ਕਾਂਗਰਸ ਆਗੂ ਬਾਜਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫ਼ਰਜ਼ੀ ਕਹਿ ਕੇ ਦੇਸ਼ ਦਾ ਅਪਮਾਨ ਕੀਤਾ
ਕਸ਼ਮੀਰੀ ਨੌਜਵਾਨ ਗੰਨ ਦੀ ਥਾਂ ਪੈੱਨ ਅਪਣਾ ਕੇ ਕੇਂਦਰ ਸਰਕਾਰ ਪ੍ਰਤੀ ਭਰੋਸੇ ਦੀ ਇਬਾਰਤ ਲਿਖ ਰਹੇ ਹਨ
ਰਾਹੁਲ ਗਾਂਧੀ ਚਾਪਲੂਸਾਂ ਅਤੇ ਈਰਖਾਲੂ ਲੋਕਾਂ ਵਿਚ ਘਿਰਿਆ ਹੋਇਆ ’’ਭੈੜੇ ਭੈੜੇ ਯਾਰ ਮੇਰੀ ਫੱਤੋ ਦੇ’’
ਅੰਮ੍ਰਿਤਸਰ 22 ਜਨਵਰੀ (ਪਵਿੱਤਰ ਜੋਤ ) : ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ ਸਖ਼ਤ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਸਮਝਣਾ ਚਾਹੀਦਾ ਹੈ ਕਿ ਜੰਮੂ-ਕਸ਼ਮੀਰ ’ਚ ਉਨ੍ਹਾਂ ਦਾ ਬੇ-ਖੌਫ ਪੈਦਲ ਯਾਤਰਾ ਵੀ ਪ੍ਰਧਾਨ ਮੰਤਰੀ ਮੋਦੀ ਦੀ ਬਦੌਲਤ ਸੰਭਵ ਹੋਈ । ਕਿਉਂਕਿ ਇਸ ਤੋਂ ਪਹਿਲਾਂ ਗਾਂਧੀ ਪਰਿਵਾਰ ਦਾ ਕੋਈ ਵੀ ਮੈਂਬਰ ਉੱਥੇ ਪੈਰ ਰੱਖਣ ਬਾਰੇ ਵੀ ਨਹੀਂ ਸੋਚ ਸਕਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਦਾ ਕਸ਼ਮੀਰ ’ਚ ਪੈਰ ਰੱਖਿਆ ਜਾਣਾ ਉਸ ਵੱਲੋਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ’ਤੇ ਕਸ਼ਮੀਰ ਨੀਤੀ ’ਤੇ ਭਰੋਸੇ ਦਾ ਪ੍ਰਗਟਾਵਾ ਹੀ ਕਿਹਾ ਜਾਵੇਗਾ।
ਪ੍ਰੋ: ਸਰਚਾਂਦ ਸਿੰਘ ਨੇ ਨਰਵਾਲ ਬੰਬ ਧਮਾਕਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪਾਕਿਸਤਾਨ ਭਾਰਤ ਦੀ ਜੰਗੀ ਸੰਜਮ ਨੂੰ ਕਮਜ਼ੋਰੀ ਸਮਝਣ ਦੀ ਗ਼ਲਤੀ ਨਾ ਕਰੇ। ਭਾਰਤ ਦੀ ਅੱਤਵਾਦ ਖ਼ਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਅਤੇ ਸੀਮਾ ਪਾਰ ਜਾ ਕੇ ਕੀਤੇ ਗਏ ਸਰਜੀਕਲ ਸਟ੍ਰੈਕ ਨੂੰ ਨਾ ਭੁੱਲੇ। ਉਨ੍ਹਾਂ ਕਿਹਾ ਕਿ ਧਾਰਾ 370 ਦੇ ਖ਼ਤਮ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਸ਼ਮੀਰ ਨੂੰ ਪ੍ਰਮੁੱਖ ਏਜੰਡੇ ਵਿਚ ਸ਼ਾਮਿਲ ਕਰਦਿਆਂ ਅਨੇਕਾਂ ਸੁਧਾਰ ਅਤੇ ਵਿਕਾਸ ਕੀਤੇ ਜਾਣ ਨਾਲ ਤੋਂ ਪਾਕਿਸਤਾਨ ਘਬਰਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਸ਼ਮੀਰ ਵਾਦੀ ਵਿਚ ਬੁਨਿਆਦੀ ਢਾਂਚਾ, ਪੂੰਜੀ ਨਿਵੇਸ਼ ਅਤੇ ਉਦਯੋਗਿਕ ਵਿਕਾਸ ਹੋਣ ਨਾਲ ਰੁਜ਼ਗਾਰ ਅਤੇ ਖ਼ੁਸ਼ਹਾਲੀ ਦਾ ਨਵਾਂ ਦੌਰ ਗਤੀ ਫੜ੍ਹ ਚੁੱਕੀ ਹੈ। ਸ਼ਾਂਤੀ, ਕਾਰੋਬਾਰੀ ਮਾਹੌਲ ਅਤੇ ਸੁਰੱਖਿਆ ਯਕੀਨੀ ਬਣਾਏ ਜਾਣ ਕਾਰਨ ਸੈਰ ਸਪਾਟਾ ਉਦਯੋਗ ਨੂੰ ਬਲ ਮਿਲਿਆ ਹੈ। ਕਸ਼ਮੀਰੀ ਨੌਜਵਾਨ ਗੰਨ ਦੀ ਥਾਂ ਪੈੱਨ ਅਪਣਾ ਰਹੇ ਹਨ ਅਤੇ ਕੇਂਦਰ ਸਰਕਾਰ ਪ੍ਰਤੀ ਭਰੋਸੇ ਦੀ ਨਵੀਂ ਇਬਾਰਤ ਲਿਖੀ ਜਾ ਰਹੀ ਹੈ।
ਪ੍ਰੋ: ਸਰਚਾਂਦ ਸਿੰਘ ਨੇ ਬਿਆਨ ਨੂੰ ਜਾਰੀ ਰੱਖਦਿਆਂ ਕਿਹਾ ਕਿ ਵਿਅਕਤੀ ਦੀ ਪਹਿਚਾਣ ਉਸ ਦੀ ਸੰਗਤ ਤੋਂ ਹੁੰਦੀ ਹੈ, ਰਾਹੁਲ ਗਾਂਧੀ ਅਜੇ ਵੀ ਚਾਪਲੂਸ ਅਤੇ ਈਰਖਾਲੂ ਲੋਕਾਂ ਵਿਚ ਘਿਰਿਆ ਹੋਇਆ ਹੈ। ਉਸ ਲਈ ’’ਭੈੜੇ ਭੈੜੇ ਯਾਰ ਮੇਰੀ ਫੱਤੋ ਦੇ’’ ਵਾਲੀ ਕਹਾਵਤ ਪੂਰੀ ਤਰਾਂ ਢੁਕਦੀ ਹੈ। ਉਨ੍ਹਾਂ ਦੀ ਮੌਜੂਦਗੀ ਵਿਚ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਠਾਨਕੋਟ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫ਼ਰਜ਼ੀ ਕਹਿ ਕੇ ਕਾਂਗਰਸ ਪਾਰਟੀ ਦੇ ਫ਼ੈਸਲਿਆਂ ਦੀ ਨਾ ਕੇਵਲ ਅਲੋਚਨਾ ਕੀਤੀ ਗਈ ਅਤੇ ਖ਼ੂਬ ਪਰਖਚੇ ਉਡਾਏ ਗਏ ਸਗੋਂ ਦੇਸ਼ ਦਾ ਵੀ ਅਪਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਫ਼ਰਜ਼ੀ ਹੋਣ ਦਾ ਇਸ਼ਾਰਾ ਸਿੱਖ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵਲ ਹੈ ਤਾਂ ਸਿੱਖਾਂ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਮਾਰਨ ਲਈ ਰਾਹੁਲ ਅਤੇ ਸ: ਬਾਜਵਾ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮਾਮਲੇ ’ਤੇ ਰਾਹੁਲ ਚੁੱਪੀ ਕਾਂਗਰਸ ਦੀ ਸਿਆਸੀ ਕਦਰਾਂ ਕੀਮਤਾਂ ਦੇ ਨਿਘਾਰ ਦੇ ਸਿਖਰ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ’ਚ ਪੰਜਾਬੀਆਂ ਦਾ ਸਿਰ ਉੱਚਾ ਕਰਨ ਵਾਲੇ ਅਤੇ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ ਡਾ: ਮਨਮੋਹਨ ਸਿੰਘ ਨੇ ਆਪਣੀ ਕਾਬਲੀਅਤ, ਇਮਾਨਦਾਰੀ ਅਤੇ ਸ਼ਰਾਫਤ ਸਦਕਾ ਉੱਚਾ ਮੁਕਾਮ ਹਾਸਲ ਕੀਤਾ ਹੈ। ਵਿੱਤ ਮੰਤਰੀ ਹੁੰਦਿਆਂ ਵਿਦੇਸ਼ੀ ਮੁਦਰਾ ਸੰਕਟ ਨਾਲ ਨਜਿੱਠਿਆ ਅਤੇ ਦੇਸ਼ ਲਈ ਮਜ਼ਬੂਤ ਅਰਥਵਿਵਸਥਾ ਦੀ ਸ਼ੁਰੂਆਤ ਕੀਤੀ। ਕੋਈ ਵੀ ਸੱਚਾ ਪੰਜਾਬੀ ਉਸ ਵੱਲੋਂ ਪੰਜਾਬ ਲਈ ਕੀਤੀਆਂ ਗਈਆਂ ਸੇਵਾਵਾਂ ਅਤੇ ਉਪਲਬਧੀਆਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੇ ਜਾਦੂ ਦਾ ਅਸਰ ਖ਼ਤਮ ਹੋ ਚੁਕਾ ਹੈ। ਵੰਸ਼ਵਾਦੀ ਸੱਤਾ ਸਿਆਸਤ ਦੀ ਪਰੰਪਰਾ ਨੂੰ ਖ਼ਤਮ ਕਰਨ ’ਤੇ ਤੁਲੀ ਜਨਤਾ ਨੇ ਰਾਜਨੀਤਿਕ ਚੌਰਾਹੇ ’ਤੇ ਖੜੀ ਕਾਂਗਰਸ ਨੂੰ ਬੁਰੀ ਤਰਾਂ ਨਕਾਰਦਿਆਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਨਰਿੰਦਰ ਮੋਦੀ ’ਤੇ ਭਰੋਸਾ ਪ੍ਰਗਟਾਇਆ ਹੈ। ਬਾਜਵਾ ਆਪਣੇ ਆਕਾ ਦੀ ਵੰਸ਼ਵਾਦ ਨੂੰ ਅੱਗੇ ਤੋਰਨ ਲਈ ਤਰਲੋਮੱਛੀ ਹੈ ਪਰ ਰਾਹੁਲ ਨੂੰ ਲੋਕਾਂ ਵੱਲੋਂ ਨਾ ਕੋਈ ਮਹੱਤਵ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਉਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਬਾਜਵਾ ਵਰਗੇ ਬੇਸ਼ੱਕ ਯੁਵਰਾਜ ਦਾ ਨੱਕ ਬਚਾਉਣ ਲਈ ਕੁਝ ਵੀ ਕਰ ਲੈਣ, ਕਾਂਗਰਸ ’ਚ ਕੋਈ ਸੁਧਾਰ ਨਹੀਂ ਆਉਣ ਲਗਾ।