300 ਵਿਦਿਆਰਥੀਆਂ ਨੂੰ ਵੰਡੇ ਸਕੂਲੀ ਬੈਗ, ਪਾਣੀ ਦੀਆਂ ਬੋਤਲਾਂ ਅਤੇ ਬੂਟ

0
12

 

ਬੁਢਲਾਡਾ, 1 ਮਾਰਚ (ਦਵਿੰਦਰ ਸਿੰਘ ਕੋਹਲੀ) : ਬੀਤੇ ਦਿਨੀਂ ਇੱਥੋਂ ਦੇ ਪਿੰਡ ਹਾਕਮਵਾਲਾ ਵਿਖੇ ਜ਼ਿਲ੍ਹੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਹਾਕਮਵਾਲਾ ਦੇ 300 ਵਿਦਿਆਰਥੀਆਂ ਨੂੰ ਸਕੂਲੀ ਬੈਗ, ਪਾਣੀ ਦੀਆਂ ਬੋਤਲਾਂ ਅਤੇ ਬੂਟ ਵੰਡੇ ਗਏ। ਗੱਲਬਾਤ ਕਰਦਿਆ ਨੇਕੀ ਫਾਉਂਡੇਸ਼ਨ ਦੀ ਟੀਮ ਨੇ ਦੱਸਿਆ ਕਿ ਇਹ ਸਾਰੀ ਸਮੱਗਰੀ ਸੈਪਸੈੱਟ ਕੌਂਸਟਰਕਸ਼ਨ ਲਿਮਟਿਡ (ਸੋਲਰ ਪਲਾਂਟ) ਦੇ ਸਹਿਯੋਗ ਨਾਲ ਸੀ ਐੱਸ ਆਰ ਵਿੱਤੀ ਸਾਲ 2022-23 ਦੇ ਅਧੀਨ ਸੰਸਥਾ ਨੂੰ ਪ੍ਰਾਪਤ ਹੋਈ ਅਤੇ ਸੰਸਥਾ ਵੱਲੋਂ ਪਿੰਡ ਹਾਕਮਵਾਲਾ ਦੇ ਲੋੜਵੰਦ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਵੰਡੀ ਗਈ। ਸਕੂਲ ਦੇ ਮੁੱਖ ਅਧਿਆਪਕ ਬਲਵਿੰਦਰ ਸਿੰਘ ਅਤੇ ਰਾਜਵੀਰ ਚੌਹਾਨ ਨੇ ਕਿਹਾ ਕਿ ਬਹੁਤ ਬੱਚੇ ਹਨ ਜੋ ਅਜਿਹਾ ਲੋੜੀਂਦਾ ਸਮਾਨ ਖਰੀਦਣ ਵਿੱਚ ਅਸਮਰੱਥ ਹੁੰਦੇ ਹਨ, ਪਰ ਅੱਜ ਉਹਨਾਂ ਨੂੰ ਵਧੀਆ ਕੁਆਲਟੀ ਦਾ ਸਾਮਾਨ ਮਿਲਿਆ ਹੈ ਅਤੇ ਸਾਰੇ ਬੱਚਿਆਂ ਦੇ ਚਿਹਰੇ ਖਿੜੇ ਹੋਏ ਹਨ। ਉਹਨਾਂ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ 157 ਅਤੇ ਹਾਈ ਸਕੂਲ ਦੇ 143 ਵਿਦਿਆਰਥੀਆਂ ਨੂੰ ਇਸਦਾ ਲਾਭ ਮਿਲਿਆ ਹੈ। ਇਸ ਮੌਕੇ ਬਲਾਕ ਸਿੱਖਿਆ ਅਫਸਰ ਅਮਨਦੀਪ ਸਿੰਘ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕਰਦਿਆਂ ਸੋਲਰ ਪਲਾਂਟ ਅਤੇ ਨੇਕੀ ਫਾਉਂਡੇਸ਼ਨ ਦੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ। ਸੈਪਸਟ ਕੌਂਸਟਰਕਸ਼ਨ ਲਿਮਟਿਡ ਦੇ ਸਥਾਨਕ ਪਲਾਂਟ ਦੇ ਮੈਨੇਜਰ ਲਕਸ਼ਮੀ ਨਰਾਇਣ ਅਤੇ ਡਿਪਟੀ ਮੈਨੇਜਰ ਉੱਤਮ ਮਲਿਕ ਨੇ ਭਰੋਸਾ ਦਿੱਤਾ ਕਿ ਅੱਗੇ ਵੀ ਉਹਨਾਂ ਦੀ ਕੰਪਨੀ ਵੱਲੋਂ ਸਿੱਖਿਆ ਅਤੇ ਸਿਹਤ ਵਾਸਤੇ ਇਲਾਕੇ ਨੂੰ ਸਹਿਯੋਗ ਮਿਲਦਾ ਰਹੇਗਾ। ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਕਿਹਾ ਕਿ ਆਉਣ ਵਾਲੀ 12 ਮਾਰਚ ਨੂੰ ਪਿੰਡ ਗਾਮੀਵਾਲਾ ਵਿਖੇ ਵੀ ਇੱਕ ਵੱਡਾ ਮੈਡੀਕਲ ਕੈੰਪ ਲਗਾਇਆ ਜਾ ਰਿਹਾ ਹੈ, ਜਿੱਥੇ 5 ਤੋਂ ਵੱਧ ਕਿਸਮਾਂ ਦੇ ਡਾਕਟਰ ਮੌਜ਼ੂਦ ਹੋਣਗੇ ਅਤੇ ਮੁਫ਼ਤ ਦਵਾਈਆਂ ਵੰਡੀਆਂ ਜਾਣਗੀਆਂ। ਇਸ ਮੌਕੇ ਗ੍ਰਾਮ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਸਥਾਨਕ ਕਲੱਬ ਮੈਂਬਰ ਅਤੇ ਪਿੰਡ ਦੇ ਪਤਿਵੰਤੇ ਮੌਜ਼ੂਦ ਸਨ।

NO COMMENTS

LEAVE A REPLY