ਆਜ਼ਾਦੀ ਦੇ 76 ਵਰ੍ਹੇ ਬਾਅਦ ਵੀ ਅੰਗਰੇਜ਼ ਸ਼ਾਸਕਾਂ ਦੇ ਨਾਂ ਬਣੇ ਮੁੱਖ ਸੜਕਾਂ ਅਤੇ ਚੌਂਕਾ ਦੀ ਪਹਿਚਾਣ:  ਡਾ: ਸੁਰਿੰਦਰ ਕੰਵਲ

0
16
ਨਾਂਅ ਨਾ ਬਦਲੇ ਜਾ ਸਕਣ ਕਾਰਨ ਲੋਕਾਂ ‘ਚ ਬਣਿਆ ਸਰਕਾਰ ਪ੍ਰਤੀ ਰੋਸ
ਅੰਮ੍ਰਿਤਸਰ, 23 ਫਰਵਰੀ (ਪਵਿੱਤਰ ਜੋਤ) :  : ਦੇਸ਼ ਦੀ ਆਜ਼ਾਦੀ ਦੇ ਲਗਭਗ 76 ਵਰ੍ਹੇ ਬੀਤ ਚੁਕੇ ਹਨ, ਇਸ ਦੇ ਬਾਵਜੂਦ ਤਤਕਾਲੀ ਅੰਗਰੇਜ਼ ਸ਼ਾਸਕਾਂ ਦੇ ਨਾਵਾਂ ‘ਤੇ ਰੱਖੇ ਸ਼ਹਿਰ ਦੇ ਚੌਂਕਾਂ, ਸੜਕਾਂ ਤੇ ਸਮਾਰਕਾਂ ਦੇ ਨਾਂਅ ਸੂਬਾ ਸਰਕਾਰ ਵਲੋਂ ਅਜੇ ਤਕ ਬਦਲੇ ਨਹੀਂ ਜਾ ਸਕੇ ਹਨ। ਪੰਜਾਬ ਭਾਜਪਾ ਦੀ ਸਹਿ ਮੀਡੀਆ ਇੰਚਾਰਜ ਡਾ: ਸੁਰਿੰਦਰ ਕੰਵਲ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਅਤੇ ਜਲ੍ਹਿਆਂਵਾਲਾ ਬਾਗ਼ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੇ ਭਾਰਤੀ ਯਾਤਰੂਆਂ ਅਤੇ ਵਿਸ਼ੇਸ਼ ਤੌਰ ‘ਤੇ ਤਤਕਾਲੀ ਅੰਗਰੇਜ ਹੁਕਮਰਾਨਾਂ ਦੇ ਅੱਤਿਆਚਾਰ ਆਪਣੇ ਪਿੰਡਿਆਂ ‘ਤੇ ਹੰਢਾਉਣ ਵਾਲੇ ਪੰਜਾਬੀਆਂ ਦੇ ਵਾਰਸਾਂ ਨੇ ਸੜਕਾਂ ਅਤੇ ਚੌਂਕਾਂ ਦੇ ਨਾਂ ਨਾ ਬਦਲੇ ਜਾਣ ‘ਤੇ ਸਖ਼ਤ ਇਤਰਾਜ ਜਤਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਾਗਰੂਕ ਸ਼ਹਿਰੀਆਂ ਦੀ ਵਾਰ-ਵਾਰ ਮੰਗ ‘ਤੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਅੰਗਰੇਜ਼ ਹਾਕਮਾਂ ਦੇ ਨਾਵਾਂ ‘ਤੇ ਰੱਖੇ ਕੁੱਝ ਸੜਕਾਂ ਅਤੇ ਸਮਾਰਕਾਂ ਦੇ ਨਾਂਅ ਭਾਰਤੀ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਂਅ ‘ਤੇ ਤਬਦੀਲ ਜ਼ਰੂਰ ਕੀਤੇ ਗਏ ਹਨ, ਪਰ ਇਹ ਕਾਰਵਾਈ ਸਿਰਫ਼ ਕਾਗ਼ਜ਼ਾਂ ਤਕ ਹੀ ਸਿਮਤ ਹੈ ਅਤੇ ਇਨ੍ਹਾਂ ਨਵੇਂ ਨਾਵਾਂ ਨੂੰ ਅਜੇ ਤਕ ਮਾਨਤਾ ਨਹੀਂ ਮਿਲ ਸਕੀ। ਜਿਸ ਦੇ ਚੱਲਦਿਆਂ ਅੱਜ ਵੀ ਸੜਕਾਂ, ਚੌਕਾਂ ਤੇ ਸਮਾਰਕਾਂ ਦੇ ਲਾਰੈਂਸ ਰੋਡ, ਮਿਕਲਿਉਡ ਰੋਡ, ਟੇਲਰ ਰੋਡ, ਕੂਪਰ ਰੋਡ, ਕੁਈਨਜ਼ ਰੋਡ, ਅਲਬਰਟ ਰੋਡ, ਕੰਪਨੀ ਬਾਗ਼, ਹਾਲ ਗੇਟ ਆਦਿ ਨਾਵਾਂ ਨੂੰ ਲੈ ਕੇ ਸ਼ਹਿਰਵਾਸੀਆਂ’ਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਰੋਸ ਬਰਕਰਾਰ ਹੈ।
ਡਾ: ਕੰਵਲ ਨੇ ਦੱਸਿਆ ਕਿ ਸਿਵਲ ਲਾਈਨਜ਼ (ਪੁਰਾਣਾ ਨਾਂਅ ਬ੍ਰਿਟਿਸ਼ ਲਾਈਨ) ਦੇ ਅਧੀਨ ਆਉਂਦੀ ਲਾਰੈਂਸ ਰੋਡ ਜੋ ਕਿ ਸੰਨ 1870 ਦੇ ਆਸ-ਪਾਸ ਜਿਹੇ ਹੋਂਦ ‘ਚ ਆਈ, ਦਾ ਨਿਰਮਾਣ ਨਵੀਂ ਜੇਲ੍ਹ (ਮੌਜੂਦਾ ਰੈੱਡ ਕਰਾਸ ਭਵਨ ਦੇ ਪਿਛਲੇ ਪਾਸੇ) ਦੇ ਨਾਲ ਸ਼ਹਿਰ ਦੇ ਬਾਕੀ ਇਲਾਕਿਆਂ ਨੂੰ ਜੋੜਨ ਲਈ ਮਿ. ਜੋਹਨ ਲਾਰੈਂਸ ਦੇ ਨਾਂਅ ‘ਤੇ ਕੀਤਾ ਗਿਆ। ਜੋਹਨ ਲਾਰੈਂਸ ਸੰਨ 1853 ‘ਚ ਪੰਜਾਬ ਪ੍ਰਸ਼ਾਸਨਿਕ ਬੋਰਡ ਦਾ ਮੈਂਬਰ ਬਣਿਆ ਅਤੇ ਉਸ ਤੋਂ ਬਾਅਦ ਸੰਨ 1858 ਤਕ ਚੀਫ਼ ਕਮਿਸ਼ਨਰ ਪੰਜਾਬ ਅਤੇ ਸੰਨ 1859 ‘ਚ ਪੰਜਾਬ ਦਾ ਲੈਫਟੀਨੇਂਟ ਗਵਰਨਰ ਬਣਿਆ। ਇਸ ਸੜਕ ਦਾ ਨਾਂਅ ਬਾਅਦ ‘ਚ ਭਾਈ ਵੀਰ ਸਿੰਘ ਮਾਰਗ ਰੱਖਿਆ ਗਿਆ, ਪਰ ਇਸ ਨਵੇਂ ਨਾਂਅ ਦਾ ਕੋਈ ਵੀ ਬੋਰਡ ਕਿਸੇ ਦੁਕਾਨ ਜਾਂ ਸਰਕਾਰੀ ਦਫ਼ਤਰ ਦੇ ਬਾਹਰ ਨਾ ਲੱਗਿਆ ਹੋਣ ਕਰਕੇ ਇਹ ਲੋਕਾਂ ਦੀ ਜ਼ੁਬਾਨ ‘ਤੇ ਨਹੀਂ ਚੜ੍ਹ ਸਕਿਆ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਪਹਿਲ ਕਿਲ੍ਹਾ ਰੋਡ ਨਾਂ ਨਾਲ ਜਾਣੀ ਜਾਂਦੀ ਸ਼ਹਿਰ ਦੀ ਮਿਕਲਿਉਡ ਰੋਡ ਦਾ ਨਾਂ ਸੰਨ 1853 ‘ਚ ਪੰਜਾਬ ਦੇ ਫਾਈਨਾਂਸ ਕਮਿਸ਼ਨਰ ਬਣੇ ਐਫ. ਡੀ. ਮਿਕਲਿਉਡ ਦੇ ਨਾਂਅ ‘ਤੇ ਰੱਖਿਆ ਗਿਆ। ਹਾਲਾਂਕਿ ਬਾਅਦ ‘ਚ ਪ੍ਰਸ਼ਾਸਨ ਵਲੋਂ ਇਸ ਦਾ ਨਾਂਅ ਪੰਡਿਤ ਲਾਲ ਚੰਦ ਚੰਗੋਤਰਾ ਦੇ ਨਾਂਅ ‘ਤੇ ਰੱਖ ਦਿੱਤਾ ਗਿਆ, ਪਰ ਇਸ ਇਲਾਕੇ ਦੇ ਲੋਕ ਵੀ ਇਸ ਨਵੇਂ ਨਾਂਅ ਤੋਂ ਜਾਣੂ ਨਹੀਂ ਹਨ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਗੁਰੂ ਰਾਮਦਾਸ ਜੀ ਦੇ ਨਾਂ ‘ਤੇ ਲਗਾਏ ਰਾਮ ਬਾਗ਼ ਨੂੰ ਬ੍ਰਿਟਿਸ਼ ਪ੍ਰਸ਼ਾਸਨ ਵਲੋਂ ਇਸਟ ਇੰਡੀਆ ਕੰਪਨੀ ਦੇ ਨਾਂਅ ‘ਤੇ ਜੋ ਕੰਪਨੀ ਬਾਗ ਦਾ ਨਾਂਅ ਦਿੱਤਾ ਗਿਆ, ਉਹ ਵੀ ਅਜੇ ਤਕ ਬਦਲਿਆ ਨਹੀਂ ਜਾ ਸਕਿਆ ਹੈ। ਇਸੇ ਤਰ੍ਹਾਂ ਸੰਨ 1873 ‘ਚ ਤਤਕਾਲੀ ਡਿਪਟੀ ਕਮਿਸ਼ਨਰ ਸੀ. ਐਚ. ਹਾਲ ਦੇ ਨਾਂਅ ਰੱਖੇ ਹਾਲ ਗੇਟ ਦਾ ਨਾਂਅ ਵੀ ਭਾਵੇਂ ਕਿ ਆਜ਼ਾਦੀ ਤੋਂ ਬਾਅਦ ਗਾਂਧੀ ਦਰਵਾਜ਼ਾ ਅਤੇ ਇਸ ਦੇ ਅੰਦਰ ਵੱਸੇ ਬਾਜਾਰ ਦਾ ਨਾਂਅ ਗਾਂਧੀ ਬਾਜ਼ਾਰ ਰੱਖਿਆ ਗਿਆ, ਪਰ ਉਕਤ ਦਰਵਾਜਾ ਅੱਜ ਵੀ ਹਾਲ ਗੇਟ ਅਤੇ ਇਸ ਦੇ ਅੰਦਰਲੀ ਮਾਰਕੀਟ ਹਾਲ ਬਾਜ਼ਾਰ ਵਜੋਂ ਪ੍ਰਸਿੱਧ ਹੈ। ਮਲਕਾ ਵਿਕਟੋਰੀਆ ਦੇ ਰਾਜ ਦੇ ਡਾਇਮੰਡ ਜੁਬਲੀ ਸਮਾਰੋਹ ਦੌਰਾਨ ਰੱਖਿਆ ਗਿਆ ਕੁਈਨਜ਼ ਰੋਡ ਦਾ ਨਾਂਅ ਵੀ ਅਜੇ ਤਕ ਬਦਲਿਆ ਨਹੀਂ ਜਾ ਸਕਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ‘ਚ ਸੰਨ 1857 ‘ਚ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲੇ ਤਤਕਾਲੀ ਡਿਪਟੀ ਕਮਿਸ਼ਨਰ ਫਰੈਡਰਿਕ ਹੈਰੀ ਕੂਪਰ ਦੇ ਨਾਂਅ ਰੱਖਿਆ ਕੂਪਰ ਰੋਡ, ਮਾਲ ਰੋਡ ਨੂੰ ਕੋਰਟ ਰੋਡ ਨਾਲ ਜੋੜਨ ਵਾਲੀ ਸੜਕ ਟੇਲਰ ਰੋਡ ਅਤੇ ਅਲਬਰਟ ਰੋਡ ਆਦਿ ਦੇ ਨਾਂਅ ਵੀ ਜਿਉਂ ਦੇ ਤਿਉਂ ਕਾਇਮ ਹਨ ਅਤੇ ਇਨ੍ਹਾਂ ਨੂੰ ਬਦਲਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ।

NO COMMENTS

LEAVE A REPLY