। ਕਈਆਂ ਦੇ ਚਿਹਰੇ ਪੋਦੇ ਤੋਂ ਲਟਕਦੀ ਤੋਰੀ ਵਾਂਗੂੰ ਲਟਕਣੇ ਸ਼ੁਰੂ ਹੋ ਚੁੱਕੇ ਹਨ। ਜਨਤਾ ਦੀ ਕਾਨਾਫੂਸੀ ਦੀ ਗੱਲ ਮੰਨੀਏ ਤਾਂ ਮਨੀਸ਼ ਸਿਸੋਦੀਆ ਦੀ ਛੱਤਰ-ਛਾਇਆ ਦੇ ਹੇਠਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕਈ ਕੌਂਸਲਰ ਦਾ ਭਵਿੱਖ ਧੁੰਦਲਾ ਹੋਣਾ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੇ ਰਾਜਨੀਤਿਕ ਆਧਾਰ ਤੇ ਹੌਲੀ ਹੌਲੀ ਕਾਲੇ ਬੱਦਲ ਛਾ ਜਾਣ ਦੇ ਬਹੁਤ ਜ਼ਿਆਦਾ ਆਸਾਰ ਵੱਧ ਰਹੇ ਹਨ। ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਆਪਣਾ ਕੱਦ ਵੱਡਾ ਕਰਨ ਦੇ ਸੁਪਨੇ ਸਜਾਉਣ ਵਾਲੇ ਸ਼ਹਿਰ ਦੇ ਵੱਡੇ ਨੇਤਾ ਆਪਣੇ ਮਹਿਬੂਬ ਨੇਤਾ ਅਤੇ ਦਿੱਲੀ ਹਾਈਕਮਾਂਡ ਤੋਂ ਕਰੀਬ 40 ਸੀਟਾਂ ਤੇ ਆਪਣੇ ਸਾਥੀ ਲੜਾਉਣ ਦੇ ਸੁਪਨੇ ਸਜਾਈ ਬੈਠੇ ਸਨ। ਉਨ੍ਹਾਂ ਅੱਗੇ ਇੱਕ ਸਵਾਲੀਆ ਨਿਸ਼ਾਨ ਖੜਾ ਹੋ ਚੁੱਕਾ ਹੈ। ਹਾਲਾਂ ਕਿ ਇਸਦੇ ਨਾਲ ਆਮ ਆਦਮੀ ਪਾਰਟੀ ਦੇ ਪੁਰਾਣੇ ਟਕਸਾਲੀ ਆਗੂ ਅਤੇ ਵਲੰਟੀਅਰਾਂ ਦਾ ਭਵਿੱਖ ਠੀਕ ਨਜ਼ਰ ਆਉਣਾ ਸ਼ੁਰੂ ਹੋ ਚੁਕਾ ਹੈ। ਆਪ ਦੇ ਨਾਲ ਸਬੰਧਤ ਲੋਕਾਂ ਨੇ ਕਾਨਾਫੂਸੀ ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਅਰਪਿਤ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਕਈ ਨੇਤਾ ਅਤੇ ਵਲੰਟੀਅਰ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਅੰਦਰੋਂ ਅੰਦਰ ਬਰਦਾਸ਼ਤ ਨਹੀਂ ਕਰ ਰਹੇ ਹਨ। ਕਿਉਂਕਿ ਟਕਸਾਲੀ ਆਗੂ ਇਹ ਨਹੀਂ ਚਾਹੁੰਦੇ ਕਿ ਓਹਨਾ ਦੇ ਹੱਕਾਂ ਤੇ ਕੋਈ ਦੂਸਰੀ ਪਾਰਟੀ ਦਾ ਆ ਕੇ ਡਾਕਾ ਮਾਰੇ। ਹੋ ਸਕਦਾ ਹੈ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਗ੍ਰਿਫ਼ਤਾਰੀ ਰਿਹਾਈ ਵਿੱਚ ਘੱਟੋ-ਘੱਟ ਛੇ ਮਹੀਨੇ ਤੱਕ ਲੱਗ ਜਾਣ। ਜੱਦ ਕਿ ਨਗਰ ਨਿਗਮ ਚੋਣਾਂ ਦੋ ਤੋਂ ਤਿੰਨ ਮਹੀਨਿਆਂ ਵਿੱਚ ਹੋਣ ਦੇ ਆਸਾਰ ਵੱਧ ਰਹੇ ਹਨ। ਕਾਂਗਰਸ ਛੱਡ ਕੇ ਆਪ ਵਿੱਚ ਜਾਣ ਵਾਲੇ ਲੋਕ ਆਪਣੇ ਆਕਾ ਦੇ ਆਸ਼ੀਰਵਾਦ ਤੋਂ ਬਗੈਰ ਖੁਦ ਨੂੰ ਲੁਟਿਆ- ਲੁਟਿਆ ਮਹਿਸੂਸ ਕਰਨਗੇ। ਆਪ ਦੇ ਪੁਰਾਣੇ ਵਲੰਟੀਅਰ ਮੁਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਬੇਸ਼ੱਕ ਨਾਖੁਸ਼ ਹੋਣ ਪਰ ਘੱਟੋ-ਘੱਟ ਕਾਂਗਰਸ ਤੋਂ ਆਪ ਵਿੱਚ ਜਾਣ ਵਾਲੇ ਸਿਆਸੀ ਲੋਕਾਂ ਦੇ ਹੌਂਸਲੇ ਢੱਠਦੇ ਕੇ ਵੇਖ ਕੇ ਜ਼ਰੂਰ ਖੁਸ਼ ਹੁੰਦੇ ਹੋਣਗੇ। ਹਾਲਾਂ ਕਿ ਕਈ ਵਾਰਡਾਂ ਦੇ ਵਿੱਚ ਨਗਰ ਨਿਗਮ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰ ਬੇਕਫੁੱਟ ਤੇ ਹੁੰਦੇ ਵੀ ਨਜ਼ਰ ਆ ਰਹੇ ਹਨ। ਨਗਰ ਨਿਗਮ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੇ ਚਾਹਵਾਨ ਉਮੀਦਵਾਰ ਕਿਹੜੇ ਉੱਚ ਨੇਤਾਵਾਂ ਦੀ ਸ਼ਰਨ ਵਿੱਚ ਜਾਂਦੇ ਹਨ। ਇਸ ਦੇ ਲਈ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮਾਤ ਦੇਣ ਦੇ ਨਾਲ ਨਾਲ ਦੂਸਰੀਆਂ ਪਾਰਟੀਆਂ ਵਿੱਚੋਂ ਆਪ ਵਿੱਚ ਸ਼ਾਮਲ ਹੋਣ ਵਾਲੇ ਆਪਣੇ ਹੀ ਸਾਥੀਆਂ ਨੂੰ ਠਿੱਬੀ ਲਗਾ ਕੇ ਕਿਵੇਂ ਉਮੀਦਵਾਰੀ ਦੀਆਂ ਟਿਕਟਾਂ ਪ੍ਰਾਪਤ ਕਰਦੇ ਹਨ। ਦਿੱਲੀ ਵਿਚ ਮੁਨੀਸ਼ ਸ਼ਿਸ਼ੋਦੀਆ ਦੀ ਗ੍ਰਿਫਤਾਰੀ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਕੀ ਰੰਗ ਦਿਖਾਉਂਦੀ ਹੈ,ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।